ਸੁੱਖਾਂ ਲਈ ਸਹੂਲਤਾਂ ਬੜੀਆਂ,
ਸਾਹਾਂ ਦੀਆਂ ਘਟ ਗਈਆਂ ਘੜੀਆਂ,
ਵੇਚਦੇ ਕੁਦਰਤੀ ਦਾਤਾਂ,
ਕਿਸੇ ਨਾ ਖੁੱਲ੍ਹ ਇਹ ਡੱਕੀ ਹੈ।
ਇਹ ਕੇਹੀ ਤਰੱਕੀ ਹੈ?
ਇਹ ਕੇਹੀ ਤਰੱਕੀ ਹੈ?
ਪਾਣੀ ਵੀ ਗੰਧਲੇ ਕੀਤੇ, ਪੀਣੇ ਪੀਂਦੇ ਨੇ ਪੁਣ-ਪੁਣ ਕੇ,
ਹਵਾ ਵਿੱਚ ਜ਼ਹਿਰਾਂ ਘੁਲੀਆਂ ਨੇ, ਘੋਲੀਆਂ ਆਪੇ ਚੁਣ-ਚੁਣ ਕੇ,
ਮਿੱਟੀ ਦਾ ਉਪਜਾਊਪਣ ਵੀ,
ਬਹੁਤੇ ਥਾਵਾਂ ਤੇ ਸ਼ੱਕੀ ਹੈ ।
ਇਹ ਕੇਹੀ ਤਰੱਕੀ ਹੈ?
ਇਹ ਕੇਹੀ ਤਰੱਕੀ ਹੈ?
ਆਇਆ ਵਿਗਿਆਨਕ ਯੁੱਗ ਕੈਸਾ, ਮਸ਼ੀਨਾਂ ਰਾਹੀਂ ਭਾਂਪ ਲੈਂਦੇ,
ਕੁੱਖ ਵਿੱਚ ਕੁੜੀ ਹੈ ਜਾਂ ਮੁੰਡਾ, ਡਾਕਟਰ ਪਹਿਲਾਂ ਹੀ ਜਾਂਚ ਲੈਂਦੇ,
ਧੀਆਂ ਦੇ ਕਾਤਲਾਂ ਦੇ ਵਿੱਚ,
ਇਹਦੀ ਹਿੱਸੇਦਾਰੀ ਪੱਕੀ ਹੈ ।
ਇਹ ਕੇਹੀ ਤਰੱਕੀ ਹੈ?
ਇਹ ਕੇਹੀ ਤਰੱਕੀ ਹੈ?
ਭੀੜ ਹੈ ਮੋਟਰ-ਗੱਡੀਆਂ ਦੀ, ਕਿੱਲੀ ਇਹ ਪੂਰੀ ਨੱਪਦੇ ਨੇ,
ਪਰਮਿਟ ਇੱਕ ਤੇ ਨੰਬਰ ਤਿੰਨ, ਰੇਸਾਂ ਸੋ ਤੋਂ ਵੀ ਟੱਪਦੇ ਨੇ,
ਰੋਜ਼ਾਨਾ ਹਾਦਸਿਆਂ ਦੀ ਹੀ ਉਹੀ,
ਘੁੰਮਦੀ ਪਈ ਮੈਂ ਭੈੜੀ ਚੱਕੀ ਹੈ ।
ਇਹ ਕੇਹੀ ਤਰੱਕੀ ਹੈ?
ਇਹ ਕੇਹੀ ਤਰੱਕੀ ਹੈ?
ਪੱਥਰ ਤੱਕ ਪੂਜਦੇ ਲੋਕੀਂ, ਬੰਦੇ ਨੂੰ ਬੰਦੇ ਪੁੱਛਦੇ ਨਾ,
ਜਾਨਵਰ ਸੀਨੇ ਲਾ ਸਾਉਂਦੇ, ਬੁੱਢੇ ਵਾਰੇ ਕੋਲ ਢੁੱਕਦੇ ਨਾ,
ਢਿੱਡ ਆਪਣਾ ਹੀ ਨੰਗਾ ਹੋਊ,
`ਰੰਗੀਲਪੁਰੀਆ` ਚੰਗੀ ਢੱਕੀ ਹੈ ।
ਇਹ ਕੇਹੀ ਤਰੱਕੀ ਹੈ?
ਇਹ ਕੇਹੀ ਤਰੱਕੀ ਹੈ? 31102021
ਗੁਰਪ੍ਰੀਤ ਸਿੰਘ ਰੰਗੀਲਪੁਰ
ਮੋ – 98552 07071