Tuesday, March 31, 2026

ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਸਰਕਾਰੀ ਦਫਤਰਾਂ ਦੀ ਵੱਡੀ ਪੱਧਰ ’ਤੇ ਅਚਨਚੇਤ ਚੈਕਿੰਗ

ਗੈਰਹਾਜ਼ਰ ਪਾਏ ਗਏ ਕਰਮਚਾਰੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ, ਸਖਤ ਕਾਰਵਾਈ ਦੇ ਹੁਕਮ

ਕਪੂਰਥਲਾ, 18 ਅਕਤੂਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਦੇ ਹੁਕਮਾਂ ਮੁਤਾਬਿਕ ਸਰਕਾਰੀ ਦਫਤਰਾਂ ਵਿੱਚ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਸਮੇਂ ਸਿਰ ਹਾਜ਼ਰੀ ਯਕੀਨੀ ਬਣਾਉਣ ਦੇ ਮਕਸਦ ਨਾਲ ਅੱਜ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਦੀ ਅਗਵਾਈ ਹੇਠ ਵੱਖ-ਵੱਖ ਟੀਮਾਂ ਵਲੋਂ ਜਿਲ੍ਹੇ ਭਰ ਦੇ ਸਰਕਾਰੀ ਦਫਤਰਾਂ ਤੇ ਸਕੂਲਾਂ ਆਦਿ ਦੀ ਚੈਕਿੰਗ ਕੀਤੀ ਗਈ।
                   ਡਿਪਟੀ ਕਮਿਸ਼ਨਰ ਵਲੋਂ ਸਵੇਰੇ ਖੁਦ 9.07 ਮਿੰਟ ’ਤੇ ਚੈਕਿੰਗ ਮੁਹਿੰਮ ਦੀ ਸ਼ੁਰੂਆਤ ਕਾਦੂਪੁਰ ਸਰਕਾਰੀ ਸਕੂਲ ਤੋਂ ਕੀਤੀ ਗਈ, ਜਦਕਿ ਐਸ.ਡੀ.ਐਮ ਵਲੋਂ ਵੀ ਤਹਿਸੀਲ ਪੱਧਰ ਦੇ ਦਫਤਰਾਂ ਵਿੱਚ ਅਚਨਚੇਤ ਜਾਂਚ ਕੀਤੀ ਗਈ।
                    ਡੀ.ਸੀ ਵਲੋਂ ਸਮੂਹ ਐਸ.ਡੀ.ਐਮ ਤੇ ਹੋਰਨਾਂ ਅਧਿਕਾਰੀਆਂ ਕੋਲੋਂ ਜਾਂਚ ਰਿਪੋਰਟਾਂ ਤਲਬ ਕੀਤੀਆਂ ਗਈਆਂ ਹਨ ਅਤੇ ਗੈਰਹਾਜ਼ਰ ਤੇ ਡਿਊਟੀ ਵਿਚ ਅਣਗਿਹਲੀ ਕਰਨ ਵਾਲੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਹਨ।
                 ਡਿਪਟੀ ਕਮਿਸ਼ਨਰ ਵਲੋਂ ਕਰਮਚਾਰੀਆਂ ਨੂੰ ਸਖਤ ਤਾੜਨਾ ਕੀਤੀ ਗਈ ਹੈ ਕਿ ਡਿਊਟੀ ਵਿੱਚ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਡਿਊਟੀ ਪ੍ਰਤੀ ਸੰਜ਼ੀਦਗੀ ਨਾ ਦਿਖਾਉਣ ਵਾਲਿਆਂ ਵਿਰੁੱਧ ਸਖਤ ਵਿਭਾਗੀ ਤੇ ਪ੍ਰਸ਼ਾਸ਼ਕੀ ਕਾਰਵਾਈ ਕੀਤੀ ਜਾਵੇਗੀ।
                  ਡਿਪਟੀ ਕਮਿਸ਼ਨਰ ਵਲੋਂ ਕਾਦੂਪੁਰ ਵਿਖੇ ਸਰਕਾਰੀ ਸਕੂਲਾਂ, ਆਂਗਣਵਾੜੀ ਕੇਂਦਰ ਤੇ ਪੋਲਿੰਗ ਬੂਥ ਦੀ ਅਚਨਚੇਤ ਜਾਂਚ ਕੀਤੀ ਗਈ।ਉਨ੍ਹਾਂ ਸਰਕਾਰੀ ਐਲੀਮੈਂਟਰੀ ਸਕੂਲ ਕਾਦੂਪੁਰ ਵਿਖੇ ਰੌਸ਼ਨੀ ਦੇ ਪੁਖਤਾ ਪ੍ਰਬੰਧ ਨਾ ਹੋਣ ’ਤੇ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਨੂੰ ਹਦਾਇਤ ਕੀਤੀ ਕਿ ਉਹ ਤੁਰੰਤ ਲੋੜੀਂਦੇ ਪ੍ਰਬੰਧ ਕਰਨ।
                    ਇਸੇ ਦੌਰਾਨ ਆਂਗਣਵਾੜੀ ਕੇਂਦਰ ਵਿਖੇ ਹਰਜੀਤ ਕੌਰ ਵਰਕਰ ਗੈਰਹਾਜ਼ਰ ਪਾਈ ਗਈ, ਜਿਸ ਬਾਰੇ ਜਿਲ੍ਹਾ ਪ੍ਰੋਗਰਾਮ ਅਫਸਰ ਨੂੰ ਕਾਰਵਾਈ ਦੇ ਹੁਕਮ ਦਿੱਤੇ ਗਏ ਹਨ।ਇਸ ਤੋਂ ਇਲਾਵਾ ਆਂਗਣਵਾੜੀ ਕੇਂਦਰ ਦੀ ਮੁਰੰਮਤ ਦੇ ਵੀ ਹੁਕਮ ਦਿੱਤੇ ਗਏ ਹਨ।
               ਸਰਕਾਰੀ ਸਕੂਲ ਕਾਦੂਪੁਰ ਵਿਖੇ ਬਣੇ ਪੋਲਿੰਗ ਬੂਥ ਵਿਚ ਊਣਤਾਈਆਂ ਕਰਕੇ ਚੋਣ ਤਹਿਸੀਲਦਾਰ ਨੂੰ ਇਹ ਬੂਥ ਬਦਲਣ ਦੇ ਨਿਰਦੇਸ਼ ਦਿੱਤੇ ਗਏ ਹਨ।
ਵਧੀਕ ਡਿਪਟੀ ਕਮਿਸ਼ਨਰ ਵਿਕਾਸ ਐਸ.ਪੀ ਆਂਗਰਾ ਵਲੋਂ ਵੀ ਜਿਲ੍ਹਾ ਪ੍ਰੀਸ਼ਦ ਦਫਤਰ ਤੇ ਡੀ.ਡੀ.ਪੀ.ਓ ਦਫਤਰ ਦੀ ਜਾਂਚ ਕੀਤੀ ਗਈ।ਜਿਲ੍ਹਾ ਪ੍ਰੀਸ਼ਦ ਦਫਤਰ ਵਿਖੇ 2 ਕਰਮਚਾਰੀ ਗੈਰਹਾਜ਼ਰ ਪਾਏ ਗਏ, ਜਿਨ੍ਹਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਹਨ।
             ਐਸ.ਡੀ.ਐਮ ਸੁਲਤਾਨਪੁਰ ਲੋਧੀ ਵਲੋਂ ਸਵੇਰੇ 9.12 ਵਜੇ ਖਜਾਨਾ ਦਫਤਰ ਤੋਂ ਬਾਅਦ ਬੀ.ਪੀ.ਈ.ਓ-1 ਤੇ 2 ਦੀ ਅਚਨਚੇਤ ਚੈਕਿੰਗ ਕੀਤੀ ਗਈ।ਇਸ ਮੌਕੇ ਗਗਨਦੀਪ ਸਿੰਘ ਅਕਾਊਂਟੈਂਟ, ਪਰਮਜੀਤ ਕੌਰ ਐਮ.ਆਈ.ਐਸ, ਭੁਪਿੰਦਰ ਸਿੰਘ ਬੀ.ਪੀ.ਈ.ਓ-2, ਰਵਨੀਤ ਕੌਰ ਕਲਰਕ, ਹਰਪ੍ਰੀਤ ਕੌਰ ਪੀ.ਟੀ.ਆਈ, ਰਮੇਸ਼ ਕੁਮਾਰ ਡਾਟਾ ਐਂਟਰੀ ਤੇ ਨਵਰੋਜ਼ ਕਲਰਕ ਗੈਰਹਾਜ਼ਰ ਪਾਏ ਗਏ।ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਤੇ ਬੀ.ਡੀ.ਪੀ.ਓ ਦਫਤਰ ਦੀ ਵੀ ਚੈਕਿੰਗ ਕੀਤੀ ਗਈ।

Check Also

ਮੁੱਖ ਮੰਤਰੀ ਸਿਹਤ ਯੋਜਨਾ ਅਧੀਨ 30.51 ਲੱਖ ਤੋਂ ਵੱਧ ਪਰਿਵਾਰਾਂ ਨੂੰ ਕੀਤਾ ਰਜਿਸਟਰ – ਚੇਅਰਮੈਨ ਛੀਨਾ

ਅੰਮ੍ਰਿਤਸਰ, 30 ਮਾਰਚ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ …