ਨੌਜਵਾਨਾਂ ਨੂੰ ਨੌਕਰੀਆਂ ਲੱਭਣ ਦੀ ਥਾਂ ਨੌਕਰੀਆਂ ਦੇਣ ਲਈ ਉਦਮੀ ਬਣਨ ਦਾ ਸੱਦਾ
ਕਪੂਰਥਲਾ, 1 ਦਸੰਬਰ (ਪੰਜਾਬ ਪੋਸਟ ਬਿੳਰੋ) – ਪੰਜਾਬ ਦੇ ਤਕਨੀਕੀ ਸਿੱਖਿਆ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵਲੋਂ ਤਕਨੀਕੀ
ਖੇਤਰ ਅੰਦਰ ਗੁਣਵੱਤਾ ਭਰਪੂਰ ਸਿੱਖਿਆ ਨੂੰ ਯਕੀਨੀ ਬਣਾਉਣ ਦੇ ਮਕਸਦ ਨਾਲ ਜਲਦ ਹੀ ‘ਰੈਗੂਲੇਸ਼ਨ ਅਥਾਰਟੀ’ ਕਾਇਮ ਕੀਤੀ ਜਾਵੇਗੀ, ਜਿਸ ਵਿਚ ਅਕਾਦਮਿਕ ਖੇਤਰ ਦੇ ਵਿਦਵਾਨਾਂ ਦੀ ਵੱਡੀ ਸ਼ਮੂਲੀਅਤ ਹੋਵੇਗੀ।
ਅੱਜ ਇਥੇ ਇੰਦਰ ਕੁਮਾਰ ਗੁਜ਼ਰਾਲ ਪੰਜਾਬ ਤਕਨੀਕੀ ਯੂਨੀਵਰਸਿਟੀ ਵਿਖੇ ਮੈਗਾ ਜਾਬ ਮੇਲੇ ਦੌਰਾਨ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਜਿਨ੍ਹਾਂ ਕੋਲ ਪਹਿਲਾਂ ਤਕਨੀਕੀ ਸਿੱਖਿਆ ਮੰਤਰੀ ਦਾ ਅਹੁੱਦਾ ਸੀ, ਨੇ ਕਿਹਾ ਕਿ ਉਨ੍ਹਾਂ ਵਲੋਂ ਸਾਲ 2018 ਵਿਚ ਮੈਗਾ ਰੁਜ਼ਗਾਰ ਮੇਲਿਆਂ ਦੀ ਸ਼ੁਰੂਆਤ ਕੀਤੀ ਗਈ ਸੀ, ਜਿਸਦਾ ਹੁਣ ਤੱਕ ਲੱਖਾਂ ਨੌਜਵਾਨਾਂ ਨੇ ਲਾਭ ਲਿਆ ਹੈ।
ਉਨ੍ਹਾਂ ਕਿਹਾ ਕਿ ਵਿਭਾਗ ਦਾ ਮੁੱਖ ਮਕਸਦ ਨੌਜਵਾਨਾਂ ਨੂੰ ਹੁਨਰਮੰਦ ਬਣਾਉਣਾ ਹੈ, ਤਾਂ ਜੋ ਉਹ ਆਪਣਾ ਰੁਜ਼ਗਾਰ ਸ਼ੁਰੂ ਕਰਨ ਦੇ ਸਮਰੱਥ ਹੋ ਸਕਣ।
ਇਸ ਤੋਂ ਪਹਿਲਾਂ ਉਨ੍ਹਾਂ ਸਾਬਕਾ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜ਼ਰਾਲ ਦੀ ਤਸਵੀਰ ’ਤੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਵੀ ਭੇਂਟ ਕੀਤੇ।
ਉਨ੍ਹਾਂ ਪੀ.ਟੀ.ਯੂ ਕੈਂਪਸ ਵਿਖੇ ਵਿਦਿਆਰਥੀਆਂ ਦੀ ਚੋਣ ਲਈ ਪੁੱਜੀਆਂ ਕੰਪਨੀਆਂ ਦੇ ਪਲੈਸਮੈਂਟ ਸੈਲਾਂ ਵਿਖੇ ਜਾ ਕੇ ਰੁਜ਼ਗਾਰ ਦਾਤਿਆਂ ਤੇ ਨੌਜਵਾਨਾਂ ਨਾਲ ਵੀ ਗੱਲਬਾਤ ਕੀਤੀ।ਉਨ੍ਹਾਂ ਇਸ ਸਮੇਂ 11 ਵਿਦਿਆਰਥੀ ਜੋ ਕਿ ਨੌਕਰੀ ਲਈ ਚੁਣੇ ਗਏ ਹਨ ਉਨ੍ਹਾਂ ਨੂੰ ਨਿਯੁੱਕਤੀ ਪੱਤਰ ਵੀ ਸੌਂਪੇ।
ਕੈਬਨਿਟ ਮੰਤਰੀ ਨੇ ਸਮਾਗਮ ਦੌਰਾਨ ਹੀ ਨੌਜਵਾਨ ਸਿਮਰਨਜੀਤ ਸਿੰਘ ਨੂੰ ਕਪੂਰਥਲਾ ਜਿਲ੍ਹੇ ਵਿਚ ਨਸ਼ਿਆਂ ਵਿਰੁੱਧ ਮੁਹਿੰਮ ਦਾ ਬਰਾਂਡ ਅੰਬੈਸਡਰ ਬਣਾਉਣ ਦਾ ਐਲਾਨ ਕੀਤਾ।ਜਿਸ ਨੇ ਕਿ ਇਸ ਸਮਾਜਿਕ ਬੁਰਾਈ ਨੂੰ ਮਾਤ ਦੇ ਕੇ ਮਿਸ਼ਨ ਰੈਡ ਸਕਾਈ ਤਹਿਤ ਨੌਕਰੀ ਪ੍ਰਾਪਤ ਕੀਤੀ ਹੈ।ਇਸ ਤੋਂ ਇਲਾਵਾ ਉਨ੍ਹਾਂ ਨੌਜਵਾਨ ਲੜਕੀ ਦੀਪਜੋਤ ਕੌਰ ਦੇ ਘਰ ਜਾ ਕੇ ਉਸਨੂੰ ਸਫਲ ਉੱਦਮੀ ਵਜੋਂ ਸਥਾਪਿਤ ਹੋਣ ਦੇ ਗੁਰ ਸਾਂਝੇ ਕਰਨ ਦਾ ਵੀ ਵਾਅਦਾ ਕੀਤਾ।
ਡਿਪਟੀ ਕਮਿਸ਼ਨਰ ਸ਼੍ਰੀਮਤੀ ਦੀਪਤੀ ਉੱਪਲ ਨੇ ਦੱਸਿਆ ਕਿ ਕਪੂਰਥਲਾ ਜਿਲ੍ਹੇ ਨੂੰ ਰੁਜ਼ਗਾਰ ਦੇਣ ਦੇ ਮਾਮਲੇ ਵਿਚ ਪੰਜਾਬ ਭਰ ਵਿਚੋਂ ਪਹਿਲਾਸ ਹਾਸਿਲ ਹੋਇਆ ਹੈ। ਜਿਲ੍ਹਾ ਰੁਜ਼ਗਾਰ ਬਿਊਰੋ ਵਲੋਂ ਆਪਣੀ ਸਥਾਪਨਾ ਤੋਂ ਲੈੈ ਕੇ ਹੁਣ ਤੱਕ 15204 ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਗਈਆਂ ਹਨ।
ਇਸ ਤੋਂ ਪਹਿਲਾਂ ਯੂਨੀਵਰਸਿਟੀ ਦੇ ਰਜਿਸਟਰਾਰ ਜਸਪ੍ਰੀਤ ਸਿੰਘ ਆਈ.ਏ.ਐਸ ਵਲੋਂ ਤਕਨੀਕੀ ਸਿੱਖਿਆ ਮੰਤਰੀ ਦਾ ਸਵਾਗਤ ਕੀਤਾ ਗਿਆ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਐਸ ਪੀ ਆਂਗਰਾ, ਐਸ.ਡੀ.ਐਮ. ਡਾ ਜੈ ਇੰਦਰ ਸਿੰਘ ਤੋਂ ਇਲਾਵਾ ਯੂਨੀਵਰਸਿਟੀ ਤੇ ਸਿਵਲ ਪ੍ਰਸ਼ਾਸ਼ਨ ਦੇ ਉੱਚ ਅਧਿਕਾਰੀ ਹਾਜ਼ਰ ਸਨ।
Punjab Post Daily Online Newspaper & Print Media