Saturday, March 14, 2026

ਐਚ.ਆਈ.ਵੀ ਏਡਜ਼ ਦੇ ਸੰਕ੍ਰਮਣ ਤੋਂ ਬਚਾਅ ਲਈ ‘ਜਾਗਰੂਕਤਾ’ ਅਹਿਮ ਉਪਾਅ – ਸਿਵਲ ਸਰਜਨ

ਡਾ. ਇੰਦਰਮੋਹਨ ਗੁਪਤਾ ਨੇ ਏਡਜ਼ ਦੀ ਰੋਕਥਾਮ ਲਈ ਪ੍ਰਚਾਰ ਵੈਨ ਦਿਖਾਈ ਝੰਡੀ
ਨਵਾਂਸ਼ਹਿਰ, 30 ਅਕਤੂਬਰ (ਪੰਜਾਬ ਪੋਸਟ ਬਿਊਰੋ) – ਸਿਵਲ ਸਰਜਨ ਡਾ. ਇੰਦਰਮੋਹਨ ਗੁਪਤਾ ਨੇ ਜ਼ਿਲ੍ਹੇ ਵਿੱਚ ਐਚ.ਆਈ.ਵੀ ਏਡਜ਼ ਜਾਗਰੂਕਤਾ ਵੈਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।ਇਹ ਪ੍ਰਚਾਰ ਵੈਨ ਜ਼ਿਲ੍ਹੇ ਦੇ ਵੱਖ-ਵੱਖ ਸ਼ਹਿਰੀ, ਪੇਂਡੂ ਤੇ ਉਚ ਜ਼ੋਖਮ ਵਾਲੇ ਖੇਤਰ ਵਿੱਚ ਜਾ ਕੇ ਲੋਕਾਂ ਨੂੰ ਐਚ.ਆਈ.ਵੀ ਏਡਜ਼ ਦੀ ਬਿਮਾਰੀ ਪ੍ਰਤੀ ਜਾਗਰੂਕ ਕਰੇਗੀ ਅਤੇ ਮੈਡੀਕਲ ਮਾਹਰਾਂ ਦੀ ਟੀਮ ਵਲੋਂ ਐਚ.ਆਈ.ਵੀ ਟੈਸਟ ਤੇ ਕੌਂਸਲਿੰਗ ਵੀ ਕੀਤੀ ਜਾਵੇਗੀ।ਇਹ ਵੈਨ ਪ੍ਰਿੰਟ ਤੇ ਆਡਿਓ-ਵੀਡੀਓ ਵਿਜ਼ੂਅਲ ਉਪਕਰਨਾਂ ਨਾਲ ਵੀ ਲੈਸ ਹੈ।ਪਹਿਲੇ ਪੜਾਅ ਵਿਚ ਇਹ ਵੈਨ 29 ਅਕਤੂਬਰ ਤੋਂ 4 ਨਵੰਬਰ ਤੱਕ ਅਤੇ ਦੂਜੇ ਪੜਾਅ ਵਿਚ 12 ਤੋਂ 28 ਨਵੰਬਰ ਤੱਕ ਜ਼ਿਲ੍ਹੇ ਵਿਚ ਜਾਗਰੂਕਤਾ ਫੈਲਾਏਗੀ।
                   ਸਿਵਲ ਸਰਜਨ ਡਾ. ਇੰਦਰਮੋਹਨ ਗੁਪਤਾ ਨੇ ਦੱਸਿਆ ਕਿ ਏਡਜ਼ ਮੁੱਖ ਰੂਪ ਵਿਚ ਅਸੁਰੱਖਿਅਤ ਜਿਸਮਾਨੀ ਸਬੰਧ ਬਣਾਉਣ, ਏਡਜ਼ ਪੀੜਤ ਵਿਅਕਤੀ ਦਾ ਖ਼ੂਨ ਦੂਸਰੇ ਵਿਅਕਤੀ ਨੂੰ ਚੜਾਉਣ, ਗਰਭਵਤੀ ਅਵਸਥਾ ਵਿਚ ਏਡਜ਼ ਪੀੜਤ ਮਾਂ ਵਲੋਂ ਜਨਮ ਦੇਣ ਵਾਲੇ ਬੱਚੇ ਨੂੰ, ਏਡਜ਼ ਪੀੜਤ ਵਿਅਕਤੀ ਦੀ ਸੂਈ ਦੂਸਰੇ ਵਿਅਕਤੀ `ਤੇ ਵਰਤਣ ਆਦਿ ਨਾਲ ਹੁੰਦੀ ਹੈ, ਜੋ ਕਿ ਮਹਾਂਮਾਰੀ ਦਾ ਰੂਪ ਧਾਰਨ ਕਰ ਰਹੀ ਹੈ।ਉਨ੍ਹਾਂ ਦੱਸਿਆ ਕਿ ਏਡਜ਼ ਕਾਰਨ ਸਰੀਰ ਵਿੱਚ ਰੋਗਾਂ ਨਾਲ ਲੜਨ ਦੀ ਸਮੱਰਥਾ ਘੱਟ ਜਾਂਦੀ ਹੈ, ਜਿਸ ਕਾਰਨ ਪੀੜਤ ਨੂੰ ਟੀ.ਬੀ ਸਮੇਤ ਕਈ ਹੋਰ ਬਿਮਾਰੀਆਂ ਹੋਣ ਦਾ ਖਤਰਾ ਵਧ ਜਾਂਦਾ ਹੈ।
ਡਾ. ਗੁਪਤਾ ਨੇ ਕਿਹਾ ਕਿ ਏਡਜ਼ ਪੀੜ੍ਹਤ ਵਿਅਕਤੀ ਨੂੰ ਵਾਰ-ਵਾਰ ਬੁਖਾਰ ਹੁੰਦਾ ਹੈ, ਥਕਾਵਟ ਹੁੰਦੀ ਹੈ, ਮਾਸ ਪੇਸ਼ੀਆਂ ਵਿਚ ਅਕੜਾਅ ਆਉਂਦਾ ਹੈ, ਜੋੜਾਂ ਵਿਚ ਦਰਦ ਅਤੇ ਸੋਜਿਸ਼ ਹੁੰਦੀ ਹੈ, ਗਲਾ ਖਰਾਬ ਹੋ ਜਾਂਦਾ ਹੈ, ਭਾਰ ਘੱਣਾ ਸ਼ੁਰੂ ਹੋ ਜਾਂਦਾ ਹੈ, ਚਮੜੀ ਉਪਰ ਲਾਲ ਰੰਗ ਦੇ ਨਿਸ਼ਾਨ ਆ ਜਾਂਦੇ ਹਨ ਅਤੇ ਮਾਨਸਿਕ ਤਣਾਅ ਰਹਿਣ ਲੱਗਦਾ ਹੈ।ਜੇਕਰ ਇਸ ਬਿਮਾਰੀ ਦਾ ਮੁੱਢਲੀ ਅਵਸਥਾ ਵਿੱਚ ਹੀ ਪਤਾ ਲੱਗ ਜਾਵੇ ਤਾਂ ਬਿਮਾਰੀ ਦੀ ਰੋਕਥਾਮ ਲਈ ਲਗਾਤਾਰ ਦਵਾਈਆਂ ਦਾ ਸਹਾਰਾ ਲੈ ਕੇ ਏਡਜ਼ ਪੀੜਤ ਵਿਅਕਤੀ ਲੰਬੀ ਜ਼ਿੰਦਗੀ ਜੀਅ ਸਕਦਾ ਹੈ।
                 ਉਨ੍ਹਾਂ ਨੇ ਦੱਸਿਆ ਕਿ ਏਡਜ਼ ਹੱਥ ਮਿਲਾਉਣ, ਛੂਹਣ, ਚੁੰਮਣ ਜਾਂ ਕਿਸੇ ਨਾਲ ਬੈਠ ਕੇ ਖਾਣਾ ਖਾਣ ਨਾਲ ਨਹੀਂ ਫੈਲਦਾ ਹੈ, ਇਸ ਲਈ ਸਾਨੂੰ ਏਡਜ਼ ਦੇ ਰੋਗੀ ਨਾਲ ਨਫਰਤ ਨਹੀਂ ਕਰਨੀ ਚਾਹੀਦੀ, ਬਲਕਿ ਉਸਨੂੰ ਸਮਾਜ ਵਿਚ ਬਣਦਾ ਸਤਿਕਾਰ ਦੇਣਾ ਚਾਹੀਦਾ ਹੈ ਤਾਂ ਜੋ ਉਹ ਲੰਬੀ ਅਤੇ ਤੰਦਰੁਸਤ ਜ਼ਿੰਦਗੀ ਜੀਅ ਸਕੇ।ਉਨ੍ਹਾਂ ਦੱਸਿਆ ਕਿ ਏਡਜ਼ ਇੱਕ ਅਜਿਹੀ ਬਿਮਾਰੀ ਹੈ, ਜਿਸ ਨਾਲ ਵਿਅਕਤੀ ਦੇ ਸਰੀਰ ਵਿੱਚ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਬਿਲਕੁਲ ਖਤਮ ਹੋ ਜਾਂਦੀ ਹੈ ਅਤੇ ਉਸ ਨੂੰ ਅਨੇਕਾਂ ਬਿਮਾਰੀਆਂ ਆਪਣੀ ਜਕੜ ਵਿੱਚ ਲੈ ਲੈਦੀਆਂ ਹਨ।
                ਜ਼ਿਲ੍ਹਾ ਸਮੂਹ ਸਿੱਖਿਆ ਅਤੇ ਸੂਚਨਾ ਅਫ਼ਸਰ ਜਗਤ ਰਾਮ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪੀੜਤ ਨਾਲ ਭੇਦਭਾਵ ਨਹੀਂ ਕਰਨਾ ਚਾਹੀਦਾ ਅਤੇ ਏਡਜ਼ ਦੇ ਫੈਲਣ ਨੂੰ ਲੈ ਕੇ ਜੋ ਗਲਤ ਧਾਰਨਾਵਾਂ ਹਨ, ਉਨ੍ਹਾਂ ਤੋਂ ਬਚਣਾ ਚਾਹੀਦਾ ਹੈ।
              ਇਸ ਮੌਕੇ ਜ਼ਿਲ੍ਹਾ ਸਿਹਤ ਅਫਸਰ ਡਾ. ਕੁਲਦੀਪ ਰਾਏ, ਸਹਾਇਕ ਸਿਵਲ ਸਰਜਨ ਡਾ. ਜਸਦੇਵ ਸਿੰਘ, ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਰਾਕੇਸ਼ ਚੰਦਰ, ਡਿਪਟੀ ਮੈਡੀਕਲ ਕਮਿਸ਼ਨਰ ਡਾ ਹਰਪ੍ਰੀਤ ਸਿੰਘ, ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਜਗਤ ਰਾਮ, ਜ਼ਿਲ੍ਹਾ ਵਿਵਹਾਰ ਪਰਿਵਰਤਨ ਕੋਆਰਡੀਨੇਟਰ ਮੰਗ ਗੁਰਪ੍ਰਸਾਦ ਸਮੇਤ ਹੋਰ ਸਿਹਤ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।

Check Also

ਖਾਲਸਾ ਕਾਲਜ ਵਿਖੇ ‘ਟੌਪਰਾਂ ਦਾ ਅਸਲ ਰਾਜ਼’ ਵਿਸ਼ੇ ’ਤੇ ਸੈਮੀਨਾਰ

ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਣਜ ਅਤੇ ਵਪਾਰ ਪ੍ਰਸ਼ਾਸਨ ਵਿਭਾਗ ਵੱਲੋਂ …