ਸਕੂਲਾਂ ਦੇ ਅਚਨਚੇਤ ਦੌਰੇ ਲਗਾਤਾਰ ਜਾਰੀ ਰਹਿਣਗੇ – ਜਸਵੰਤ ਸਿੰਘ
ਪਠਾਨਕੋਟ, 26 ਅਕਤੂਬਰ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਸਿੱਖਿਆ ਦਫਤਰ ਸੈਕੰਡਰੀ ਸਿੱਖਿਆ ਪਠਾਨਕੋਟ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ
ਧੋਬੜਾ ਦੇ ਪ੍ਰਿੰਸੀਪਲ ਸਮੇਤ ਚਾਰ ਕਰਮਚਾਰੀਆਂ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਿਰੋਜਪੁਰ ਕਲਾਂ ਦੇ ਦੋ ਕਰਮਚਾਰੀਆਂ ਅਤੇ ਸਰਕਾਰੀ ਹਾਈ ਸਕੂਲ ਗੰਦਲਾ ਲਾਹੜੀ ਦੇ 10 ਕਰਮਚਾਰੀਆਂ ਨੂੰ ਬਿਨਾਂ ਛੁੱਟੀ ਮਨਜ਼ੂਰ ਕਰਵਾਏ ਸਕੂਲ ਤੋਂ ਗੈਰਹਾਜ਼ਰ ਰਹਿਣ ਲਈ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ।
ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਜਸਵੰਤ ਸਿੰਘ ਨੇ ਦੱਸਿਆ ਕਿ ਬੀਤੇ ਸ਼ੁੱਕਰਵਾਰ ਨੂੰ ਉਨ੍ਹਾਂ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੋਬੜਾ ਦਾ ਅਚਨਚੇਤ ਦੌਰਾ ਕੀਤਾ ਗਿਆ ਸੀ ਅਤੇ ਦੌਰੇ ਦੌਰਾਨ ਕਿਸੇ ਤਰ੍ਹਾਂ ਦੀ ਵੀ ਛੁੱਟੀ ਪ੍ਰਵਾਨ ਕਰਵਾਏ ਬਿਨਾਂ ਸਕੂਲ ਤੋਂ ਗੈਰਹਾਜ਼ਰ ਰਹਿਣ ਲਈ ਪ੍ਰਿੰਸੀਪਲ ਮੰਜ਼ੂ ਬਾਲਾ, ਓਂਕਾਰ ਸਿੰਘ ਲੈਕਚਰਾਰ ਗਣਿਤ, ਸੌਰਵ ਕੁਮਾਰ ਸੈਣੀ ਜੁਨੀਅਰ ਸਹਾਇਕ ਅਤੇ ਅਮਰੀਕ ਸਿੰਘ ਪੀ.ਟੀ.ਆਈ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ।
ਇਸੇ ਤਰ੍ਹਾਂ ਬੀਤੇ ਸਨੀਵਾਰ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਿਰੋਜ਼ਪੁਰ ਕਲਾਂ ਦੇ ਦੋ ਕਰਮਚਾਰੀਆਂ ਅੰਜ਼ੂ ਬਾਲਾ ਹਿੰਦੀ ਮਿਸਟ੍ਰੇਸ ਅਤੇ ਹਰਬੰਸ ਸਿੰਘ ਕਲਰਕ ਨੂੰ ਵੀ ਸਕੂਲ ਵਿਚੋਂ ਗੈਰਹਾਜ਼ਰ ਰਹਿਣ ਲਈ ਨੋਟਿਸ ਜਾਰੀ ਕੀਤਾ ਗਿਆ ਹੈ ਅਤੇ ਸੋਮਵਾਰ ਨੂੰ ਵੀ ਜਦੋਂ ਉਨ੍ਹਾਂ ਵਲੋਂ ਸਰਕਾਰੀ ਹਾਈ ਸਕੂਲ ਗੰਦਲਾ ਲਾਹੜੀ ਦਾ ਦੌਰਾ ਕੀਤਾ ਗਿਆ ਤਾਂ ਸਕੂਲ ਵਿੱਚ ਮਮਤਾ ਅਨੰਦ ਸਾਇੰਸ ਮਿਸਟ੍ਰੈਸ, ਸੁਨੀਤਾ ਐਸ.ਐਸ ਮਿਸਟ੍ਰੈਸ, ਰਜਨੀ ਸਾਇੰਸ ਮਿਸਟ੍ਰੈਸ, ਉਰਵਸ਼ੀ ਪੰਜਾਬੀ ਮਿਸਟ੍ਰੈਸ, ਰਜਨੀ ਗਣਿਤ ਮਿਸਟ੍ਰੈਸ, ਜਤਿੰਦਰ ਪਾਲ ਸਿੰਘ ਸਾਇੰਸ ਮਾਸਟਰ, ਸਲਿਪੀ ਆਰਟ ਐਂਡ ਕਰਾਫਟ ਟੀਚਰ, ਸੁਰਿੰਦਰ ਕੌਰ ਪੀਟੀਆਈ, ਨਰਿੰਦਰ ਕੁਮਾਰ ਕਲਰਕ ਅਤੇ ਨਤਾਸਾ ਸੇਵਾਦਾਰ ਗੈਰਹਾਜ਼ਰ ਪਾਏ ਗਏ ਹਨ। ਇਨ੍ਹਾਂ ਨੂੰ ਵੀ ਕਾਰਨ ਦੱਸੋ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ ਅਤੇ ਕਾਰਵਾਈ ਕਰਨ ਲਈ ਮੁੱਖ ਦਫਤਰ ਨੂੰ ਵੀ ਲਿਖ ਦਿੱਤਾ ਗਿਆ ਹੈ।
ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਨੇ ਦੱਸਿਆ ਕਿ ਜਿਲ੍ਹਾ ਅਧਿਕਾਰੀਆਂ ਵਲੋਂ ਨੈਸ਼ਨਲ ਅਚੀਵਮੈਂਟ ਸਰਵੇ, ਸਕੂਲਾਂ ਵਿੱਚ ਵਿਕਾਸ ਕਾਰਜ਼ਾਂ ਅਤੇ ਚੱਲ ਰਹੇ ਵੱਖ-ਵੱਖ ਪ੍ਰੋਜੈਕਟਾਂ ਦਾ ਜਾਇਜ਼ਾ ਲੈਣ ਲਈ ਲਗਾਤਾਰ ਸਕੂਲਾਂ ਦੇ ਦੌਰੇ ਕੀਤੇ ਜਾ ਰਹੇ ਹਨ ।
Punjab Post Daily Online Newspaper & Print Media