ਰਾਧਾ ਸੁਆਮੀ ਸਤਿਸੰਗ ਬਿਆਸ ਵਲੋਂ ਦਾਨ ਕੀਤੀ ਜ਼ਮੀਨ ‘ਤੇ ਅਤਿ-ਆਧੁਨਿਕ ਕੰਪਲੈਕਸ ਦਾ ਨਿਰਮਾਣ
ਬਿਆਸ, 20 ਨਵੰਬਰ (ਪੰਜਾਬ ਪੋਸਟ ਬਿਊਰੋ) – ਨਵੇਂ ਬਣੇ ਸਬ-ਤਹਿਸੀਲ ਬਿਆਸ ਦੇ ਕੰਪਲੈਕਸ ਦੀ ਅਤਿ ਆਧੁਨਿਕ ਇਮਾਰਤ ਨੂੰ ਲੋਕ ਅਰਪਣ ਕਰਦਿਆਂ
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਸੂਬੇ ਦੇ ਸਰਬਪੱਖੀ ਵਿਕਾਸ ਵਿੱਚ ਧਾਰਮਿਕ ਸੰਸਥਾਵਾਂ ਦੀ ਭੂਮਿਕਾ ਹਮੇਸ਼ਾ ਹੀ ਸ਼ਲਾਘਾਯੋਗ ਰਹੀ ਹੈ।ਰਾਧਾ ਸੁਆਮੀ ਸਤਿਸੰਗ ਬਿਆਸ ਦਾ ਧੰਨਵਾਦ ਕਰਦਿਆਂ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਹੁਣ ਬਿਆਸ ਵਿਖੇ ਇਸ ਸਹੂਲਤ ਦਾ ਸਿੱਧਾ ਲਾਭ ਲਗਭਗ 30 ਪਿੰਡਾਂ ਦੇ 70000 ਤੋਂ ਵੱਧ ਵਸਨੀਕਾਂ ਨੂੰ ਮਿਲੇਗਾ।ਇਹ ਕੰਪਲੈਕਸ ਪ੍ਰਸ਼ਾਸਨਿਕ ਕੰਮਾਂ ਅਤੇ ਲੋੜੀਂਦੇ ਦਸਤਾਵੇਜ਼ਾਂ ਸਮੇਤ ਜ਼ਮੀਨ ਦੀ ਰਜਿਸਟਰੀ, ਫਰਦ ਲੈਣ ਆਦਿ ਤੋਂ ਇਲਾਵਾ ਸੁਵਿਧਾ ਕੇਂਦਰ ਤੇ ਫਰਦ ਕੇਂਦਰ ਵਰਗੀਆਂ ਜਰੂਰੀ ਸੇਵਾਵਾਂ ਦੇਵੇਗਾ।ਉਨ੍ਹਾਂ ਕਿਹਾ ਕਿ ਵੱਖ-ਵੱਖ ਵਿਭਾਗਾਂ ਨਾਲ ਸਬੰਧਤ ਵਧ ਤੋਂ ਵੱਧ ਨਾਗਰਿਕ ਸੇਵਾਵਾਂ ਇੱਕੋ ਛੱਤ ਹੇਠ ਮੁਹੱਈਆ ਕਰਵਾਈਆਂ ਜਾਣਗੀਆਂ, ਜਿਸ ਨਾਲ ਲੋਕਾਂ ਨੂੰ ਲੋੜੀਂਦੇ ਦਸਤਾਵੇਜ਼ ਸਮੇਂ ਸਿਰ ਅਤੇ ਤੁਰੰਤ ਜਾਰੀ ਹੋ ਸਕਣਗੇ।
ਜਿਕਰਯੋਗ ਹੈ ਕਿ ਰਾਧਾਸੁਆਮੀ ਸਤਿਸੰਗ ਬਿਆਸ ਨੇ ਸਬ ਤਹਿਸੀਲ ਦਫ਼ਤਰ ਲਈ ਨਵਾਂ ਕੰਪਲੈਕਸ ਬਣਾ ਕੇ ਪੰਜਾਬ ਸਰਕਾਰ ਨੂੰ ਦਿੱਤਾ ਹੈ, ਜੋ ਕਿ ਪੰਜ ਏਕੜ ਜ਼ਮੀਨ ਵਾਲੇ ਵਿਸ਼ਾਲ ਖੇਤਰ ਦੇ ਨਾਲ ਸੂਬੇ ਦੀਆਂ ਆਧੁਨਿਕ ਇਮਾਰਤਾਂ ਵਿੱਚੋਂ ਇੱਕ ਹੈ।ਇਸ ਕੰਪਲੈਕਸ ਵਿੱਚ ਉਪ ਤਹਿਸੀਲਦਾਰ ਦੇ ਦਫ਼ਤਰ ਅਤੇ ਅਦਾਲਤੀ ਕਮਰੇ ਸਮੇਤ ਕੁੱਲ 34 ਕਮਰੇ ਅਤੇ ਇੱਕ ਕਾਨਫਰੰਸ ਰੂਮ ਹੈ, ਜਦਕਿ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦੇ ਕੈਂਪ ਦਫ਼ਤਰ ਲਈ ਵੀ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ।ਇਮਾਰਤ ਦਾ ਡਿਜ਼ਾਇਨ, ਲੇਆਉਟ ਅਤੇ ਆਰਕੀਟੈਕਚਰ ਭਵਿੱਖ ਵਿੱਚ ਬਣਨ ਵਾਲੀਆਂ ਅਜਿਹੀਆਂ ਇਮਾਰਤਾਂ ਲਈ ਨਮੂਨੇ ਵਜੋਂ ਵਰਤਿਆ ਜਾ ਸਕਦਾ ਹੈ।
ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਰਾਧਾ ਸੁਆਮੀ ਸਤਿਸੰਗ ਬਿਆਸ ਵਲੋਂ 5 ਕਰੋੜ ਰੁਪਏ ਦੀ ਲਾਗਤ ਨਾਲ ਸਬ-ਤਹਿਸੀਲ ਬਣਾਉਣ ਲਈ ਧੰਨਵਾਦ ਕੀਤਾ।ਇਕ ਸਵਾਲ ਦਾ ਜਵਾਬ ਦਿੰਦੇ ਹੋਏ ਚੰਨੀ ਨੇ ਕਿਹਾ ਕਿ ਡੀ.ਜੀ.ਪੀ ਦੀ ਨਿਯੁੱਕਤੀ ਦਾ ਪੈਨਲ ਪਹਿਲਾਂ ਹੀ ਭੇਜਿਆ ਜਾ ਚੁੱਕਾ ਹੈ ਅਤੇ ਉਸ ਅਨੁਸਾਰ ਹੀ ਨਿਯੁੱਕਤੀ ਕੀਤੀ ਜਾਵੇਗੀ।ਮੁੱਖ ਮੰਤਰੀ ਨੇ ਕਿਹਾ ਕਿ ਨਸ਼ਿਆਂ ਦੇ ਮੁੱਦੇ `ਤੇ ਪੰਜਾਬ ਸਰਕਾਰ ਇਸ ਅਲਾਮਤ ਨੂੰ ਜੜ੍ਹੋਂ ਪੁੱਟਣ ਲਈ ਹਰ ਸੰਭਵ ਯਤਨ ਕਰ ਰਹੀ ਹੈ ਅਤੇ ਵੱਡੀਆਂ ਮੱਛੀਆਂ ਨੂੰ ਫੜਨ ਲਈ ਕਾਨੂੰਨ ਆਪਣਾ ਕੰਮ ਕਰ ਰਿਹਾ ਹੈ।
ਇਸ ਮੌਕੇ ਵਿਧਾਇਕ ਸੰਤੋਖ ਸਿੰਘ ਭਲਾਈਪੁਰ, ਤਰਸੇਮ ਸਿੰਘ ਡੀ.ਸੀ ਅਤੇ ਬਲਵਿੰਦਰ ਸਿੰਘ ਲਾਡੀ, ਚੇਅਰਮੈਨ ਪਨਗ੍ਰੇਨ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ, ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਅਤੇ ਐਸ.ਐਸ.ਪੀ ਰਾਕੇਸ਼ ਕੌਸ਼ਲ ਵੀ ਹਾਜ਼ਰ ਸਨ।
Check Also
ਐਨ.ਡੀ.ਡੀ.ਬੀ ਦੇ ਚੇਅਰਮੈਨ ਡਾ. ਮਨੇਸ਼ ਸ਼ਾਹ ਵਲੋਂ ਵੇਰਕਾ ਮਿਲਕ ਪਲਾਂਟ ਦਾ ਦੌਰਾ
ਅੰਮ੍ਰਿਤਸਰ, 4 ਅਪ੍ਰੈਲ (ਸੁਖਬੀਰ ਸਿੰਘ) – ਨੈਸ਼ਨਲ ਡੇਅਰੀ ਡਿਵੈਲਪਮੈਂਟ ਬੋਰਡ (ਐਨ.ਡੀ.ਡੀ.ਬੀ) ਦੇ ਚੇਅਰਮੈਨ ਡਾ. ਮਨੇਸ਼ …
Punjab Post Daily Online Newspaper & Print Media