18 ਵਿਭਾਗਾਂ ਨੇ ਇਕੋ ਹੀ ਛੱਤ ਥੱਲੇ ਮੁਹੱਈਆ ਕਰਵਾਈਆਂ ਸਹੂਲਤਾਂ ਬਾਰੇ ਸੁਵਿਧਾ ਕੈਂਪ ਦਾ ਕੀਤਾ ਉਦਘਾਟਨ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਲੋਕਾਂ ਦੀ ਸਹੂਲਤ ਲਈ ਪੰਜਾਬ ਸਰਕਾਰ ਸੁਵਿਧਾ ਕੈਂਪ ਲਗਾ ਕੇ ਲੋਕਾਂ ਨੂੰ ਸੁੱਖ ਸੁਵਿਧਾਵਾਂ ਪਹੁੰਚਾਉਣ ਲਈ ਉਨਾਂ ਦੇ
ਦਵਾਰ ਤੱਕ ਪੁੱਜੀ ਹੈ ਅਤੇ ਲੋਕਾਂ ਨੂੰ ਇਕੋ ਹੀ ਛੱਤ ਥੱਲੇ ਸਾਰੀ ਮੁੱਢਲੀਆਂ ਸਹੂਲਤਾਂ ਮੁਹੱਈਆਂ ਕਰਵਾਈਆਂ ਜਾ ਰਹੀਆਂ ਹਨ, ਤਾਂ ਜੋ ਲੋਕਾਂ ਦੇ ਪੈਸੇ ਅਤੇ ਸਮੇਂ ਦੀ ਬਚਤ ਹੋ ਸਕੇ।
ਇਹ ਪ੍ਰਗਟਾਵਾ ਓਮ ਪ੍ਰਕਾਸ਼ ਸੋਨੀ ਉਪ ਮੁੱਖ ਮੰਤਰੀ ਪੰਜਾਬ ਨੇ ਕੇਂਦਰੀ ਵਿਧਾਨ ਸਭਾ ਹਲਕੇ ਅੰਦਰ ਆਈ.ਟੀ.ਆਈ ਬੇਰੀ ਗੇਟ ਵਿੱਚ ਲਗਾਏ ਗਏ ਸੁਵਿਧਾ ਕੈਂਪ ਦਾ ਉਦਘਾਟਨ ਕਰਨ ਉਪਰੰਤ ਕੀਤਾ।ਸੋਨੀ ਨੇ ਕਿਹਾ ਕਿ ਸਰਕਾਰ ਦਾ ਮੁੱਖ ਉਦੇਸ਼ ਲੋਕਾਂ ਨੂੰ ਸਰਕਾਰ ਵਲੋ ਚਲਾਈਆਂ ਜਾਂਦੀਆਂ ਭਲਾਈ ਸਕੀਮਾਂ ਦਾ ਲਾਭ ਬਿਨਾਂ ਕਿਸੇ ਖੱਜ਼ਲ ਖੁਆਰੀ ਦੇ ਮੁਹੱਈਆ ਕਰਵਾਉਣਾ ਹੈ।ਜਿਸ ਤਹਿਤ ਰਾਜ ਭਰ ਵਿਚ ਸੁਵਿਧਾ ਕੈਪ ਲਗਾ ਕੇ ਲੋਕਾਂ ਨੂੰ ਘਰ ਦੇ ਨਜ਼ਦੀਕ ਹੀ ਸਾਰੀਆਂ ਸੇਵਾਵਾਂ ਇਕੋ ਹੀ ਛੱਤ ਥੱਲੇ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਤਾਂ ਜੋ ਲੋਕਾਂ ਦੇ ਸਮੇ ਅਤੇ ਪੈਸੇ ਦੀ ਬਚਤ ਅਤੇ ਸਰਕਾਰੀ ਦਫਤਰਾਂ ਦੇ ਚੱਕਰ ਵੀ ਨਾ ਮਾਰਣੇ ਪੈਣ।
ਸ਼੍ਰੀ ਸੋਨੀ ਨੇ ਸੁਵਿਧਾ ਕੈਂਪ ਵਿਚ ਵੱਖ-ਵੱਖ ਵਿਭਾਗਾਂ ਵਲੋ ਲਗਾਏ ਗਏ ਸਟਾਲਾਂ ਦਾ ਨਿਰੀਖਣ ਕੀਤਾ ਅਤੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ।ਸੋਨੀ ਨੇ ਦੱਸਿਆ ਕਿ ਅੱਜ ਦੇ ਇਸ ਸੁਵਿਧਾ ਕੈਂਪ ਵਿੱਚ 18 ਵਿਭਾਗਾਂ ਵਲੋਂ ਆਪਣੇ ਸਟਾਲ ਲਗਾ ਕੇ ਲੋਕਾਂ ਨੂੰ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਅਤੇ ਮੌਕੇ ਤੇ ਹੀ ਉਨਾਂ ਦੀਆਂ ਮੁਸ਼ਕਲਾਂ ਦਾ ਨਿਪਟਾਰਾ ਕੀਤਾ ਜਾ ਰਿਹਾ ਹੈ।ਉਨਾਂ ਕਿਹਾ ਕਿ ਉਨਾਂ ਦੀ ਸਰਕਾਰ ਵਲੋ ਪਹਿਲਾਂ ਹੀ ਲਾਲ ਲਕੀਰ ਦੇ ਅੰਦਰ ਰਹਿ ਰਹੇ ਲੋਕਾਂ ਨੂੰ ਮਾਲਕਾਨਾ ਹੱਕ ਦੇ ਦਿੱਤੇ ਹਨ।ਜਿੰਨ੍ਹਾਂ ਸ਼ਹਿਰ ਵਾਸੀਆਂ ਕੋਲ ਆਪਣੇ ਮਕਾਨ ਨਹੀ ਹਨ ਨੂੰ ਸਰਕਾਰ ਵਲੋ 1.50 ਲੱਖ ਰੁਪਏ ਦੀ ਸਹਾਇਤਾ ਵੀ ਦਿੱਤੀ ਜਾ ਰਹੀ ਹੈ, ਤਾਂ ਜੋ ਉਹ ਆਪਣਾ ਮਕਾਨ ਬਣਾ ਸਕਣ।
ਉਨਾਂ ਦੱਸਿਆ ਕਿ ਇਨਾਂ ਕੈਂਪਾਂ ਵਿਚ ਬਿਜਲੀ ਬਿਲਾਂ ਦੇ ਬਕਾਇਆ ਰਾਸ਼ੀ ਦੀ ਮਆਫ਼ੀ, ਬੁੱਢਾਪਾ, ਵਿਧਵਾ, ਅੰਗਹੀਣ ਤੇ ਆਸ਼ਿਰਤਾਂ ਨੂੰ ਪੈਨਸ਼ਨ, ਪ੍ਰਧਾਨ ਮੰਤਰੀ ਯੋਜਨਾ ਅਧੀਨ ਪੱਕਾ ਮਕਾਨ ਬਨਾਉਣ ਲਈ ਦਰਖਾਸਤ, ਬਿਜਲੀ ਕੁਨੈਕਸ਼ਨ, ਘਰਾਂ ਵਿਚ ਪਖਾਨੇ, ਐਲ.ਪੀ.ਜੀ ਗੈਸ ਕੁਨੈਕਸ਼ਨ, ਸਰਬਤ ਸਿਹਤ ਬੀਮਾ ਯੋਜਨਾ ਦੇ ਕਾਰਡ, ਆਸ਼ੀਰਵਾਦ ਸਕੀਮ, ਬੱਚਿਆਂ ਲਈ ਵਜੀਫੇ, ਬੇਰੁਜ਼ਗਾਰਾਂ ਲਈ ਨੌਕਰੀ ਦੇ ਪ੍ਰਸਤਾਵ ਤੇ ਕਰਜ਼ਾ ਸਹੂਲਤਾਂ, ਬੱਸ ਪਾਸ, ਜ਼ਮੀਨਾਂ ਤੇ ਪਲਾਟਾਂ ਦੇ ਇੰਤਕਾਲ, ਕਣਕ ਦੇ ਬੀਜ ਦੀ ਸਬਸਿਡੀ ਲਈ ਬਿਨੈ ਪੱਤਰ, ਮਨਰੇਗਾ ਦੇ ਜਾਬ ਕਾਰਡ ਆਦਿ ਤੋਂ ਇਲਾਵਾ ਹੋਰ ਵੀ ਵਿਭਾਗਾਂ ਦੀਆਂ ਸਕੀਮਾਂ ਦੇ ਲਾਭ ਮੌਕੇ ਉਤੇ ਦਿੱਤੇ ਗਏ ਹਨ, ਜੋ ਕਿ ਪ੍ਰਸ਼ਾਸਨ ਦਾ ਬਹੁਤ ਵਧੀਆ ਉਦਮ ਹੈ।
ਇੱਕ ਸਵਾਲ ਦੇ ਜਵਾਬ ਵਿੱਚ ਸੋਨੀ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਦਾ ਧੰਨਵਾਦ ਕਰਦੇ ਹਨ, ਜਿਨ੍ਹਾਂ ਨੇ ਤਿੰਨੇ ਕਾਲੇ ਕਾਨੂੰਨ ਰੱਦ ਕਰ ਦਿੱਤੇ ਹਨ।ਪਰ ਇਹ ਫੈਸਲਾ ਪਹਿਲਾਂ ਹੀ ਲੈ ਲੈਣਾ ਚਾਹੀਦਾ ਸੀ ਤਾਂ ਜੋ ਸਾਡੇ 700 ਤੋਂ ਵੱਧ ਸ਼ਹੀਦ ਨਾ ਹੁੰਦੇ।ਉਨਾਂ ਕਿਹਾ ਕਿ ਤਿੰਨੇ ਕਾਨੂੰਨਾਂ ਦੇ ਰੱਦ ਹੋਣ ਨਾਲ ਪੰਜਾਬ, ਪੰਜਾਬੀਅਤ ਅਤੇ ਕਿਸਾਨਾਂ ਦੀ ਜਿੱਤ ਹੋਈ ਹੈ।ਉਨਾਂ ਕਿਹਾ ਕਿ ਆਉਣ ਵਾਲੀਆਂ ਚੋਣਾਂ ਵਿੱਚ ਲੋਕ ਕੰਮ ਦੇ ਆਧਾਰ ‘ਤੇ ਵੋਟਾਂ ਪਾਉਣਗੇ ਅਤੇ ਮੁੜ ਕਾਂਗਰਸ ਸਰਕਾਰ ਆਪਣੇ ਕੀਤੇ ਗਈ ਵਿਕਾਸ ਕਾਰਜ਼ਾਂ ਬਦੌਲਤ ਸੱਤਾ ਵਿੱਚ ਆਵੇਗੀ।
ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ, ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਰੂਹੀ ਦੁੱਗ, ਡਿਪਟੀ ਮੇਅਰ ਯੂਨਸ ਕੁਮਾਰ, ਚੇਅਰਮੈਨ ਮਹੇਸ਼ ਖੰਨਾ, ਚੇਅਰਮੈਨ ਅਰੁਣ ਕੁਮਾਰ ਪੱਪਲ, ਰੀਜਨਲ ਟਰਾਂਸਪੋਰਟ ਸਕੱਤਰ ਅਰਸ਼ਦੀਪ ਸਿੰਘ, ਐਸ.ਡੀ.ਐਮ ਟੀ. ਬੈਨਿਥ, ਪਰਮਜੀਤ ਸਿੰਘ ਬੱਤਰਾ ਸੀਨੀਅਰ ਵਾਈਸ ਚੇਅਰਮੈਨ ਮੀਡੀਅਮ ਸਕੇਲ ਇੰਡਸਟਰੀ, ਕੌਂਸਲਰ ਵਿਕਾਸ ਸੋਨੀ, ਸੁਰਿੰਦਰ ਕੁਮਾਰ ਛਿੰਦਾ, ਕੌਂਸਲਰ ਸ੍ਰੀਮਤੀ ਰਾਜਵੀਰ ਕੌਰ, ਕੌਂਸਲਰ ਸਰਬਜੀਤ ਸਿੰਘ ਭੱਟੀ, ਪਰਮਜੀਤ ਸਿੰਘ ਚੋਪੜਾ, ਗੁਰਦੇਵ ਸਿੰਘ ਦਾਰਾ ਤੇ ਵਿਕਾਸ ਮਿਸ਼ਰਾ ਆਦਿ ਹਾਜ਼ਰ ਸਨ।
Punjab Post Daily Online Newspaper & Print Media