Friday, November 22, 2024

ਸਿੰਘ ਘਟਨਾ ਦੀ ਜਾਂਚ ਕਰਕੇ ਸਾਰੇ ਪੱਖ ਸਾਹਮਣੇ ਲਿਆਉਣੇ ਜਰੂਰੀ – ਗਿਆਨੀ ਹਰਪ੍ਰੀਤ ਸਿੰਘ

ਕਿਹਾ, ਕਾਨੂੰਨ ਦੇ ਰਾਜ ਦੀ ਅਸਫਲਤਾ ਦਾ ਸਿੱਟਾ ਹੈ ਸਿੰਘੂ ਬਾਰਡਰ ਘਟਨਾ

ਅੰਮ੍ਰਿਤਸਰ, 18 ਅਕਤੂਬਰ (ਪੰਜਾਬ ਪੋਸਟ ਬਿਊਰੋ) – ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜ਼ਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਬੀਤੇ ਦਿਨੀ ਸਿੰਘੂ ਬਾਰਡਰ ‘ਤੇ ਵਾਪਰੀ ਘਟਨਾ ਨੂੰ ਕਾਨੂੰਨ ਦੇ ਰਾਜ ਦੀ ਅਸਫਲਤਾ ਦਾ ਸਿੱਟਾ ਕਰਾਰ ਦਿੰਦਿਆਂ ਇਸ ਘਟਨਾ ਦੇ ਪਹਿਲੂਆਂ ਅਤੇ ਪਿਛੋਕੜ ਦੀ ਗੰਭੀਰਤਾ ਨਾਲ ਜਾਂਚ ਕਰਕੇ ਸਾਰੀ ਸੱਚਾਈ ਸਾਹਮਣੇ ਲਿਆਉਣ ਦੀ ਮੰਗ ਕੀਤੀ ਹੈ ਤਾਂ ਜੋ ਦੁਨੀਆ ਸਾਹਮਣੇ ਸਿੱਖ ਕੌਮ ਦਾ ਸਹੀ ਪੱਖ ਪੇਸ਼ ਕੀਤਾ ਜਾ ਸਕੇ।ਉਨ੍ਹਾਂ ਸਰਕਾਰ ਤੇ ਪੁਲਿਸ ਨੂੰ ਵੀ ਕਿਹਾ ਕਿ ਸਿੰਘੂ ਬਾਰਡਰ ਘਟਨਾ ਦੀ ਧਾਰਮਿਕ ਸੰਵੇਦਨਸ਼ੀਲਤਾ ਤੇ ਭਾਵਨਾਤਮਕ ਗੰਭੀਰਤਾ ਨੂੰ ਵੇਖਦਿਆਂ ਇਸ ਨੂੰ ਸਿਰਫ ਅਮਨ ਤੇ ਕਾਨੂੰਨ ਦੇ ਮਸਲੇ ਵਜੋਂ ਨਾ ਲਿਆ ਜਾਵੇ।ਉਨ੍ਹਾਂ ਮੀਡੀਆ ਨੂੰ ਵੀ ਸਿੰਘੂ ਬਾਰਡਰ ਦੀ ਘਟਨਾ ਦੇ ਅਧੂਰੇ ਪੱਖ ਦਿਖਾ ਕੇ ਸਿੱਖਾਂ ਦਾ ਅਕਸ ਖ਼ਰਾਬ ਕਰਨ ਤੋਂ ਗੁਰੇਜ਼ ਕਰਨ ਦੀ ਨਸੀਹਤ ਦਿੰਦਿਆਂ ਆਖਿਆ ਕਿ ਮੀਡੀਆ ਦਾ ਕੰਮ ਹਰੇਕ ਪੱਖ ਨੂੰ ਪੇਸ਼ ਕਰਕੇ ਸਿੱਟਾ ਕੱਢਣ ਦਾ ਫੈਸਲਾ ਪਾਠਕਾਂ ‘ਤੇ ਛੱਡਣਾ ਹੁੰਦਾ ਹੈ, ਨਾ ਕਿ ਖੁਦ ਹੀ ਜੱਜ ਬਣ ਕੇ ਫੈਸਲਾ ਸੁਣਾਉਣਾ।
                  ਗਿਆਨੀ ਹਰਪ੍ਰੀਤ ਸਿੰਘ ਨੇ ਜਾਰੀ ਲਿਖਤੀ ਬਿਆਨ ਵਿੱਚ ਆਖਿਆ ਕਿ ਸਿੰਘੂ ਬਾਰਡਰ ਵਿਖੇ 15 ਅਕਤੂਬਰ ਨੂੰ ਤੜਕੇ ਵਾਪਰੀ ਘਟਨਾ ਦੇ ਪਿਛੋਕੜ ਵਿਚ ਪਿਛਲੇ ਪੰਜ-ਛੇ ਸਾਲਾਂ ਦੌਰਾਨ ਪੰਜਾਬ ਵਿਚ 400 ਤੋਂ ਵੱਧ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਵਾਪਰ ਚੁੱਕੀਆਂ ਘਟਨਾਵਾਂ ਹਨ।ਜਿਨ੍ਹਾਂ ਵਿਚ ਕਾਨੂੰਨ ਕਿਸੇ ਇਕ ਵੀ ਦੋਸ਼ੀ ਨੂੰ ਅਜਿਹੀ ਮਿਸਾਲੀ ਸਜ਼ਾ ਨਹੀਂ ਦੇ ਸਕਿਆ ਜੋ ਸਿੱਖਾਂ ਦੇ ਜਖ਼ਮਾਂ ‘ਤੇ ਮਰਹੱਮ ਲਗਾਉਣ ਦਾ ਕੰਮ ਕਰਦੀ।ਉਨ੍ਹਾਂ ਕਿਹਾ ਕਿ ਸਿੱਖਾਂ ਲਈ ਆਪਣੇ ਜਾਗਤ-ਜੋਤ ਇਸ਼ਟ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਉੱਪਰ ਕੁੱਝ ਵੀ ਨਹੀਂ ਹੈ, ਪਰ ਜਿਸ ਤਰ੍ਹਾਂ ਪਿਛਲੇ ਸਮੇਂ ਤੋਂ ਲਗਾਤਾਰ ਬੇਅਦਬੀ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ ਅਤੇ ਦੋਸ਼ੀਆਂ ਨੂੰ ਮਾਨਸਿਕ ਰੋਗੀ ਕਹਿ ਕੇ ਪੂਰੀ ਸਾਜਿਸ਼ ਨੂੰ ਨੰਗਾ ਕਰਨ ਤੋਂ ਕਾਨੂੰਨ ਵਿਵਸਥਾ ਅਸਮਰੱਥਾ ਜਤਾਉਂਦੀ ਆ ਰਹੀ ਹੈ, ਉਸ ਨਾਲ ਸਿੱਖਾਂ ਦੀ ਕਾਨੂੰਨ ਪ੍ਰਤੀ ਭਰੋਸੇ ਦੀ ਭਾਵਨਾ ਨੂੰ ਭਾਰੀ ਠੇਸ ਪਹੁੰਚੀ ਹੈ।
                   ਗਿਆਨੀ ਹਰਪ੍ਰੀਤ ਸਿੰਘ ਨੇ ਆਖਿਆ ਕਿ ਸੰਯੁਕਤ ਰਾਸ਼ਟਰ ਸੰਘ ਵਲੋਂ ਬਣਾਏ ਮਨੁੱਖੀ ਹੱਕਾਂ ਦੇ ਆਲਮੀ ਐਲਾਨਨਾਮੇ ਦੀ ਮੁੱਢਲੀ ਭੂਮਿਕਾ ਵਿੱਚ ਵੀ ਲਿਖਿਆ ਹੈ ਕਿ , ‘ਕੋਈ ਵੀ ਮਨੁੱਖ ਹਿੰਸਕ ਰਸਤੇ ‘ਤੇ ਤਦ ਹੀ ਤੁਰਦਾ ਹੈ, ਜੇਕਰ ਕਾਨੂੰਨ ਦਾ ਰਾਜ ਉਸ ਦੇ ਮਨੁੱਖੀ ਹੱਕਾਂ ਨੂੰ ਸੁਰੱਖਿਅਤ ਰੱਖਣ ‘ਚ ਅਸਫਲ ਹੋ ਜਾਂਦਾ ਹੈ।’ ਇਸ ਤਰ੍ਹਾਂ ਪਿਛਲੇ ਸਮੇਂ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਸਿੱਖਾਂ ਲਈ ਅਸਹਿਣਯੋਗ ਘਟਨਾਵਾਂ ਦੇ ਮਾਮਲੇ ਵਿਚ ਸਿੱਖਾਂ ਨੂੰ ਇਨਸਾਫ਼ ਦੇਣ ‘ਚ ਭਾਰਤੀ ਨਿਆਂਪਾਲਿਕਾ ਦੀ ਅਸਫਲਤਾ ਵਿਚੋਂ ਹੀ ਸਿੰਘੂ ਬਾਰਡਰ ਦੀ ਘਟਨਾ ਦਾ ਜਨਮ ਹੋਇਆ ਹੈ। ਉਨ੍ਹਾਂ ਕਿਹਾ ਕਿ ਕਿਸੇ ਨਿਰਪੱਖ ਏਜੰਸੀ ਕੋਲੋਂ ਸਿੰਘੂ ਬਾਰਡਰ ਦੀ ਘਟਨਾ ਦੇ ਸਾਰੇ ਪਹਿਲੂਆਂ ਤੋਂ ਬਾਰੀਕੀ ਨਾਲ ਜਾਂਚ ਹੋਣੀ ਚਾਹੀਦੀ ਹੈ ਤਾਂ ਜੋ ਇਸ ਘਟਨਾ ਦੇ ਪਿਛੋਕੜ ਨਾਲ ਜੁੜੀ ਸਾਰੀ ਸੱਚਾਈ ਸੰਗਤ ਵਿੱਚ ਲਿਆਂਦੀ ਜਾ ਸਕੇ ਅਤੇ ਕਿਸੇ ਵੀ ਤਰ੍ਹਾਂ ਦੀ ਸਾਜ਼ਿਸ਼ ਤੇ ਇਸ ਦੇ ਪਿੱਛੇ ਕੰਮ ਕਰਦੀਆਂ ਤਾਕਤਾਂ ਦੇ ਮਕਸਦ ਨੂੰ ਬੇਪਰਦਾ ਕੀਤਾ ਜਾ ਸਕੇ।
                     ਉਨ੍ਹਾਂ ਇਹ ਵੀ ਖ਼ਦਸ਼ਾ ਪ੍ਰਗਟ ਕੀਤਾ ਕਿ ਜਿਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਨਾਲ ਸਿੱਖਾਂ ਦੀਆਂ ਭਾਵਨਾਵਾਂ ਨੂੰ ਲਾਂਬੂ ਲਾਉਣ ਦੀਆਂ ਕੋਝੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਉਥੇ ਇਨ੍ਹਾਂ ਘਟਨਾਵਾਂ ਪਿਛੇ ਪੰਜਾਬ ਵਿਚ ਫਿਰਕੂ ਤੇ ਜਾਤੀਵਾਦ ਦਾ ਬਿਖੇੜਾ ਖੜ੍ਹਾ ਕਰਕੇ ਭਾਈਚਾਰਕ ਖਾਨਾਜ਼ੰਗੀ ਵਾਲੇ ਹਾਲਾਤ ਪੈਦਾ ਕਰਨ ਦੀਆਂ ਚਾਲਾਂ ਵੀ ਹੋ ਸਕਦੀਆਂ ਹਨ।ਉਨ੍ਹਾਂ ਕਿਹਾ ਕਿ ਕਾਨੂੰਨ ਨੂੰ ਆਪਣਾ ਕੰਮ ਕਰਨ ਤੋਂ ਸਿੱਖ ਕਦੇ ਵੀ ਨਹੀਂ ਰੋਕਦੇ, ਪਰ ਕਾਨੂੰਨ ਦਾ ਫਰਜ਼ ਵੀ ਬਣਦਾ ਹੈ ਕਿ ਉਹ ਸਿੱਖਾਂ ਨਾਲ ਇਨਸਾਫ਼ ਕਰੇ।ਇਸ ਦੇ ਨਾਲ ਗਿਆਨੀ ਹਰਪ੍ਰੀਤ ਸਿੰਘ ਨੇ ਹਰਿਆਣਾ ਤੇ ਪੰਜਾਬ ਪੁਲਿਸ ਨੂੰ ਵੀ ਕਿਹਾ ਕਿ ਉਹ ਨਿਰਪੱਖਤਾ ਨਾਲ ਇਸ ਘਟਨਾ ਦੀ ਜਾਂਚ ਜਰੂਰ ਕਰੇ, ਪਰ ਕਿਸੇ ਵੀ ਬੇਕਸੂਰ ਸਿੱਖ ਨੂੰ ਤੰਗ-ਪ੍ਰੇਸ਼ਾਨ ਕਰਨ ਤੋਂ ਗੁਰੇਜ਼ ਕੀਤਾ ਜਾਵੇ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …