Monday, November 2, 2026

ਸੰਗਤ ਲਾਂਘਾ ਕਰਤਾਰਪੁਰ ਜਥੇਬੰਦੀ ਨੇ ਪ੍ਰਧਾਨ ਮੰਤਰੀ ਮੋਦੀ ਤੇ ਪਾਕਿਸਤਾਨੀ ਸਰਕਾਰ ਦਾ ਕੀਤਾ ਧੰਨਵਾਦ

ਅੰਮ੍ਰਿਤਸਰ, 17 ਨਵੰਬਰ (ਪੰਜਾਬ ਪੋਸਟ ਬਿਊਰੋ) – ਕਰਤਾਰਪੁਰ ਸਾਹਿਬ ਦੇ ਸਾਹਮਣੇ ਭਾਰਤ ਪਾਕਿ ਸਰਹੱਦ ‘ਤੇ ਸੰਗਰਾਂਦ ਦੇ ਦਿਹਾੜੇ ਤੇ ਕੱਲ੍ਹ, ਸੰਗਤ ਲਾਂਘਾ ਕਰਤਾਰਪੁਰ ਜਥੇਬੰਦੀ ਨੇ ਆਪਣੀ ਮਾਹਵਾਰਾ ਅਰਦਾਸ, ਲਾਂਘਾ ਖੁੱਲਵਾਉਣ ਵਾਸਤੇ ਕੀਤੀ।ਅਰਦਾਸ ਤੋਂ ਤੁਰੰਤ ਬਾਅਦ ਜਥੇਬੰਦੀ ਦੇ ਮੁੱਖੀ ਭਬੀਸ਼ਨ ਸਿੰਘ ਗੁਰਾਇਆ ਨੇ ਜਦੋਂ ਸੰਗਤਾਂ ਨੂੰ ਦੱਸਿਆ ਕਿ ਟਵਿੱਟਰ ਦੀ ਇਕ ਪੋਸਟ ਮੁਤਾਬਿਕ ਪ੍ਰਧਾਨ ਮੰਤਰੀ ਨੇ ਸਬੰਧਿਤ ਵਜ਼ਾਰਤਾਂ ਨੂੰ ਹੁਕਮ ਕਰ ਦਿੱਤਾ ਹੈ ਕਿ ਲਾਂਘਾ ਖੋਲਣ ਦੇ ਇੰਤਜ਼ਾਮ ਕਰ ਲਏ ਜਾਣ ਤਾਂ ਸੰਗਤਾਂ ਨੇ ਖੁਸ਼ੀ ਵਿੱਚ ਜੈਕਾਰਿਆਂ ਦੀ ਝੜੀ ਲਾ ਦਿੱਤੀ.. “ਵਾਹਿਗੁਰੂ ਜੀ ਕੀ ਫਤਹਿ।” ਹਰ ਕਿਸੇ ਦੇ ਮੁਖ ਤੇ `ਧੰਨ ਗੁਰੂ ਨਾਨਕ` ਸੀ।ਕੈਂਥਲ (ਹਰਿਆਣਾ) ਤੋਂ ਦੋ ਬੱਸਾਂ ਵਿੱਚ ਆਈਆਂ ਸੰਗਤਾਂ ਵਿਚ ਖਾਸ਼ ਜੋਸ਼ ਵੇਖਣ ਨੂੰ ਮਿਲਿਆ।ਹਰ ਕੋਈ ਕਹਿ ਰਿਹਾ ਸੀ ਕਿ ਇਹ ਖਾਲਸਾ ਸੰਗਤ ਦੀ ਵੱਡੀ ਫਤਹਿ ਹੋਈ ਹੈ।ਕੁੱਝ ਹੀ ਦੂਰੀ ‘ਤੇ ਵਹਿੰਦੇ ਰਾਵੀ ਦਰਿਆ ਦੇ ਨਾਲ ਇਥੇ ਜ਼ਜ਼ਬਾਤਾਂ ਦਾ ਵਿਸ਼ਾਲ ਦਰਿਆ ਵੀ ਵਿਖਾਈ ਦੇ ਰਿਹਾ ਸੀ।
              ਗੁਰਾਇਆ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ ਅਤੇ ਪਾਕਿਸਤਾਨੀ ਸਰਕਾਰ ਨੂੰ ਵੀ ਸ਼ੁਕਰੀਆ ਕਿਹਾ।ਨਾਲ ਹੀ ਨਵਜੋਤ ਸਿੰਘ ਸਿੱਧੂ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਭਾਰਤੀ ਜਨਤਾ ਪਾਰਟੀ ਦੇ ਸਿੱਖ ਵਫਦ ਦਾ ਸ਼ੁਕਰੀਆ ਕੀਤਾ।ਜਿੰਨਾਂ ਪਰਸੋਂ ਪ੍ਰਧਾਨ ਮੰਤਰੀ ਨੂੰ ਮਿਲ ਕੇ ਲਾਂਘਾ ਖੋਲਣ ਦੀ ਅਪੀਲ ਕੀਤੀ ਸੀ।ਸਵ. ਜਥੇਦਾਰ ਕੁਲਦੀਪ ਸਿੰਘ ਵਡਾਲਾ ਦੀਆਂ ਸੇਵਾਵਾਂ ਨੂੰ ਵੀ ਯਾਦ ਕੀਤਾ ਗਿਆ ਅਤੇ ਹੋਰ ਗੁਰਸਿੱਖ ਪਿਆਰਿਆਂ ਦੀ ਵਡਿਆਈ ਕੀਤੀ ਗਈ ਜਿੰਨਾਂ 20 ਸਾਲ ਚੱਲੇ ਲਾਂਘਾ ਅੰਦੋਲਨ ਵਿੱਚ ਅਣਥੱਕ ਮਿਹਨਤ ਕੀਤੀ ਹੈ।ਗੁਰਾਇਆ ਨੇ ਮੀਡੀਆ ਕਰਮੀਆਂ ਦਾ ਵੀ ਧੰਨਵਾਦ ਕੀਤਾ ਜਿਹੜੇ ਸੰਗਤ ਦੀ ਮੰਗ ਨੂੰ ਲਗਾਤਾਰ ਉਚਿਤ ਥਾਂ ਦਿੰਦੇ ਆ ਰਹੇ ਨੇ।
                ਗੁਰਾਇਆ ਨੇ ਪ੍ਰਧਾਨ ਮੰਤਰੀ ਨੂੰ ਨਾਲ ਹੀ ਅਪੀਲ ਕੀਤੀ ਕਿ ਲਾਂਘਾ ਖੋਲਣ ਵਾਂਗ ਵਿਸ਼ਾਲ ਹਿਰਦਾ ਦਿਖਾਉਂਦੇ ਹੋਏ ਕਿਸਾਨਾਂ ਨੂੰ ਵੀ ਗਲ ਨਾਲ ਲਾਉਣ ਅਤੇ ਮਸਲਾ ਹੱਲ ਕਰਨ।ਪ੍ਰਧਾਨ ਮੰਤਰੀ ਦੇ ਲਾਂਘਾ ਖੋਲਣ ਦੇ ਹੁਕਮਾਂ ਦੇ ਮੱਦੇਨਜਰ ਜਥੇਬੰਦੀ `ਸੰਗਤ ਲਾਂਘਾ ਕਰਤਾਰਪੁਰ` ਨੇ ਸਰਹੱਦ ‘ਤੇ ਲਾਂਘਾ ਅਰਦਾਸਾਂ ਦਾ ਸਿਲਸਿਲਾ ਅੱਗੇ ਤੋਂ ਬੰਦ ਕਰਨ ਦਾ ਵੀ ਫੈਸਲਾ ਕੀਤਾ ਹੈ।
                    ਉਨਾਂ ਸਪੱਸ਼ਟ ਕੀਤਾ ਜਾਦਾ ਹੈ ਕਿ ਹੋਰ ਗੁਰਸਿੱਖ ਜਥੇਬੰਦੀਆਂ ਜਥੇਦਾਰ ਜਸਬੀਰ ਸਿੰਘ ਜਫਰਵਾਲ ਦੀ ਰਹਿਨੁਮਾਈ ਵਿੱਚ ਕਰਤਾਰਪੁਰ ਰਾਵੀ ਦਰਸ਼ਨ ਅਭਿਲਾਖੀ ਸੰਸਥਾ ਅਤੇ ਜਥੇਦਾਰ ਰਘਬੀਰ ਸਿੰਘ ਦੀ ਕਰਤਾਰਪੁਰ ਕੋਰੀਡੋਰ ਕਾਰਪੋਰੇਸ਼ਨ ਬਿਨਾਂ ਪਾਸਪੋਰਟ ਲਾਂਘਾ ਖੁੱਲਵਾਉਣ ਲਈ ਵੱਖਰੇ ਤੌਰ ‘ਤੇ ਮੱਸਿਆ ਅਤੇ ਪੁੰਨਿਆ ਨੂੰ ਅਰਦਾਸਾਂ ਕਰ ਰਹੇ ਹਨ।
                  ਅੰਤ ‘ਚ ਜਥੇਬੰਦੀ ਨੇ ਗੁਰੂ ਸਾਹਿਬ ਕੋਲੋਂ ਅੱਗੇ ਲਈ ਛੁੱਟੀ ਲਈ ਅਰਜ਼ੋਈ ਕੀਤੀ ਅਤੇ ਲਾਂਘਾ ਅੰਦੋਲਨ ਦਾ ਲੋਗੋ (ਨਿਸ਼ਾਨ) ਸਰਹੱਦ ‘ਤੇ ਮੌਜ਼ੂਦ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਜਥੇਦਾਰ ਸੁਖਦੇਵ ਸਿੰਘ ਨਿਹੰਗ ਨੂੰ ਰਸਮੀ ਤੌਰ ਤੇ ਸੌਪ ਦਿੱਤਾ।

Check Also

ਖ਼ਾਲਸਾ ਯੂਨੀਵਰਸਿਟੀ ਵਿਖੇ ਵਿਹਾਰਕ ਸਿੱਖਿਆ ਸਬੰਧੀ ਸੈਮੀਨਾਰ

ਅੰਮ੍ਰਿਤਸਰ, 1 ਨਵੰਬਰ (ਸੁਖਬੀਰ ਸਿੰਘ ਖੂਰਮਣੀਆਂ) – ਵਿਦਿਆਰਥੀਆਂ ਨੂੰ ਕਲਾਸਰੂਮ ਦੀ ਸਿੱਖਿਆ ਤੋਂ ਅਗਾਂਹ ਵਧ …