68ਵੇਂ ਸਰਬ ਭਾਰਤੀ ਸਹਿਕਾਰੀ ਦਿਵਸ ਸਮਾਗਮ ਦਾ ਕੀਤਾ ਉਦਘਾਟਨ
ਅੰਮ੍ਰਿਤਸਰ, 19 ਨਵੰਬਰ (ਸੁਖਬੀਰ ਸਿੰਘ) – ਤਿੰਨੇ ਖੇਤੀ ਕਾਲੇ ਕਾਨੂੰਨ ਰੱਦ ਹੋਣ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕਰਦੇ ਹੋਏ ਗੁਰਜੀਤ ਸਿੰਘ
ਔਜਲਾ ਸਸੰਦ ਮੈਂਬਰ ਨੇ ਕਿਹਾ ਕਿ ਇਹ ਤਿੰਨੇ ਖੇਤੀ ਕਾਲੇ ਕਾਨੂੰਨੀ ਪਹਿਲਾਂ ਹੀ ਰੱਦ ਕਰ ਦੇਣੇ ਚਾਹੀਦੇ ਸਨ ਤਾਂ ਜੋ 700 ਦੇ ਕਰੀਬ ਕਿਸਾਨਾਂ ਦੀ ਸ਼ਹਾਦਤ ਨਾ ਹੁੰਦੀ।ਉਨਾਂ ਕਿਹਾ ਕਿ ਤਿੰਨੇ ਖੇਤੀ ਕਾਲੇ ਕਾਨੂੰਨ ਰੱਦ ਹੋਣਾ ਪੰਜਾਬ ਤੇ ਪੰਜਾਬੀਅਤ ਦੀ ਇੱਕ ਵੱਡੀ ਜਿੱਤ ਹੈ।ਉਨਾਂ ਕਿਹਾ ਕਿ ਕਿਸਾਨ ਕੇਵਲ ਆਪਣੇ ਲਈ ਅੰਦੋਲਨ ਨਹੀਂ ਸੀ ਕਰ ਰਹੇ, ਉਹ ਤਾਂ ਆਮ ਲੋਕਾਂ ਲਈ ਅੰਦੋਲਤ ਤਾਂ ਜੋ ਉਨਾਂ ਨੂੰ ਮਹਿੰਗਾਈ ਦੀ ਮਾਰ ਤੋਂ ਬਚਾਇਆ ਜਾ ਸਕੇ।
ਇਨਾਂ ਸ਼ਬਦਾਂ ਦਾ ਪ੍ਰਗਟਾਵਾ ਗੁਰਜੀਤ ਸਿੰਘ ਔਜਲਾ ਨੇ ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਚੰਡੀਗੜ੍ਹ ਵਲੋਂ 68ਵਾਂ ਸਰਬ ਭਾਰਤੀ ਸਹਿਕਾਰੀ ਦਿਵਸ ਆਰਟ ਗੈਲਰੀ ਅੰਮ੍ਰਿਤਸਰ ਵਿਖੇ ਸਮਾਗਮ ਦੌਰਾਨ ਕੀਤਾ।ਔਜਲਾ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਦੀਆਂ ਵਧਾਈਆਂ ਦਿੱਤੀਆਂ ਅਤੇ ਦੱਸਿਆ ਕਿ ਸਹਿਕਾਰਤਾ ਲਹਿਰ ਗੁਰੂ ਪਾਤਸ਼ਾਹ ਜੀ ਦੇ ਦੱਸੇ ਹੋਏ ਫਲਸਫੇ ਦੀ ਸਹੀ ਤਰਜ਼ਮਾਨੀ ਕਰਦੀ ਹੋਈ, ਬਰਾਬਰਤਾ, ਸਾਂਝੀਵਾਲਤਾ ਅਤੇ ਸਾਂਝੇ ਤੌਰ ਤੇ ਸਮੁੱਚੇ ਸਮਾਜ ਦੀ ਤਰੱਕੀ ਵਿੱਚ ਆਪਣਾ ਯੋਗਦਾਨ ਪਾ ਰਹੀ ਹੈ।ਔਜਲਾ ਨੇ ਕਿਸਾਨਾਂ ਨੂੰ ਕਿਹਾ ਕਿ ਉਹ ਕਰਜ਼ਿਆਂ ਦੀ ਸਹੀ ਵਰਤੋਂ ਅਤੇ ਕਿਸ਼ਤਾਂ ਨੂੰ ਸਮੇਂ ਸਿਰ ਵਾਪਸ ਕਰਨ।
ਔਜਲਾ ਨੇ ਕਿਹਾ ਕਿ ਅੱਜ ਦੇ ਯੁੱਗ ਵਿੱਚ ਨੌਜਵਾਨਾਂ ਨੂੰ ਅੱਗੇ ਆ ਕੇ ਖੇਤੀ ਕਰਨੀ ਚਾਹੀਦੀ ਹੈ।ਉਨਾਂ ਕਿਹਾ ਕਿ ਨੌਜਵਾਨ ਸਹਿਕਾਰੀ ਸਭਾਵਾਂ ਤੋਂ ਕਰਜਾ ਲੈ ਕੇ ਆਪਣਾ ਕੰਮ ਵਧੀਆ ਢੰਗ ਨਾਲ ਸ਼ੁਰੂ ਕਰ ਸਕਦੇ ਹਨ।ਔਜਲਾ ਨੇ ਦੱਸਿਆ ਕਿ ਸਹਿਕਾਰੀ ਸਭਾਵਾਂ ਦਾ ਮੁੱਖ ਕੰਮ ਡਿਫਾਲਟਰ ਕਿਸਾਨਾਂ ਨੂੰ ਕਰਜੇ ਤੋਂ ਰਾਹਤ ਦਿਵਾਉਣਾ ਹੈ।ਔਜਲਾ ਵਲੋਂ ਸਹਿਕਾਰੀ ਸੰਸਥਾਵਾਂ, ਵੇਰਕਾ, ਮਾਰਕਫੈਡ, ਪੰਜਾਬ ਐਗਰੋ, ਸਹਿਕਾਰੀ ਬੈਂਕ ਅਤੇ ਹੋਰ ਵੱਖ ਵੱਖ ਬੈਂਕ ਹੈਲਪ ਗਰੁੱਪਾਂ ਵਲੋਂ ਲਗਾਏ ਗਏ ਸਟਾਲਾ ਦਾ ਨਿਰੀਖਣ ਵੀ ਕੀਤਾ।
ਇਸ ਤੋਂ ਪਹਿਲਾਂ ਸਹਾਹਿਕ ਮੈਨੇਜਿੰਗ ਡਾਇਰੈਕਟਰ ਸ੍ਰੀਮਤੀ ਬਰਜਿੰਦਰ ਕੌਰ ਨੇ ਮੁੱਖ ਮਹਿਮਾਨ ਨੂੰ ‘ਜੀ ਆਇਆਂ’ ਕਿਹਾ ਅਤੇ ਬੈਂਕਾਂ ਵਲੋਂ ਚਲਾਈਆਂ ਜਾ ਰਹੀਆਂ ਕਰਜ਼ਾ ਸਕੀਮਾਂ, ਕਰਜ਼ਾ ਪੁਨਰਗਠਨ ਸਕੀਮ ਅਤੇ ਦੰਡਿਤ ਵਿਆਜ ਮਾਫੀ ਸਕੀਮ ਬਾਰੇ ਵਿਸਥਾਰਪੂਰਪਕ ਚਾਨਣਾ ਪਾਇਆ।ਸ੍ਰੀਮਤੀ ਬਰਜਿੰਦਰ ਕੌਰ ਨੇ ਔਜਲਾ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਤ ਵੀ ਕੀਤਾ।
ਭੁਪਿੰਦਰਪ੍ਰੀਤ ਸਿੰਘ ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾਂ, ਪ੍ਰੀਤ ਮਹਿੰਦਰ ਸਿੰਘ ਡੀ.ਜੀ.ਐਮ, ਜਸਕੀਰਤ ਸਿੰਘ ਨੇ ਨੌਜਵਾਨ ਔਰਤਾਂ ਅਤੇ ਪੱਛੜੇ ਵਰਗਾਂ ਨੂੰ ਸਹਿਕਾਰਤਾ ਬਾਰੇ ਜਾਣਕਾਰੀ ਦਿੱਤੀ।ਸਮਾਗਮ ਨੂੰ ਸਾਬਕਾ ਵਿਧਾਇਕ ਅਤੇ ਚੇਅਰਮੈਨ ਪਨਸੀਡ ਜੁਗਲ ਕਿਸ਼ੋਰ ਸ਼ਰਮਾ ਨੇ ਵੀ ਸੰਬੋਧਨ ਕੀਤਾ।
ਇਸ ਮੌਕੇ ਵਿਧਾਇਕ ਸੁਨੀਲ ਦੱਤੀ, ਚੇਅਰਮੈਨ ਜਿਲ੍ਹਾ ਯੋਜਨਾ ਬੋਰਡ ਰਾਜ ਕੰਵਲਪ੍ਰੀਤ ਸਿੰਘ ਲੱਕੀ, ਜਗਬੀਰ ਸਿੰਘ ਕੋਟਲੀ, ਡਾਇਰੈਕਟਰ ਐਸ.ਏ.ਡੀ.ਬੀ, ਅਵਤਾਰ ਸਿੰਘ, ਸਨਪ੍ਰੀਤ ਸਿੰਘ ਔਜਲਾ, ਹਰਮਨ ਔਜਲਾ, ਸੁਖਰਾਜ ਰੰਧਾਵਾ, ਹਰਪ੍ਰੀਤ ਸਿੰਘ ਚੀਮਾ ਤੋਂ ਇਲਾਵਾ ਵੱਡੀ ਗਿਣਤੀ ‘ਚ ਅਧਿਕਾਰੀ ਅਤੇ ਕਿਸਾਨ ਹਾਜ਼ਰ ਸਨ।
Punjab Post Daily Online Newspaper & Print Media