ਸੁਵਿਧਾ ਕੈਂਪ ਵਿੱਚ ਲੋਕਾਂ ਨੇ ਲਿਆ ਵੱਖ-ਵੱਖ ਵਿਭਾਗਾਂ ਦੀਆਂ ਸੇਵਾਵਾਂ ਦਾ ਲਾਭ – ਐਸ.ਡੀ.ਐਮ
ਪਠਾਨਕੋਟ, 29 ਅਕਤੂਬਰ (ਪੰਜਾਬ ਪੋਸਟ ਬਿਊਰੋ) – ਜਿਲ੍ਹੇ ਦੇ ਲੋਕਾਂ ਨੂੰ ਸਰਕਾਰ ਦੁਆਰਾ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਅਤੇ ਵੱਖ-ਵੱਖ ਸਕੀਮਾਂ ਦਾ ਲਾਭ

ਬਿਨਾਂ ਕਿਸੇ ਖੱਜ਼ਲ-ਖੁਆਰੀ ਦੇ ਦੇਣ ਦੇ ਉਦੇਸ਼ ਨਾਲ ਅੱਜ ਹਲਕਾ ਭੋਆ ਵਿਖੇ ਸੁਵਿਧਾ ਕੈਂਪ ਲਗਾਇਆ ਗਿਆ ਹੈ ਤਾਂ ਜੋ ਲੋਕਾਂ ਨੂੰ ਸਾਰੀਆਂ ਸਰਕਾਰੀ ਸੁਵਿਧਾਵਾਂ ਦਾ ਲਾਭ ਇੱਕ ਹੀ ਜਗ੍ਹਾ ‘ਤੇ ਮਿਲ ਸਕੇ।ਜੋਗਿੰਦਰ ਪਾਲ ਵਿਧਾਇਕ ਹਲਕਾ ਭੋਆ ਨੇ ਪਿੰਡ ਭੋਆ ਵਿੱਚ ਲਗਾਏ ਸੁਵਿਧਾ ਕੈਂਪ ਦੋਰਾਨ ਸੰਬੋਧਨ ਕਰਦਿਆਂ ਕੀਤਾ।ਉਨ੍ਹਾਂ ਕਿਹਾ ਕਿ ਲੋਕਾਂ ਦੀ ਸੇਵਾ ਲਈ ਉਹ ਹਰ ਦਮ ਤਿਆਰ ਹਨ ਅਤੇ ਅਪਣੇ ਕਾਰਜ਼ਕਾਲ ਦੋਰਾਨ ਉਨ੍ਹਾਂ ਦਾ ਇੱਕ ਹੀ ਉਪਰਾਲਾ ਰਿਹਾ ਹੈ ਕਿ ਉਨ੍ਹਾਂ ਦੇ ਵਿਧਾਨ ਸਭਾ ਖੇਤਰ ਦੇ ਕਿਸੇ ਵੀ ਪਰਿਵਾਰ ਨੂੰ ਕਿਸੇ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।ਉਨ੍ਹਾਂ ਕਿਹਾ ਕਿ ਮੇਰਾ ਹਲਕਾ ਮੇਰਾ ਪਰਿਵਾਰ ਹੈ ਅਤੇ ਰਲ ਮਿਲ ਕੇ ਇੱਕ ਦੂਸਰੇ ਦਾ ਸਹਿਯੋਗ ਕਰਕੇ ਹਲਕੇ ਦੀ ਨੁਹਾਰ ਬਦਲਣੀ ਹੈ।ਜਿਕਰਯੋਗ ਹੈ ਕਿ ਪੰਜਾਬ ਸਰਕਾਰ ਦੇ ਆਦੇਸ਼ਾਂ ਅਨੁਸਾਰ ਅੱਜ ਜ਼ਿਲ੍ਹਾ ਪਠਾਨਕੋਟ ਵਿੱਚ ਸਬ-ਡਵੀਜ਼ਨ ਪੱਧਰ ’ਤੇ ਸੁਵਿਧਾ ਕੈਂਪ ਲਗਾਏ ਗਏ ਅਤੇ ਲੋਕਾਂ ਨੇ ਮੋਕੇ ‘ਤੇ ਪਹੁੰਚ ਕੇ ਹਰ ਤਰ੍ਹਾਂ ਦੀ ਸੁਵਿਧਾ ਦਾ ਲਾਭ ਪ੍ਰਾਪਤ ਕੀਤਾ ਅਤੇ ਇਸੇ ਹੀ ਤਰ੍ਹਾਂ 29 ਅਕਤੂਬਰ ਨੂੰ ਕਬਾੜ ਧਰਮਸ਼ਾਲਾ ਪਠਾਨਕੋਟ ਵਿਖੇ ਸੁਵਿਧਾ ਕੈਂਪ ਲਗਾਇਆ ਜਾ ਰਿਹਾ ਹੈ।
ਐਸ.ਡੀ.ਐਮ. ਪਠਾਨਕੋਟ ਗੁਰਸਿਮਰਨ ਸਿੰਘ ਢਿੱਲੋਂ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਆਦੇਸ਼ਾਂ ਅਨੁਸਾਰ ਅਤੇ ਸੰਯਮ ਅਗਰਵਾਰ ਡਿਪਟੀ ਕਮਿਸਨਰ ਦੀ ਅਗਵਾਈ ਹੇਠ ਜਿਲ੍ਹਾ ਪ੍ਰਸਾਸ਼ਨ ਦਾ ਇੱਕ ਹੀ ਉਪਰਾਲਾ ਹੈ ਕਿ ਜ਼ਿਲ੍ਹੇ ਦੇ ਹਰ ਜ਼ਰੂਰਤਮੰਦ ਵਿਅਕਤੀ ਤੱਕ ਲੋੜੀਂਦੀਆਂ ਸਹੂਲਤਾਂ ਦੀ ਪਹੁੰਚ ਯਕੀਨੀ ਹੋਵੇ।ਇਨਾਂ ਕੈਂਪਾਂ ਵਿੱਚ ਬੇਘਰੇ ਲੋਕਾਂ ਨੂੰ 5-5 ਮਰਲੇ ਦੇ ਪਲਾਟ, ਬਿਜਲੀ ਬਿੱਲਾਂ ਦੇ ਬਕਾਇਆ ਰਾਸ਼ੀ ਦੀ ਮਾਫ਼ੀ, ਬੁਢਾਪਾ, ਵਿਧਵਾ, ਅੰਗਹੀਣ ਤੇ ਆਸ਼ਿਰਤਾਂ ਨੂੰ ਪੈਨਸ਼ਨ, ਪ੍ਰਧਾਨ ਮੰਤਰੀ ਯੋਜਨਾ ਅਧੀਨ ਪੱਕਾ ਮਕਾਨ ਬਨਾਉਣ ਲਈ ਦਰਖਾਸਤ, ਬਿਜਲੀ ਕੁਨੈਕਸ਼ਨ, ਘਰਾਂ ਵਿੱਚ ਪਖਾਨੇ, ਐਲ.ਪੀ.ਜੀ ਗੈਸ ਕੁਨੈਕਸ਼ਨ, ਸਰਬਤ ਸਿਹਤ ਬੀਮਾ ਯੋਜਨਾ ਦੇ ਕਾਰਡ, ਸ਼ਗਨ ਸਕੀਮ, ਬੱਚਿਆਂ ਲਈ ਵਜੀਫੇ, ਬੇਰੁਜ਼ਗਾਰਾਂ ਲਈ ਨੌਕਰੀ ਦੇ ਪ੍ਰਸਤਾਵ ਤੇ ਕਰਜ਼ਾ ਸਹੂਲਤਾਂ, ਬੱਸ ਪਾਸ, ਜ਼ਮੀਨਾਂ ਤੇ ਪਲਾਟਾਂ ਦੇ ਇੰਤਕਾਲ, ਮਨਰੇਗਾ ਦੇ ਜਾਬ ਕਾਰਡ ਆਦਿ ਤੋਂ ਇਲਾਵਾ ਹੋਰ ਵੀ ਵਿਭਾਗਾਂ ਦੀਆਂ ਸਕੀਮਾਂ ਦੇ ਲਾਭ ਮੌਕੇ ’ਤੇ ਦਿੱਤੇ ਜਾ ਰਹੇ ਹਨ।
ਜੋਗਿੰਦਰ ਪਾਲ ਵਿਧਾਇਕ ਹਲਕਾ ਭੋਆ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹਲਕਾ ਭੋਆ ਵਿੱਚ ਵਿਕਾਸ ਕਾਰਜਾਂ ਨੂੰ ਲੈ ਕੇ ਕੋਈ ਵੀ ਕਮੀ ਨਹੀਂ ਛੱਡੀ ਹੈ।
ਇਸ ਮੋਕੇ ਸੀਤਾ ਦੇਵੀ ਚੇਅਰਪਰਸਨ ਜਿਲ੍ਹਾ ਪ੍ਰੀਸ਼ਦ, ਕਿਰਨ ਬਾਲਾ ਪਠਾਨਕੋਟ ਸੰਮਤੀ ਚੇਅਰਪਰਸਨ, ਭੋਆ ਪਿੰਡ ਦੇ ਸਰਪੰਚ ਰਾਜ ਕੁਮਾਰ ਨੀਲੂ, ਬਲਾਕ ਸੰਮਤੀ ਚੇਅਰਮੈਨ ਰਾਜ ਕੁਮਾਰ ਸਿਹੋੜਾ, ਸਰਪੰਚ ਪਿੰਡ ਬਨੀ ਲੋਧੀ ਰਜਿੰਦਰ ਸਿੰਘ ਗੋਲਡੀ ਸਰਨਾ ਸਾਬਕਾ ਬਲਾਕ ਪ੍ਰਧਾਨ ਅਤੇ ਹੋਰ ਪਾਰਟੀ ਵਰਕਰ ਹਾਜ਼ਰ ਸਨ।
Punjab Post Daily Online Newspaper & Print Media