Tuesday, February 3, 2026

ਗੁਰੂ ਨਾਨਕ ਦੇਵ ਯੂਨੀਵਰਸਿਟੀ `ਚ ਪੰਜਾਬੀ ਸਪਤਾਹ ਸਮਾਗਮਾਂ ਦੀ ਲੜੀ ਸ਼ੁਰੂ

ਅੰਮ੍ਰਿਤਸਰ, 1 ਨਵੰਬਰ (ਖੁਰਮਣੀਆਂ) – ਕੇਂਦਰੀ ਯੂਨੀਵਰਸਿਟੀ ਧਰਮਸ਼ਾਲਾ ਦੇ ਕੁਲਪਤੀ ਡਾ. ਹਰਮੋਹਿੰਦਰ ਸਿੰਘ ਬੇਦੀ ਕਿਹਾ ਕਿ ਏਸ਼ੀਆ ਦੇ ਦੇਸ਼ਾਂ ਵਿੱਚ ਪਿਛਲੀ ਅੱਧੀ ਸਦੀ ਤੋਂ ਚੱਲ ਰਹੀਆਂ ਅਧਿਐਨ ਪ੍ਰਣਾਲੀਆਂ ਦੇ ਕੇਂਦਰ ਵਿਚ ਪੰਜਾਬ ਦੀ ਚਿੰਤਨ ਪਰੰਪਰਾ ਕਾਰਜਸ਼ੀਲ ਹੈ।
                        ਉਹ ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਵਿਚ ਪੰਜਾਬੀ ਸਪਤਾਹ ਦੇ ਤੌਰ `ਤੇ ਸ਼ੁਰੂ ਹੋਏ ਸਮਾਮਗਾਂ ਸਮੇਂ ਪ੍ਰਮੁੱਖ ਵਕਤਾ ਦੇ ਤੌਰ `ਤੇ ਭਾਸ਼ਣ ਦੇ ਰਹੇ ਸਨ।ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਵਿਸ਼ੇ `ਤੇ ਉਨ੍ਹਾਂ ਨੇ ਆਪਣਾ ਵਿਦਵਤਾ ਭਰਪੂਰ ਭਾਸ਼ਣ ਦਿੰਦਿਆਂ ਕਿਹਾ ਕਿ ਪੰਜਾਬੀ ਸਪਤਾਹ ਮਨਾਉਣ ਦਾ ਭਾਵ ਹੈ ਕਿ ਪੰਜਾਬੀਆਂ ਨੂੰ ਜੋ ਵਿਰਸੇ ਵਿਚ ਅਮੀਰ ਪਰੰਪਰਾਵਾਂ ਮਿਲੀਆਂ ਹਨ, ਉਨ੍ਹਾਂ ਨੇ ਸਿਰਫ ਪੰਜਾਬੀ ਜਨ-ਜੀਵਨ ਨੂੰ ਹੀ ਨਹੀਂ ਉਚਾ ਚੁੱਕਿਆ, ਸਗੋਂ ਪੂਰੇ ਵਿਸ਼ਵ ਨੂੰ ਵੀ ਆਪਣੇ ਕਲਾਵੇ ਵਿੱਚ ਲਿਆ ਹੈ।ਵੱਖ ਵੱਖ ਇਤਿਹਾਸਕਾਰਾਂ ਅਤੇ ਵਿਸ਼ਵ ਦੇ ਅਹਿਮ ਵਿਗਿਆਨੀਆਂ ਦੇ ਹਵਾਲਿਆਂ ਦੇ ਨਾਲ ਉਨ੍ਹਾਂ ਨੇ ਇਸ ਗੱਲ `ਤੇ ਜ਼ੋਰ ਦਿੱਤਾ ਕਿ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਅਮੀਰ ਵਿਰਸੇ ਨੂੰ ਦੁਬਾਰਾ ਆਧੁਨਿਕ ਤਕਨੀਕਾਂ ਦੇ ਨਾਲ ਖੋਜ ਕੇ ਸਾਹਮਣੇ ਲਿਆਂਦਾ ਜਾਣਾ ਚਾਹੀਦਾ ਹੈ।
                       ਪੰਜਾਬ ਸਰਕਾਰ ਅਤੇ ਉਪ-ਕੁਲਪਤੀ ਪ੍ਰੋ. (ਡਾ.) ਜਸਪਾਲ ਸਿੰਘ ਸੰਧੂ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ “ਪੰਜਾਬ ਦਿਵਸ” ਨੂੰ ਸਮਰਪਿਤ ਆਰੰਭੀ ਗਈ ਸਮਾਗਮਾਂ ਦੀ ਲੜੀ “ਪੰਜਾਬੀ ਸਪਤਾਹ” ਦੇ ਪਹਿਲੇ ਦਿਨ “ਪੰਜਾਬ, ਪੰਜਾਬੀ ਅਤੇ ਪੰਜਾਬੀਅਤ” ਵਿਸ਼ੇ ਉੱਪਰ ਅਕਾਦਮਿਕ ਭਾਸ਼ਣ ਤੋਂ ਪਹਿਲਾਂ ਇਸ ਸਮਾਗਮ ਦੇ ਮੁੱਖ ਮਹਿਮਾਨ ਰਜਿਸਟਰਾਰ ਪ੍ਰੋ. ਕਰਨਜੀਤ ਸਿੰਘ ਕਾਹਲੋਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਪੰਜਾਬੀ ਭਾਸ਼ਾ ਦੇ ਪ੍ਰਚਾਰ ਅਤੇ ਪ੍ਰਸਾਰ ਦੇ ਲਈ ਉਪ-ਕੁਲਪਤੀ ਪ੍ਰੋ. ਜਸਪਾਲ ਸਿੰਘ ਸੰਧੂ ਦੀ ਅਗਵਾਈ ਹੇਠ ਕੀਤੇ ਜਾ ਰਹੇ ਕੰਮਾਂ ਤੋਂ ਜਾਣੂ ਕਰਵਾਇਆ ਅਤੇ ਕਿਹਾ ਕਿ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਵਿਕਾਸ ਦੇ ਲਈ ਹਮੇਸ਼ਾਂ ਵਚਨਬੱਧ ਹੈ। ਪੰਜਾਬੀ ਭਾਸ਼ਾ ਬਾਰੇ ਚਰਚਾ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬੀ ਭਾਸ਼ਾ ਇਕ ਜੀਵੰਤ ਭਾਸ਼ਾ ਹੈ।ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦੇ ਵਿਕਾਸ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਵਿਸ਼ੇਸ਼ ਭੂਮਿਕਾ ਬਾਰੇ ਦੱਸਦੇ ਹੋਏ ਉਹਨਾਂ ਕਿਹਾ ਕਿ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਸ਼ੁਰੂ ਕੀਤੇ ਗਏ ਆਨਲਾਈਨ ਕੋਰਸਾਂ ਦਾ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਪੰਜਾਬੀਆਂ ਤੋਂ ਇਲਾਵਾ ਹੋਰ ਵੀ ਲੋਕਾਂ ਵਲੋਂ ਚੰਗਾ ਹੁੰਗਾਰਾ ਭਰਿਆ ਜਾ ਰਿਹਾ ਹੈ।ਇਸ ਦਾ ਸਿਹਰਾ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਸੰਧੂ ਸਿਰ ਸਜਾਉਂਦਿਆਂ ਕਿਹਾ ਕਿ ਦੇਸ਼ ਦੀਆਂ ਯੂਨੀਵਰਸਿਟੀਆਂ ਵਿਚੋਂ ਇਹ ਮਾਣ ਸਿਰਫ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਹੀ ਪ੍ਰਾਪਤ ਹੋਇਆ ਹੈ ਅਤੇ ਇਸ ਦੇ ਨਾਲ ਪੰਜਾਬੀ ਵਿਕਾਸ ਦੇ ਨਵੇਂ ਦਿਸਹੱਦੇ ਸਿਰਜ਼ੇ ਜਾਣਗੇ।
                     ਪੰਜਾਬੀ ਅਧਿਐਨ ਸਕੂਲ ਦੇ ਸੇਵਾ-ਮੁਕਤ ਪ੍ਰੋਫੈਸਰ ਡਾ. ਜੋਗਿੰਦਰ ਸਿੰਘ ਕੈਰੋਂ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ।ਪੰਜਾਬੀ ਅਧਿਐਨ ਸਕੂਲ ਦੇ ਮੁਖੀ ਅਤੇ ਐਸੋਸੀਏਟ ਪੋ੍ਫ਼ੈਸਰ ਡਾ. ਮਨਜਿੰਦਰ ਸਿੰਘ ਨੇ ਉਪ-ਕੁਲਪਤੀ ਪੋ੍. (ਡਾ.) ਜਸਪਾਲ ਸਿੰਘ ਸੰਧੂ ਦਾ ਸਮਾਗਮ ਦੇ ਕੁਸ਼ਲ ਪ੍ਰਬੰਧ ਵਿਚ ਕੀਤੇ ਗਏ ਸਹਿਯੋਗ ਲਈ ਧੰੰਨਵਾਦ ਕੀਤਾ। ਇਸ ਸਮਾਗਮ ਦਾ ਸੰਚਾਲਨ ਪੰਜਾਬੀ ਅਧਿਐਨ ਸਕੂਲ ਦੇ ਅਸਿਸਟੈਂਟ ਪੋ੍ਰਫ਼ੈਸਰ ਡਾ. ਮੇਘਾ ਸਲਵਾਨ ਦੁਆਰਾ ਕੀਤਾ ਗਿਆ।
                     ਡਾ. ਹਰਮਿੰਦਰ ਸਿੰਘ ਬੇਦੀ ਨੇ ਆਪਣਾ ਭਾਸ਼ਣ ਜਾਰੀ ਰੱਖਦਿਆਂ “ਪੰਜਾਬ, ਪੰਜਾਬੀ ਅਤੇ ਪੰਜਾਬੀਅਤ” ਤਿੰਨਾਂ ਸੰਕਲਪਾਂ ਦਾ ਮੂਲ ਸਰੋਤ ਸੰਸਕ੍ਰਿਤ ਪਰੰਪਰਾ ਨੂੰ ਮੰਨਿਆ।ਉਨ੍ਹਾਂ ਕਿਹਾ ਕਿ ਪੁਰਾਣੀ ਪੰਜਾਬੀ ਭਾਸ਼ਾ ਅਤੇ ਸਭਿਆਚਾਰ ਦਾ ਦਰਪਣ ਰਿਗਵੇਦ ਹੈ ਅਤੇ ਕਿਸੇ ਵੀ ਭਾਸ਼ਾ ਦੇ ਪਾਸਾਰ ਨੂੰ ਭੂਗੋਲਿਕ ਹੱਦ-ਬੰਦੀਆਂ ਵਿਚ ਨਹੀਂ ਬੰਨ੍ਹਿਆ ਜਾ ਸਕਦਾ।ਉਨ੍ਹਾਂ ਨੇ ਪੰਜਾਬ ਦਾ ਪੁਰਾਤਨ ਨਾਂ ਸਪਤਸਿੰਧੂ ਦੱਸਦਿਆਂ ਕਿਹਾ ਕਿ ਇਸ ਦਾ ਸਭ ਤੋਂ ਵੱਡਾ ਆਧਾਰ ਰਿਗਵੇਦ ਅਤੇ ਰਿਗਵੇਦ ਦਾ ਸਭ ਤੋਂ ਵੱਡਾ ਸਰੋਤ ਪੰਜਾਬ ਦਾ ਸਾਰਾ ਪਉਣ ਪਾਣੀ ਹੈ।ਉਨ੍ਹਾਂ ਕਿਹਾ ਕਿ ਏਸ਼ੀਆ ਦੇ ਵੱਡੇ ਵਿਦਵਾਨਾਂ ਨੇ ਆਪਣੀਆਂ ਖੋਜ਼ਾਂ ਵਿਚ ਇਹ ਸਾਬਤ ਕੀਤਾ ਹੈ ਕਿ ਰਿਗਵੇਦ ਪੁਰਾਣੀ ਪੰਜਾਬੀ ਭਾਸ਼ਾ ਵਿਚ ਲਿਖਿਆ ਗਿਆ ਹੈ।
                     ਉਨ੍ਹਾਂ ਦੱਸਿਆ ਕਿ ਭਾਰਤੀ ਸੰਵਿਧਾਨ ਵਿੱਚ 24 ਭਾਸ਼ਾਵਾਂ ਨੂੰ ਮਾਨਤਾ ਪ੍ਰਾਪਤ ਹੈ ਅਤੇ ਇਸ ਵਿਚੋਂ 18 ਭਾਸ਼ਾਵਾਂ ਸੰਸਕ੍ਰਿਤ ਵਿਚੋਂ ਅਤੇ ਸੰਸਕ੍ਰਿਤ ਪੰਜਾਬ ਵਿਚੋਂ ਨਿਕਲੀਆਂ ਹਨ।ਉਨ੍ਹਾਂ ਕਿਹਾ ਕਿ ਏਸ਼ੀਆਂ ਦੇ ਵਿਦਵਾਨਾਂ ਦੇ ਇਨ੍ਹਾਂ ਸਿਟਿਆ ਦੇ ਨਾਲ ਵਿਸ਼ਵ ਦੇ ਵਿਦਵਾਨਾਂ ਦੀ ਪੰਜਾਬ ਪ੍ਰਤੀ ਨਵੀਂ ਸੰਵੇਦਨਾ ਪੈਦਾ ਹੋਈ ਹੈ, ਜਿਸ `ਤੇ ਪੰਜਾਬ ਨੂੰ ਮਾਣ ਮਹਿਸੂਸ ਕਰਨਾ ਚਾਹੀਦਾ ਹੈ।
                     ਡਾ. ਜੋਗਿੰਦਰ ਸਿੰਘ ਕੈਰੋਂ ਨੇ “ਪੰਜਾਬੀ ਸਭਿਆਚਾਰ ਅਤੇ ਲੋਕਧਾਰਾ ਦਾ ਅਧਿਐਨ ਮਾਡਲ” ਵਿਸ਼ੇ ਉਪਰ ਮਹੱਤਵਪੂਰਨ ਭਾਸ਼ਣ ਦਿੰਦਿਆਂ ਪਹਿਲੇ ਰੂਪ ਵਿਚ ਸਭਿਆਚਾਰ ਦੇ ਸੰਕਲਪ ਰੂਪ ਨੂੰ ਪਰਿਭਾਸ਼ਿਤ ਕੀਤਾ ਅਤੇ ਕਿਹਾ ਕਿ ਪ੍ਰਕਿਰਤੀ ਵਿਚਲੀਆਂ ਵਸਤਾਂ ਦਾ ਮਨੁੱਖੀ ਸਮਝ ਅਨੁਸਾਰ ਵਰਤੋਂ ਵਿਹਾਰ ਹੀ ਸਭਿਆਚਾਰ ਅਖਵਾਉਂਦਾ ਹੈ।ਉਹਨਾਂ ਨੇ ਲੋਕ ਕਹਾਣੀਆਂ ਦੇ ਅਧਿਐਨ ਲਈ ਗ੍ਰੇਮਾਸ ਦੇ ਅਕਤਾਂਸ਼ੀਅਲ ਮਾਡਲ ਨੂੰ ਮੂਲ ਆਧਾਰ ਵਜੋਂ ਪੇਸ਼ ਕਰਦਿਆਂ ਕਿਹਾ ਪੰਜਾਬੀ ਭਾਸ਼ਾ ਦੀਆਂ ਪ੍ਰਮੁੱਖ ਵਿਧੀਆਂ ਅਤੇ ਵਿਧਾਵਾਂ ਨੂੰ ਨਵੇਂ ਦ੍ਰਿਸ਼ਟੀਕੋਣਾਂ ਤੋਂ ਵੇਖੇ ਜਾਣ ਦੀ ਲੋੜ ਹੈ ਜਿਸ ਤੋਂ ਸਾਨੂੰ ਇਹ ਪਤਾ ਲਗਦਾ ਹੈ ਕਿ ਪੰਜਾਬੀ ਸਭਿਆਚਾਰ ਅਤੇ ਲੋਕ ਧਾਰਾਵਾਂ ਦਾ ਇਕ ਆਪਣਾ ਇਤਿਹਾਸ ਹੈ।ਉਹਨਾਂ ਨੇ ਜੀਵਨ ਦੇ ਹਰੇਕ ਵਿਹਾਰਕ ਪੱਖ ਅੰਦਰ ਇਸੇ ਮਾਡਲ ਦੀ ਕਾਰਜਸ਼ੀਲਤਾ ਬਾਰੇ ਖੋਜ਼ ਕਰਨ `ਤੇ ਜ਼ੋਰ ਦਿੱਤਾ।
                           ਇਸ ਸਮਾਗਮ ਦੌਰਾਨ ਪੰਜਾਬੀ ਅਧਿਐਨ ਸਕੂਲ ਵਲੋਂ ਸਥਾਪਿਤ ਕੀਤੇ ਗਏ ਖੋਜ਼-ਵਿਦਿਆਰਥੀਆਂ ਦੇ ਮੰਚ “ਪੰਜਾਬੀ ਖੋਜ ਮੰਚ” ਬਾਰੇ ਵਿਭਾਗ ਦੇ ਸੀਨੀਅਰ ਖੋਜ-ਵਿਦਿਆਰਥੀ ਮਨੀਸ਼ ਕੁਮਾਰ ਨੇ ਖੋਜ-ਮੰਚ ਦੀਆਂ ਵੱਖ-ਵੱਖ ਗਤੀਵਿਧਿਆਂ ਅਤੇ ਪ੍ਰਾਪਤੀਆਂ ਤੋਂ ਜਾਣੂ ਕਰਵਾਇਆ।ਸਮਾਗਮ ਦੌਰਾਨ ਵਿਭਾਗ ਦੇ ਖੋਜ਼-ਵਿਦਿਆਰਥੀਆਂ ਵਲੋਂ ਵੱਖ-ਵੱਖ ਭਾਸ਼ਣਾਂ ਸਬੰਧੀ ਵਿਚਾਰ ਚਰਚਾ ਕੀਤੀ ਗਈ।ਅੰਤ ਵਿੱਚ ਵਿਭਾਗ ਦੇ ਸੀਨੀਅਰ ਅਧਿਆਪਕ ਪੋ੍. (ਡਾ.) ਰਮਿੰਦਰ ਕੌਰ ਨੇ ਆਏ ਹੋਏ ਮਹਿਮਾਨਾਂ, ਖੋਜ-ਵਿਦਿਆਰਥੀਆਂ ਅਤੇ ਵਿਦਿਆਰਥੀਆਂ ਦਾ ਰਸਮੀ ਧੰਨਵਾਦ ਕੀਤਾ।
                            ਇਸ ਮੌਕੇ ਵਿਭਾਗ ਦੇ ਅਧਿਆਪਕ ਡਾ. ਹਰਿੰਦਰ ਕੌਰ, ਡਾ. ਬਲਜੀਤ ਕੌਰ, ਡਾ. ਪਵਨ ਕੁਮਾਰ, ਡਾ. ਇੰਦਰਪ੍ਰੀਤ ਕੌਰ, ਡਾ. ਜਸਪਾਲ ਸਿੰਘ, ਡਾ. ਕੰਵਲਜੀਤ ਕੌਰ, ਡਾ. ਕੰਵਲਦੀਪ ਕੌਰ, ਡਾ. ਹਰਿੰਦਰ ਸਿੰਘ ਅਤੇ ਵੱਡੀ ਗਿਣਤੀ ਵਿਚ ਖੋਜ-ਵਿਦਿਆਰਥੀ ਤੇ ਵਿਦਿਆਰਥੀ ਸ਼ਾਮਿਲ ਸਨ।

Check Also

ਆਰ.ਆਰ.ਆਰ ਕੰਪਨੀ ਨਾਲ ਠੋਸ ਕਚਰਾ ਇਕੱਠਾ ਕਰਨ ਸਬੰਧੀ ਸਮੀਖਿਆ ਮੀਟਿੰਗ

ਅੰਮ੍ਰਿਤਸਰ, 30 ਜਨਵਰੀ (ਜਗਦੀਪ ਸਿੰਘ) – ਕਮਿਸ਼ਨਰ, ਨਗਰ ਨਿਗਮ ਬਿਕਰਮਜੀਤ ਸਿੰਘ ਸ਼ੇਰਗਿੱਲ ਦੇ ਨਿਰਦੇਸ਼ਾਂ ਅਨੁਸਾਰ …