40 ਲੱਖ ਦੀ ਲਾਗਤ ਨਾਲ ਬਣਨ ਵਾਲੇ ਸ਼ਮਸ਼ਾਨਘਾਟ ਦੇ ਕੰਮ ਦੀ ਕੀਤੀ ਸ਼ੁਰੂਆਤ
ਅੰਮ੍ਰਿਤਸਰ, 19 ਨਵੰਬਰ (ਸੁਖਬੀਰ ਸਿੰਘ) – ਕੇਂਦਰ ਸਰਕਾਰ ਵਲੋਂ ਕਰੀਬ ਪਿਛਲੇ ਇਕ ਸਾਲ ਤੋਂ ਤਿੰਨੇ ਖੇਤੀ ਕਾਲੇ ਕਾਨੂੰਨ ਨੂੰ ਰੱਦ ਕਰਵਾਉਣ ਲਈ ਧਰਨੇ ਤੇ ਬੈਠੇ ਕਿਸਾਨਾਂ ਦੀ ਜਿੱਤ ਹੋਈ ਹੈ ਅਤੇ ਕੇਂਦਰ ਸਰਕਾਰ ਨੂੰ ਆਖਿਰ ਤਿੰਨੇ ਖੇਤੀ ਕਾਲੇ ਕਾਨੂੰਨ ਰੱਦ ਕਰਨੇ ਪਏ ਹਨ।ਇਨਾਂ ਪ੍ਰਗਟਾਵਾ ਕਰਦਿਆਂ ਓਮ ਪ੍ਰਕਾਸ਼ ਸੋਨੀ ਉਪ ਮੁੱਖ ਮੰਤਰੀ ਪੰਜਾਬ ਨੇ ਕਿਹਾ ਕਿ ਅੱਜ ਦਾ ਇਹ ਦਿਨ ਬਹੁਤ ਹੀ ਇਤਿਹਾਸਕ ਹੈ ਅਤੇ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਇਨਾਂ ਕਾਨੂੰਨਾਂ ਨੂੰ ਰੱਦ ਕਰਨਾ ਬਹੁਤ ਹੀ ਸ਼ਲਾਘਾਯੋਗ ਕਦਮ ਹੈ।
ਸੋਨੀ ਨੇ ਕਿਹਾ ਕਿ ਇਨਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਲੰਬੇ ਸਮੇਂ ਤੋਂ ਸਾਡੇ ਕਿਸਾਨ ਦਿੱਲੀ ਬਾਰਡਰ ਤੇ ਧਰਨਿਆਂ ਤੇ ਬੈਠੇ ਹੋਏ ਸੀ ਅਤੇ ਕਰੀਬ 700 ਕਿਸਾਨਾਂ ਨੇ ਇਸ ਅੰਦੋਲਨ ਦੌਰਾਨ ਆਪਣੀ ਸ਼ਹੀਦੀ ਵੀ ਦਿੱਤੀ ਹੈ। ਉਨਾਂ ਕਿਹਾ ਕਿ ਕੇਂਦਰ ਨੂੰ ਇਹ ਪਹਿਲਾਂ ਹੀ ਕਾਲੇ ਕਾਨੂੰਨ ਵਾਪਿਸ ਲੈ ਲਏ ਜਾਣੇ ਚਾਹੀਦੇ ਸਨ।ਸੋਨੀ ਨੇ ਕਿਹਾ ਕਿ ਭਾਵੇਂ ਇਹ ਅੰਦੋਲਨ ਲੰਬਾ ਚਲਿਆ ਹੈ, ਪ੍ਰੰਤੂ ਆਖਿਰ ਕਿਸਾਨਾਂ ਦੀ ਹੀ ਜਿੱਤ ਹੋਈ ਹੈ।ਉਨਾਂ ਕਿਹਾ ਕਿ ਦੇਸ਼ ਦੀ ਆਜ਼ਾਦੀ ਲਈ ਵੀ ਸਭ ਤੋਂ ਪਹਿਲਾਂ ਅੰਦੋਲਨ ਪੰਜਾਬ ਤੋਂ ਹੀ ਸ਼ੁਰੂ ਹੋਏ ਸਨ।ਸੋਨੀ ਨੇ ਪ੍ਰੈਸ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਡੀ ਸਰਕਾਰ ਨੇ ਤਾਂ ਪਹਿਲਾਂ ਹੀ ਇਹ ਤਿੰਨੇ ਕਾਨੂੰਨ ਮੁੱਢੋਂ ਹੀ ਰੱਦ ਕਰ ਦਿੱਤੇ ਸਨ।ਇਕ ਸਵਾਲ ਦੇ ਜਵਾਬ ਵਿੱਚ ਸੋਨੀ ਨੇ ਕਿਹਾ ਕਿ 2022 ਦੀਆਂ ਚੋਣਾਂ ਵਿੱਚ ਕਾਂਗਰਸ ਫਿਰ ਸੱਤਾ ਵਿੱਚ ਆਵੇਗੀ।
ਸੋਨੀ ਵਲੋਂ ਵਾਰਡ ਨੰਬਰ 70 ਵਿਖੇ 40 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਸ਼ਮਸ਼ਾਨਘਾਟ ਦੇ ਕੰਮ ਦੀ ਕੀਤੀ ਸ਼ੁਰੂਆਤ ਕਰਵਾਈ ਅਤੇ ਵਾਰਡ ਨੰਬਰ 70 ਵਿਖੇ ਹੀ ਗੁਰਦੁਆਰਾ ਗੁਰੂ ਨਾਨਕ ਪਰਿਵਾਰ ਨੂੰ ਹਾਲ ਦੀ ਉਸਾਰੀ ਲਈ 2.50 ਲੱਖ ਰੁਪਏ ਦਾ ਚੈਕ ਵੀ ਭੇਟ ਕੀਤਾ।ਸੋਨੀ ਨੇ ਕਿਹਾ ਕਿ ਕੇਂਦਰੀ ਵਿਧਾਨ ਸਭਾ ਹਲਕੇ ਅਧੀਨ 95 ਫੀਸਦੀ ਤੋਂ ਜਿਆਦਾ ਵਿਕਾਸ ਕਾਰਜ਼ ਮੁਕੰਮਲ ਹੋ ਚੁੱਕੇ ਹਨ ਅਤੇ ਬਾਕੀ ਰਹਿੰਦੇ ਵਿਕਾਸ ਕਾਰਜ ਵੀ ਜਲਦ ਹੀ ਮੁਕੰਮਲ ਕਰ ਦਿੱਤੇ ਜਾਣਗੇ।ਸੋਨੀ ਨੂੰ ਗੁਰਦੁਆਰਾ ਕਮੇਟੀ ਵਲੋਂ ਸਿਰੋਪਾ ਪਾ ਕੇ ਸਨਮਾਨਿਤ ਵੀ ਕੀਤਾ ਗਿਆ।
ਇਸ ਮੌਕੇ ਕੌਂਸਲਰ ਵਿਕਾਸ ਸੋਨੀ, ਪਰਮਜੀਤ ਸਿੰਘ ਚੋਪੜਾ, ਲਖਵਿੰਦਰ ਸਿੰਘ, ਰਮਨ ਵਿਰਕ, ਜਸਬੀਰ ਸਿੰਘ ਸਾਬੀ, ਬਲਵਿੰਦਰ ਸਿੰਘ ਚੌਧਰ, ਕਮਲ ਪਹਿਲਵਾਨ ਤੋਂ ਇਲਾਵਾ ਵੱਡੀ ਗਿਣਤੀ ‘ਚ ਇਲਾਕਾ ਨਿਵਾਸੀ ਹਾਜ਼ਰ ਸਨ।