Friday, March 27, 2026

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਪਹਿਲਕਦਮੀ ਸਦਕਾ ਖਿੜ੍ਹੇ ਮਨਰੇਗਾ ਕਾਮਿਆਂ ਦੇ ਚਿਹਰੇ

ਹਰ ਮਹੀਨੇ ਦੇ ਆਖ਼ਰੀ ਸ਼ੁੱਕਰਵਾਰ ਪੰਚਾਇਤ ਪੱਧਰ ’ਤੇ ਮਨਾਏ ਜਾਣਗੇ ਮਨਰੇਗਾ ਰੋਜ਼ਗਾਰ ਦਿਵਸ

ਨਵਾਂਸ਼ਹਿਰ, 23 ਅਕਤੂਬਰ (ਪੰਜਾਬ ਪੋਸਟ ਬਿਊਰੋ) – ਜ਼ਿਲ੍ਹਾ ਤੇ ਸੈਸ਼ਨ ਜੱਜ ਕੰਵਲਜੀਤ ਸਿੰਘ ਬਾਜਵਾ ਦੀ ਅਗਵਾਈ ਵਿਚ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਪਹਿਲਕਦਮੀ ਸਦਕਾ ਜ਼ਿਲ੍ਹੇ ਦੇ ਮਨਰੇਗਾ ਕਾਮਿਆਂ ਦੇ ਚਿਹਰਿਆਂ ’ਤੇ ਰੌਣਕ ਆ ਗਈ ਹੈ ਅਤੇ ਹੁਣ ਜ਼ਿਲ੍ਹੇ ਵਿਚ ਹਰੇਕ ਮਹੀਨੇ ਦੇ ਆਖ਼ਰੀ ਸ਼ੁੱਕਰਵਾਰ ਪੰਚਾਇਤ ਪੱਧਰ ’ਤੇ ਮਨਰੇਗਾ ਰੋਜ਼ਗਾਰ ਦਿਵਸ ਮਨਾਏ ਜਾਣਗੇ। ਇਹ ਜਾਣਕਾਰੀ ਦਿੰਦਿਆਂ ਚੀਫ ਜੂਡੀਸ਼ੀਅਲ ਮੈਜਿਸਟ੍ਰੇਟ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ਼ਹੀਦ ਭਗਤ ਸਿੰਘ ਨਗਰ ਮੈਡਮ ਹਰਪ੍ਰੀਤ ਕੌਰ ਨੇ ਦੱਸਿਆ ਕਿ ਰੋਜ਼ਗਾਰ ਦਿਵਸ ਮੌਕੇ ਮਨਰੇਗਾ ਮਜ਼ਦੂਰਾਂ ਨੂੰ ਵਿੱਤੀ ਸਾਲ ਵਿਚ 100 ਦਿਨਾਂ ਦਾ ਰੋਜ਼ਗਾਰ ਦੇਣ, ਮਜ਼ਦੂਰਾਂ ਦੇ ਨਵੇਂ ਜੌਬ ਕਾਰਡ ਬਣਾਉਣ, ਜੌਬ ਕਾਰਡ ਧਾਰਕਾਂ ਪਾਸੋਂ ਕੰਮ ਦੀ ਮੰਗ ਦੀਆਂ ਅਰਜ਼ੀਆਂ ਪ੍ਰਾਪਤ ਕਰਕੇ ਮੌਕੇ ’ਤੇ ਰਸੀਦਾਂ ਕੱਟ ਕੇ ਦੇਣ, ਕੀਤੇ ਹੋਏ ਕੰਮਾਂ ਸਬੰਧੀ ਵਿਚਾਰ-ਵਟਾਂਦਰਾ ਅਤੇ ਜੌਬ ਕਾਰਡ ਹੋਲਡਰਾਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਕੀਤੇ ਜਾਣਗੇ।ਮਨਰੇਗਾ ਸਬੰਧੀ ਰਿਕਾਰਡ ਵੀ ਲੋਕਾਂ ਦੀ ਜਾਣਕਾਰੀ ਲਈ ਉਪਲਬੱਧ ਕਰਵਾਇਆ ਜਾਵੇਗਾ ਅਤੇ ਲੋਕਾਂ ਵਿਚ ਮਨਰੇਗਾ ਸਕੀਮ ਸਬੰਧੀ ਜਨ ਚੇਤਨਾ ਪੈਦਾ ਕਰਨ ਲਈ ਵੱਧ ਤੋਂ ਵੱਧ ਲੋਕਾਂ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਇਆ ਜਾਵੇਗਾ। ਰੋਜ਼ਗਾਰ ਦਿਵਸ ਵਿਚ ਮਨਰੇਗਾ ਮਜ਼ਦੂਰ, ਸਰਪੰਚ ਅਤੇ ਪੰਚਾਇਤ ਮੈਂਬਰ, ਕਾਰਜ਼ਕਾਰੀ ਏਜੰਸੀਆਂ ਦੇ ਅਧਿਕਾਰੀ ਤੇ ਕਰਮਚਾਰੀ, ਪੰਚਾਇਤੀ ਸੰਸਥਾਵਾਂ ਦੇ ਨੁਮਾਇੰਦੇ, ਮਨਰੇਗਾ ਅਧਿਕਾਰੀ ਤੇ ਕਰਮਚਾਰੀ, ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦੇ ਅਤੇ ਹੋਰ ਪਤਵੰਤੇ ਭਾਗ ਲੈਣਗੇ। ਉਨ੍ਹਾਂ ਦੱਸਿਆ ਕਿ ਇਸ ਦਾ ਕਨਵੀਨਰ ਗ੍ਰਾਮ ਰੋਜ਼ਗਾਰ ਸਹਾਇਕ ਹੋਵੇਗਾ।
                   ਉਨ੍ਹਾਂ ਦੱਸਿਆ ਕਿ ਮਹਾਤਮਾ ਗਾਂਧੀ ਕੌਮੀ ਰੋਜ਼ਗਾਰ ਗਾਰੰਟੀ-2005 ਤਹਿਤ ਮਨਰੇਗਾ ਨੂੰ ਸੁਚੱਜੇ ਢੰਗ ਨਾਲ ਚਲਾਉਣ ਲਈ ਸੰਯੁਕਤ ਵਿਕਾਸ ਕਮਿਸ਼ਨਰ-ਕਮ-ਕਮਿਸ਼ਨਰ ਮਨਰੇਗਾ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਚੰਡੀਗੜ੍ਹ ਵੱਲੋਂ ਹਰੇਕ ਗ੍ਰਾਮ ਪੰਚਾਇਤ ਪੱਧਰ ’ਤੇ ਹਰੇਕ ਮਹੀਨੇ ਦੇ ਆਖ਼ਰੀ ਸ਼ੁੱਕਰਵਾਰ ਨੂੰ ਪਿੰਡ ਦੀ ਕਿਸੇ ਸਾਂਝੀ ਜਗ੍ਹਾ, ਜਿਵੇਂ ਪੰਚਾਇਤ ਘਰ ਜਾਂ ਸਰਕਾਰੀ ਸਕੂਲ ਆਦਿ ਵਿਚ ਰੋਜ਼ਗਾਰ ਦਿਵਸ ਆਯੋਜਿਤ ਕੀਤੇ ਜਾਣ ਲਈ ਆਦੇਸ਼ ਜਾਰੀ ਹੋਏ ਸਨ।ਪ੍ਰੰਤੂ ਰੋਜ਼ਗਾਰ ਦਿਵਸ ਮਨਾਉਣ ਲਈ ਕਈ ਸਾਲ ਪਹਿਲਾਂ ਹੋਏ ਇਨ੍ਹਾਂ ਆਦੇਸ਼ਾਂ ’ਤੇ ਅਮਲ ਨਹੀਂ ਹੋਇਆ ਅਤੇ ਕਿਸੇ ਵੀ ਪਿੰਡ ਵਿਚ ਹਰੇਕ ਮਹੀਨੇ ਦੇ ਆਖ਼ਰੀ ਸ਼ੁੱਕਰਵਾਰ ਨੂੰ ਕੋਈ ਰੋਜ਼ਗਾਰ ਦਿਵਸ ਨਹੀਂ ਮਨਾਇਆ ਜਾ ਰਿਹਾ।ਇਸ ਕਰਕੇ ਪੇਂਡੂ ਪੱਧਰ ’ਤੇ ਰੋਜ਼ਗਾਰ ਦੇ ਚੰਗੇ ਮੌਕੇ ਪੈਦਾ ਕਰਨ ਅਤੇ ਵਿਕਾਸ ਕਾਰਜਾਂ ਵਿਚ ਗਤੀਸ਼ੀਲਤਾ ਲਿਆਉਣ ਲਈ ਹਰੇਕ ਮਹੀਨੇ ਦੇ ਆਖ਼ਰੀ ਸ਼ੁੱਕਰਵਾਰ ਹਰੇਕ ਪਿੰਡ ਵਿੱਚ ਰੋਜ਼ਗਾਰ ਦਿਵਸ ਮਨਾਉਣ ਦੀਆਂ ਹਦਾਇਤਾਂ ਨੂੰ ਅਮਲ ਵਿਚ ਲਿਆਉਣਾ ਬੇਹੱਦ ਜ਼ਰੂਰੀ ਸੀ।
              ਇਸ ਲਈ ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ਼ਹੀਦ ਭਗਤ ਸਿੰਘ ਨਗਰ ਕੰਵਲਜੀਤ ਸਿੰਘ ਬਾਜਵਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕਾਨੂੰਨੀ ਸੇਵਾਵਾਂ ਕੇਂਦਰ ਕੋਟ ਰਾਂਝਾ ਤੋਂ ਸਰਗਰਮੀਆਂ ਆਰੰਭ ਕੀਤੀਆਂ ਗਈਆਂ। ਕਿਰਤੀਆਂ ਦੇ ਸੰਵਿਧਾਨਕ ਹੱਕਾਂ ਅਤੇ ਮਾਣ-ਸਨਮਾਨ ਦੀ ਬਹਾਲੀ ਲਈ ਸੰਘਰਸ਼ੀਲ ਸੰਸਥਾ ਨੈਸ਼ਨਲ ਲੇਬਰ ਆਰਗੇਨਾਈਜ਼ੇਸ਼ਨ (ਐਨ.ਐਲ.ਓ) ਯੂਨਿਟ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸਹਿਯੋਗ ਨਾਲ ਕਿਰਤੀਆਂ ਵਿਚ ਜਾਗਰੂਕਤਾ ਮੁਹਿੰਮ ਚਲਾਈ ਗਈ।ਇਸ ਸਬੰਧੀ ਪੀ.ਐਲ.ਵੀ ਬਲਦੇਵ ਭਾਰਤੀ ਦੀ ਅਗਵਾਈ ਵਿਚ ਕਿਰਤੀਆਂ ਦਾ ਇਕ ਵਫ਼ਦ ਵਧੀਕ ਡਿਪਟੀ ਕਮਿਸ਼ਨਰ (ਵਿਕਾਸ)-ਕਮ-ਵਧੀਕ ਜ਼ਿਲ੍ਹਾ ਪ੍ਰੋਗਰਾਮ ਕੋਆਰਡੀਨੇਟਰ (ਐਮ.ਜੇ ਮਨਰੇਗਾ) ਨੂੰ ਮਿਲਿਆ।
            ਵਧੀਕ ਡਿਪਟੀ ਕਮਿਸ਼ਨਰ (ਵਿਕਾਸ)-ਕਮ-ਵਧੀਕ ਜ਼ਿਲ੍ਹਾ ਪ੍ਰੋਗਰਾਮ ਕੋਆਰਡੀਨੇਟਰ (ਐਮ. ਜੇ. ਮਨਰੇਗਾ) ਅਮਰਦੀਪ ਸਿੰਘ ਬੈਂਸ ਰਾਹੀਂ ਬੀ. ਡੀ. ਪੀ. ਓ-ਕਮ-ਪੀ. ਓ ਮਨਰੇਗਾ ਬਲਾਕ ਔੜ, ਬਲਾਚੌਰ, ਬੰਗਾ, ਨਵਾਂਸ਼ਹਿਰ ਅਤੇ ਸੜੋਆ ਨੂੰ ਆਪਣੇ ਅਧੀਨ ਖੇਤਰਾਂ ਵਿਚ ਹਰੇਕ ਮਹੀਨੇ ਦੇ ਆਖ਼ਰੀ ਸ਼ੁੱਕਰਵਾਰ ਨੂੰ ਗ੍ਰਾਮ ਪੰਚਾਇਤ ਪੱਧਰ ’ਤੇ ਮਨਰੇਗਾ ਸਬੰਧੀ ਰੋਜ਼ਗਾਰ ਦਿਵਸ ਮਨਾਏ ਜਾਣ ਨੂੰ ਅਮਲ ਵਿਚ ਲਿਆਉਣ ਦੀਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ।
ਜ਼ਿਕਰਯੋਗ ਹੈ ਕਿ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਬਦੌਲਤ ਮਨਰੇਗਾ ਤਹਿਤ ਰੋਜ਼ਗਾਰ ਦਿਵਸ ਮਨਾਏ ਜਾਣ ਦੇ ਉਦਮ ਕਰਨ ਲਈ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਪੰਜਾਬ ਭਰ ਵਿਚੋਂ ਅਜਿਹਾ ਪਹਿਲਾ ਜ਼ਿਲ੍ਹਾ ਹੋਵੇਗਾ।

Check Also

ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …