ਸਰਕਾਰ ਮੁਲਾਜ਼ਮਾਂ ਨਾਲ ਕਰ ਰਹੀ ਹੈ ਮਤਰੇਈ ਮਾਂ ਵਾਲਾ ਸਲੂਕ – ਸਿੱਧੂ
ਸੰਗਰੂਰ, 20 ਅਕਤੂਬਰ (ਜਗਸੀਰ ਲੌਂਗੋਵਾਲ) – ਪੈਨਸ਼ਨਰਾਂ ਵਲੋਂ ਛੇਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਅਤੇ ਤਰੁੱਟੀਆਂ ਦੂਰ ਕਰਨ ਲਈ ਮੋਰਿੰਡਾ ਦੇ ਬੱਸ ਸਟੈਂਡ ਨੇੜੇ ਪੱਕਾ ਮੋਰਚਾ ਲਾਇਆ ਗਿਆ ਹੈ।ਜਿਸ ਵਿੱਚ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਸੁਨਾਮ ਦੇ ਸਾਥੀਆਂ ਵਲੋਂ ਪ੍ਰੇਮ ਚੰਦ ਅਗਰਵਾਲ ਦੀ ਪ੍ਰਧਾਨਗੀ ਹੇਠ ਸੁਨਾਮ ਤੋਂ ਜਥਾ ਰਵਾਨਾ ਹੋਇਆ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੈਨਸ਼ਨਰ ਸੰਸਥਾ ਸੁਨਾਮ ਦੇ ਜਨਰਲ ਸਕੱਤਰ ਸ਼ਮਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਪਿਛਲੇ ਚਾਰ ਸਾਲਾਂ ਤੋਂ ਪੈਨਸ਼ਨਰਾਂ ਤੇ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਛੇਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਤੇ ਤਰੁੱਟੀਆਂ ਦੂਰ ਕਰਕੇ ਨੋਟੀਫਿਕੇਸ਼ਨ ਜਾਰੀ ਨਾ ਕਰਨ ਤੇ ਲਾਰੇ ਲੱਪੇ ਲਾਉਣ ਦੀ ਨੀਤੀ ਅਪਣਾਈ ਹੋਈ ਹੈ।ਪੈਨਸ਼ਨਰਾਂ ਤੇ ਮੁਲਾਜ਼ਮਾਂ ਵਲੋਂ ਵੱਖ-ਵੱਖ ਸਮੇਂ ਤੇ ਐਸ.ਡੀ.ਐਮ, ਡੀ.ਸੀ, ਵਿਧਾਇਕ, ਮੰਤਰੀ, ਵਿੱਤ ਮੰਤਰੀ ਤੇ ਮੁੱਖ ਮੰਤਰੀ ਨੂੰ ਮੰਗ ਪੱਤਰ ਦਿੱਤੇ ਗਏ ਹਨ।ਪਰ ਸਰਕਾਰ ਆਪਣੇ ਮੁਲਾਜ਼ਮਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ, ਜਿਵੇਂ ਕੇਂਦਰ ਸਰਕਾਰ ਨੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਨਾਲ ਬਚਕਾਨਾ ਹਰਕਤਾਂ ਵਾਲੀ ਸੋਚ ਰੱਖੀ ਹੋਈ ਹੈ।
ਪੰਜਾਬ ਸਟੇਟ ਪੈਨਸ਼ਨਰਜ਼ ਕਨਫੈਡਰੇਸ਼ਨ ਦੇ ਕਨਵੀਨਰ ਕਰਮ ਸਿੰਘ ਧਨੋਆ, ਜਨਰਲ ਸਕੱਤਰ ਕੁਲਵਰਨ ਸਿੰਘ, ਪਿਆਰਾ ਸਿੰਘ, ਸਤੀਸ਼ ਰਾਣਾ, ਪ੍ਰੇਮ ਚੰਦ ਅਗਰਵਾਲ ਤੇ ਹੋਰ ਆਗੂਆਂ ਵਲੋਂ ਛੇਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਤੇ ਤਰੁੱਟੀਆਂ ਦੂਰ ਕਰਕੇ ਨੋਟੀਫਿਕੇਸ਼ਨ, ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਤੇ ਓਲਡਏਜ਼ ਭੱਤਾ ਜਾਰੀ ਕਰਨ ਲਈ ਪੁਰਜ਼ੋਰ ਆਵਾਜ਼ ਉਠਾਈ ਤੇ ਸ਼ਹਿਰ ਵਿੱਚ ਆਪਣੀਆਂ ਹੱਕੀ ਮੰਗਾਂ ਨੂੰ ਲੇ ਕੇ ਰੋਹ ਭਰਿਆ ਮੁਜ਼ਾਹਰਾ ਕੀਤਾ ਗਿਆ।
ਇਸ ਪੱਕੇ ਮੋਰਚੇ ਵਿੱਚ ਚਮਕੌਰ ਸਿੰਘ, ਰਜਿੰਦਰ ਸਿੰਘ, ਪ੍ਰਕਾਸ਼ ਸਿੰਘ, ਕੁਲਦੀਪ ਪਾਠਕ, ਜਸਵੰਤ ਸਿੰਘ ਬਿਸ਼ਨਪੁਰਾ, ਕੇਵਲ ਕ੍ਰਿਸ਼ਨ, ਅਮਰੀਕ ਸਿੰਘ ਖੰਨਾ, ਚੇਤ ਰਾਮ ਢਿੱਲੋਂ, ਰਜਿੰਦਰ ਕੁਮਾਰ ਗਰਗ ਆਦਿ ਸਾਥੀਆਂ ਨੇ ਭਾਗ ਲਿਆ ਤੇ ਪੰਜਾਬ ਸਰਕਾਰ ਵਲੋਂ ਪੈਨਸ਼ਨਰਾਂ ਤੇ ਮੁਲਾਜ਼ਮਾਂ ਸੰਬੰਧੀ ਅਪਣਾਈ ਨੀਤੀ ਦੀ ਅਲੋਚਨਾਂ ਕੀਤੀ।