Thursday, September 3, 2026

ਰੰਗਕਰਮੀ, ਸੰਪਾਦਕ ਤੇ ਪੱਤਰਕਾਰੀ ਦਾ ਸੁਮੇਲ – ਸਤਨਾਮ ਸਿੰਘ ਮੂਧਲ

ਸਤਨਾਮ ਸਿੰਘ ਮੂਧਲ ਜਿਥੇ ਵਧੀਆ ਅਦਾਕਾਰ ਹੈ, ਉਥੇ ਉਹ “ਰੰਗਕਰਮੀ” ਮੈਗਜ਼ੀਨ ਦਾ ਸੰਪਾਦਕ ਅਤੇ ਰੋਜ਼ਾਨਾ “ਪੰਜਾਬੀ ਜਾਗਰਣ” ਅਖਬਾਰ ਦਾ ਪੱਤਰਕਾਰ ਵੀ ਹੈ।ਪਿਤਾ ਚਰਨ ਸਿੰਘ ਤੇ ਮਾਤਾ ਹਰਬੰਸ ਕੌਰ ਦੇ ਹੋਣਹਾਰ ਸਪੁੱਤਰ ਸਤਨਾਮ ਸਿੰਘ ਦਾ ਜਨਮ ਜਿਲ੍ਹਾ ਅੰਮ੍ਰਿਤਸਰ ਦੇ ਪਿੰਡ ਮੂਧਲ ਵਿਖੇ ਹੋਇਆ। ਪੜਾਈ ਵਿੱਚ ਹੁਸ਼ਿਆਰ ਸਤਨਾਮ ਨੇ ਗਿਆਨੀ, ਬੀ.ਏ ਕਲਾਸੀਕਲ ਸੰਗੀਤ, ਲਘੂ ਕੋਰਸ (ਨੈਸ਼ਨਲ ਸਕੂਲ ਆਫ ਡਰਾਮਾ ਦਿੱਲੀ) ਤੋਂ ਪਾਸ ਕੀਤਾ।
ਰੰਗਮੰਚ ਦੇ ਸ਼ੌਕ ਨੇ ਉਸ ਨੂੰ ਛੋਟੇ ਮੰਚ ਤੋਂ ਵਿਸ਼ਾਲ ਸਟੇਜ਼ਾਂ ਤੱਕ ਪਹੁੰਚਾਇਆ ਹੈ।ਉਸ ਨੇ ਨਾਮੀ ਡਾਇਰੈਕਟਰਾਂ ਨਾਲ ਧਮਕ ਨਗਾਰੇ ਦੀ, ਨਵਾਂ ਜਨਮ, ਸਿੰਘ ਸੂਰਮੇ, ਕੋਰਟ ਮਾਰਸ਼ਲ, ਫਾਸਲੇ, ਮਿਰਚ ਮਸਾਲਾ, ਸਰਹੱਦਾਂ ਹੋਰ ਵੀ ਨੇ, ਮੁਨਸ਼ੀ ਖਾਂ, ਚਾਂਦਨੀ ਚੌਂਕ ਤੋਂ ਸਰਹੰਦ ਤੱਕ, ਸੰਸਕਾਰ, ਰਾਈ ਦਾ ਪਹਾੜ, ਪਹਿਰੇਦਾਰ, ਚੱਲਿਓ ਮਾਰਗ ਗੋਬਿੰਦ, ਸ਼ਹੀਦ ਭਗਤ ਸਿੰਘ, ਮਿੱਟੀ ਦਾ ਮੁੱਲ, ਗੁਰੂ ਮਾਨਿਓ ਗ੍ਰੰਥ, ਰੂਹਾਂ ਦਾ ਦਰਦ, ਮੰਦੋ, ਸਾਹਬੋ, ਵੱਡਾ ਬੰਦਾ ਛੋਟਾ ਬੰਦਾ, ਡਸਟਬਿਨ, ਮੈਂ ਰੋ ਨਾ ਲਵਾਂ ਇੱਕ ਵਾਰ, ਤੀਸਰੀ ਜ਼ੰਗ ਆਦਿ ਵੱਡੇ ਨਾਟਕਾਂ ਵਿੱਚ ਯਾਦਗਾਰੀ ਭੂਮਿਕਾਵਾਂ ਨਿਭਾਈਆਂ ਨੇ।
                   ਇਸੇ ਤਰਾਂ ਉਸ ਨੂੰ ਨਹਿਰੂ ਯੂਵਾ ਕੇਂਦਰ, ਸਿਹਤ ਵਿਭਾਗ, ਸਰਕਾਰੀ ਸਕੂਲਾਂ, ਪੰਜਾਬ ਪੁਲਿਸ, ਬੀ.ਐਸ.ਐਫ ਦੇ ਪ੍ਰੋਗਰਾਮਾਂ ਵਿੱਚ ਵੀ ਪੇਸ਼ਕਾਰੀਆਂ ਕਰਨ ਦੇ ਅਵਸਰ ਮਿਲਦੇ ਰਹਿੰਦੇ ਨੇ।ਉਸ ਨੇ ਐਕਸ਼ਨ-ਸੰਗੀਤ ਨਾਟਕ “ਝੰਡਾ ਲਹੂ ਰੱਤਿਆ” ਵਿੱਚ ਕੰਮ ਕਰਕੇ ਬੱਲੇ ਬੱਲੇ ਕਰਵਾਈ।ਪੰਜਾਬ ਤੋਂ ਇਲਾਵਾ ਹਨੂੰਮਾਨਗੜ੍ਹ, ਨੌਹਰ ਗੁੱਗਾਮਾੜੀ, ਗੰਗਾਨਗਰ, ਉਦੈਪੁਰ (ਤਿੰਨੇ ਰਾਜਸਥਾਨ), ਝੱਜਰ (ਹਰਿਆਣਾ) ਤੋਂ ਇਲਾਵਾ `ਭਾਜੀ ਗੁਰਸ਼ਰਨ ਐਵਾਰਡ` ਮੇਲੇ ਵਿੱਚ ਵੀ ਉਸ ਨੂੰ ਆਪਣੀ ਅਦਾਕਾਰੀ ਦਿਖਾਉਣ ਦਾ ਮੌਕਾ ਮਿਲਿਆ।
                  ਬਹੁਤ ਸਾਰੀਆਂ ਲਘੂ ਫਿਲਮਾਂ `ਸਾਂਝਾ ਦਿਲਾਂ ਦੀਆਂ, ਨੱਖਰੇ ਸ਼ੁਰਲੀ ਦੇ, ਜੈਅੰਤੀ ਦੇਵੀ, ਬਾਬਾ ਵਡਭਾਗ ਸਿੰਘ, ਤੇਰੀਆਂ ਤੂੰ ਜਾਣੇ, ਪੱਗੜੀ ਸੰਭਾਲ ਜੱਟਾ, ਬਾਬਾ ਨਾਨਕ, ਕੇਸ ਗੁਰੂ ਕੀ ਦਾਤ, ਮਦਨ ਲਾਲ ਢੀਂਗਰਾ, ਆਈ ਹੇਟ ਯੂ ਪਾਪਾ, ਆਕਸੀਜਨ, ਰੱਬ ਦੀ ਖੇਡ, ਬੁੱਢਾ ਸਕੂਲ` ਤੋਂ ਇਲਾਵਾ ਦੂਰਦਰਸ਼ਨ ਦੀਆਂ ਬਹੁ ਚਰਚਿਤ ਨਾਟਕਾਂ ਲਘੂ ਫਿਲਮਾਂ ਛਾਪੇ, ਹੋਰ ਸਭ ਠੀਕ ਹੈ` ਅਤੇ (ਸਪੀਡ ਰਿਕਾਰਡ) ਕੰਪਨੀ ਦੀਆਂ ਲਘੂ ਫਿਲਮਾਂ `ਉਡੀਕ` ਅਤੇ `ਕਰਜ਼` ਵਿੱਚ ਜਾਨਦਾਰ ਭੂਮਿਕਾਵਾਂ ਨਿਭਾਈਆਂ।
                  ਪੰਜਾਬੀ ਲੜੀਵਾਰ “ਕੱਚੇ ਘਰ ਦੀਆਂ ਕੰਧਾਂ, (ਚੈਨਲ ਤਾਰਾ), ਤਫਤੀਸ਼, ਪੰਜਾਬ ਮੋਸਟ ਵਾਂਟਿਡ, ਕੌਣ ਦਿਲਾਂ ਦੀਆਂ ਜਾਣੇ (ਦੂਰਦਰਸ਼ਨ) ਅਤੇ ਹਿੰਦੀ `ਅੰਮਾਂ ਜੀ ਕੀ ਗਲੀ` (ਸੋਨੀ, ਸਬ ਟੀ.ਵੀ, ਮੈਕਸ), ਨੰਨੀ ਪਰੀ, (ਕਲਰ ਟੀ.ਵੀ), ਗੁੰਮਰਾਹ (ਵੀ ਚੈਨਲ), ਵੱਟ ਇੱਜ ਯੂਅਰ ਚੁਆਇਸ (ਐਨ.ਡੀ.ਟੀ.ਵੀ), ਸਾਡਾ ਵਿਰਸਾ ਸਾਡੀ ਸੱਥ (ਯੂ ਟਿਊਬ) ਆਦਿ ਚੈਨਲਾਂ ‘ਤੇ ਪ੍ਰਸਾਰਿਤ ਹੋਣ ਵਾਲੇ ਨਾਟਕਾਂ ਵਿੱਚ ਵਧੀਆ ਕੰੰਮ ਕੀਤਾ।
                ਫੀਚਰ ਫਿਲਮਾਂ ‘ਚ ਪੰਜਾਬੀ `ਅਣਖੀਲੇ, ਅਨੋਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ, ਯੋਧਾ, ਅਜ਼ਾਦੀ ਦਾ ਫਰੀਡਮ, ਸੁੱਪਰ ਸਿੰਘ` ਅਤੇ ਹਿੰਦੀ ਫੀਚਰ ਫਿਲਮਾਂ `ਤੀਨ ਥੇ ਭਾਈ, ਕਿਆ ਫਰਕ ਪੜਤਾ ਹੈ, ਉੜਤਾ ਪੰਜਾਬ, ਕਾਲੀ ਖੂਹੀ` (ਨੈਟ ਫਲਿਕਸ) ਵਿੱਚ ਜਿਕਰਯੋਗ ਕੰਮ ਕਰਕੇ ਆਪਣੀ ਬੇਮਿਸਾਲ ਅਦਾਕਾਰੀ ਦਾ ਲੋਹਾ ਮੰਨਵਾਇਆ।ਉਸ ਨੇ ਟੀ.ਵੀ ਚੈਨਲਾਂ ‘ਤੇ ਚੱਲਦੀਆਂ `ਗੋਦਰੇਜ ਪਸ਼ੂ ਖੁਰਾਕ` (ਦੂਰਦਰਸ਼ਨ) ਤੋਂ ਇਲਾਵਾ ਇਮੀਗ੍ਰੇਸ਼ਨ ਕੰਪਨੀ- ਯੰਗ ਐਚੀਵਰ, ਵੀਜਾ ਟਿੱਪ, ਵਿਨੇ ਹਰੀ ਆਦਿ ਕੰਪਨੀਆਂ ਦੀਆਂ ਕਰੀਬ ਡੇੜ ਦਰਜ਼ਨ ਮਸ਼ਹੂਰੀਆਂ ਲਈ ਅਦਾਕਾਰ ਵਜੋਂ ਕੰਮ ਕੀਤਾ।
                 ਆਪਣੇ ਸਾਥੀ ਕਲਾਕਾਰਾਂ ਜਸਬੀਰ ਉੜਧਨ, ਕਰਨ, ਰੇਖਾ ਸ਼ੇਰਗਿੱਲ ਨਾਲ ਮਿਲ ਕੇ ਉਸ ਨੇ ਤਰਨ ਤਾਰਨ, ਮੋਮੋਵਾਲ, ਵਿਛੋਆ ਆਦਿ ਵਿਖੇ ਹੋਏ ਸਭਿਆਚਾਰਕ ਮੇਲਿਆਂ ਵਿੱਚ ਕਮੇਡੀ ਸ਼ੋਅ ਵੀ ਕੀਤੇ।ਰੌਸ਼ਨੀ ਤੇ ਅਵਾਜ ਪ੍ਰੋਗਰਾਮ ਤਹਿਤ ਉਸ ਨੇ ਪੰਜਾਬ ਸਰਕਾਰ ਲਈ `ਧਰਤੀ ਰੂਹ ਪੰਜਾਬ ਦੀ, ਮਹਾਰਾਜਾ ਰਣਜੀਤ ਸਿੰਘ, ਕੇਂਦਰ ਸਰਕਾਰ ਲਈ `ਗੁਰੂ ਨਾਨਕ ਪ੍ਰਗਟਿਆ` ਅਤੇ `ਰੰਗਰੇਟੇ ਗੁਰੂ ਕੇ ਬੇਟੇ, ਦੇਗ ਤੇਗ ਫਤਿਹ ਸ਼ੋਅ ਵੀ ਕੀਤੇ।
ਇਸ ਤੋਂ ਇਲਾਵਾ `ਨੈਸ਼ਨਲ ਗੀਤ, ਮਿਸਤਰੀ, ਬੋਤਲਾਂ, ਐਵਟਿਵਾ, ਲੱਗਦਾ ਸਤਿਯੁਗ ਆ ਗਿਆ ਏ, ਯਾਰਾਂ ਦਾ ਟਸ਼ਨ` ਵੀਡੀਓ ਗੀਤਾਂ ਵਿੱਚ ਵੀ ਕਿਰਦਾਰ ਨਿਭਾਅ ਇਹ ਸਿੱਧ ਕਰਵਾ ਦਿੱਤਾ ਕਿ ਉਸ ਕੋਲ ਕੋਈ ਵੀ ਰੋਲ ਨਿਭਾਉਣ ਦੀ ਸਮਰੱਥਾ ਹੈ।ਦਸਤਾਵੇਜੀ ਫਿਲਮਾਂ `ਬਾਬਾ ਮੱਘਾ, ਗੁਰਦੁਆਰਾ ਝੂਲਨੇ ਮਹਿਲ, ਵੀਡੀਓ ਐਲਬਮ `ਅੱਲਾ ਤੇ ਪੱਲਾ` ਨੂੰ ਉਸ ਨੇ ਖੁਦ ਨਿਰਦੇਸ਼ਿਤ ਕੀਤਾ ਹੈ।
                      `ਸਰਹੱਦਾਂ ਹੋਰ ਵੀ ਨੇ, ਜੰਗ ਜਾਰੀ ਹੈ, ਰਾਈ ਦਾ ਪਹਾੜ, ਵਧਦੇ ਕਦਮ` ਨਾਟਕਾਂ ਦੇ ਗੀਤ ਲਿਖ ਕੇ ਉਸ ਨੇ ਸ਼ਾਇਰ ਵਜੋਂ ਵੀ ਆਪਣੀ ਪਛਾਣ ਦਿਖਾਈ।ਇਸ ਦੇ ਨਾਲ ਨਾਲ ਉਸ ਨੇ ਜਲੰਧਰ ਦੂਰਦਰਸ਼ਨ ਦੇ ਲੜੀਵਾਰ ਪੰਜਾਬ ਮੋਸਟਿਡ ਵਾਂਟਿਡ ਦਾ ਸਿਰਲੇਖ ਗੀਤ ਲਿਖਿਆ।ਜਦੋਂ ਕਿ `ਵੱਧਦੇ ਕਦਮ, ਮਿੱਠਾ ਜ਼ਹਿਰ, ਛੜਿਆਂ ਦਾ ਢਾਬਾ, ਇਹ ਜੰਗ ਕੌਣ ਲੜੂ ਵਰਗੇ ਨਾਟਕ ਲਿਖ ਕੇ ਉਸ ਨੇ ਨਾਟਕਕਾਰਾਂ ਦੀ ਸ਼ੇ੍ਰਣੀ ਵਿੱਚ ਕਦਮ ਰੱਖੇ ।
                    ਅੱਜ 31 ਅਕਤੂਬਰ 2021 ਨੂੰ ਬੇਮਿਸਾਲ ਪ੍ਰਾਪਤੀਆਂ ਕਰਨ ਵਾਲੇ ਆਪਣੇ ਸਾਥੀ, ਪੰਜਾਬੀ ਸਾਹਿਤ ਸਭਾ ਚੋਗਾਵਾਂ ਦੇ ਪ੍ਰੈਸ ਸਕੱਤਰ ਸਤਨਾਮ ਸਿੰਘ ਮੂਧਲ ਨੂੰ `ਹਰਭਜਨ ਸਿੰਘ ਜੱਬਲ` ਪੁਰਸਕਾਰ ਨਾਲ ਸਨਮਾਨਿਤ ਕਰਦੇ ਹੋਏ ਖੁਸ਼ੀ ਵਿੱਚ ਖੀਵੇ ਹੋ ਰਹੇ ਹਾਂ। 31102021
(31 ਅਕਤੂਬਰ ਨੂੰ ਸਨਮਾਨ ‘ਤੇ ਵਿਸ਼ੇਸ਼)

ਧਰਵਿੰਦਰ ਸਿੰਘ ਔਲਖ
ਪ੍ਰਧਾਨ ਪੰਜਾਬੀ ਸਾਹਿਤ ਸਭਾ ਚੋਗਾਵਾਂ (ਰਜਿ.) ਅੰਮ੍ਰਿਤਸਰ
ਜਨਰਲ ਸਕੱਤਰ ਕੇਂਦਰੀ ਪੰਜਾਬੀ ਲੇਖਕ ਸਭਾ।

Check Also

ਜਿਲ੍ਹੇ ਦੇ ਸਾਰੇ ਪਿੰਡਾਂ ਵਿੱਚ ਸੋਲਿਡ ਵੇਸਟ ਮੈਨੇਜਮੈਂਟ ਪ੍ਰੋਜੈਕਟ ਲਾਗੂ ਕਰਨ ਲਈ ਲੋੜੀਂਦੇ ਪ੍ਰਬੰਧ ਯਕੀਨੀ ਬਣਾਏ ਜਾਣ- ਵਧੀਕ ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 2 ਸਤੰਬਰ (ਸੁਖਬੀਰ ਸਿੰਘ) – ਜਿਲ੍ਹਾ ਅੰਮ੍ਰਿਤਸਰ ਦੇ ਸਮੂਹ ਪਿੰਡਾਂ ਨੂੰ ਸਾਫ਼-ਸੁਥਰਾ, ਸਵੱਛ ਅਤੇ …