ਖ਼ਾਲਸਾ ਕਾਲਜ ਵਿਖੇ ਰਘੂ ਰਾਏ ਨੇ ਵਿਦਿਆਰਥੀਆਂ ਨੂੰ ਦੱਸੇ ਫੋਟੋ ਪੱਤਰਕਾਰੀ ਦੇ ਗੁਰ
ਅੰਮ੍ਰਿਤਸਰ, 4 ਦਸੰਬਰ (ਖੁਰਮਣੀਆਂ) – ਖ਼ਾਲਸਾ ਕਾਲਜ ਦੇ ਪੱਤਰਕਾਰੀ ਤੇ ਜਨਸੰਚਾਰ ਵਿਭਾਗ ਵੱਲੋਂ ਵਿਸ਼ਵ ਪ੍ਰੱਸਿਧ ਫੋਟੋ ਪੱਤਰਕਾਰ ਰਘੂ ਰਾਏ, ਵਿਰਾਸਤ
ਸੰਭਾਲ ਮਾਹਿਰ ਗੁਰਮੀਤ ਸੰਘਾ ਰਾਏ ਅਤੇ ਫ਼ਿਲਮਕਾਰ ਅਵਨੀ ਰਾਏ ਦਾ ਰੂਬਰੂ ਸਮਾਗਮ ਆਯੋਜਿਤ ਕੀਤਾ ਗਿਆ।ਸਮਾਗਮ ਦੌਰਾਨ ਰਘੂ ਰਾਏ ਦੇ ਫੋਟੋ ਪੱਤਰਕਾਰੀ ਦੇ ਸਫ਼ਰ ਦੀ ਭਾਵਪੂਰਤ ਪੇਸ਼ਕਾਰੀ ਕਰਦੀ ਅਵਨੀ ਰਾਏ ਵੱਲੋਂ ਬਣਾਈ ਗਈ ਦਸਤਾਵੇਜ਼ੀ ਫ਼ਿਲਮ ‘ਰਘੂ ਰਾਏ: ਐਨ ਅਨਫਰੇਮਡ ਪੋਟਰੇਟ’ ਦਿਖਾਈ ਗਈ।
ਵਿਦਿਆਰਥੀਆਂ ਨਾਲ ਆਪਣੇ 50 ਸਾਲ ਤੋਂ ਲੰਮੇ ਫ਼ੋਟੋ ਪੱਤਰਕਾਰੀ ਦੇ ਸਫ਼ਰ ਦੇ ਯਾਦਗਾਰੀ ਪਲ ਸਾਂਝੇ ਕਰਦਿਆਂ ਰਘੂ ਰਾਏ ਨੇ ਕਿਹਾ ਕਿ ਉਨ੍ਹਾਂ ਦੇ ਸਮੁੱਚੇ ਸਫ਼ਰ ਦਾ ਆਧਾਰ ਉਨ੍ਹਾਂ ਦੇ ਮਾਪਿਆਂ ਵੱਲੋਂ ਸਿਖਾਈਆਂ ਗਈਆਂ ਕਦਰਾਂ੍ਕੀਮਤਾਂ ਰਹੇ।ਉਨ੍ਹਾਂ ਕਿਹਾ ਕਿ ਮੈਂ ਜੋ ਵੀ ਕੀਤਾ ਦਿਲ ਦੀ ਆਵਾਜ਼ ਸੁਣ ਕੇ ਕੀਤਾ।ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਸਮਿਆਂ ਦੇ ਵਿਚ ਕਿਸੇ ਪੱਤਰਕਾਰ ਦੇ ਕਿਸੇ ਸਿਆਸੀ ਜਾਂ ਵਪਾਰਕ ਹਸਤੀ ਨਾਲ ਨਜ਼ਰ ਆਉਣਾ ਵੀ ਪਾਪ ਸਮਝਿਆ ਜਾਂਦਾ ਸੀ।ਜਦੋਂ ਪੱਤਰਕਾਰ ਦੇ ਨੇੜਤਾ ਕਿਸੇ ਨਾਲ ਵਧ ਜਾਂਦੀ ਹੈ ਤਾਂ ਉਸ ਦੀ ਪੱਤਰਕਾਰੀ ਵਿਚ ਉਸ ਬਾਰੇ ਉਲਾਰ ਆ ਜਾਂਦਾ ਹੈ।ਉਨ੍ਹਾਂ ਪੱਤਰਕਾਰੀ ਦੇ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਕਿ ਕਿਸੇ ਵੀ ਘਟਨਾ ਦੀ ਰਿਪੋਰਟਿੰਗ ਕਰਦੇ ਸਮੇਂ ਸਿਰਫ਼ ਆਪਣੇ ਦਿਲ ਦੀ ਆਵਾਜ਼ ਸੁਣਨ ਤਾਂ ਜੋ ਉਹ ਇਮਾਨਦਾਰੀ ਨਾਲ ਪੱਤਰਕਾਰੀ ਕਰ ਸਕਣ।
ਵਿਰਾਸਤੀ ਇਮਾਰਤਾਂ ਦੀ ਸੰਭਾਲ ਲਈ ਕੌਮਾਂਤਰੀ ਪ੍ਰਸਿੱਧੀ ਪ੍ਰਾਪਤ ਕਨਜ਼ਰਵੇਸ਼ਨ ਆਰਕੀਟੈਕਟ ਗੁਰਮੀਤ ਸੰਘਾ ਰਾਏ ਨੇ ਦੱਸਿਆ ਕਿ ਉਨ੍ਹਾਂ ਦਾ ਪਾਲਣ੍ ਪੋਸ਼ਣ ਭਾਵੇਂ ਪੰਜਾਬ ਵਿੱਚ ਨਹੀਂ ਹੋਇਆ।ਪਰ ਉਹ ਬਚਪਨ ਤੋਂ ਹੀ ਗੁਰਦਾਸਪੁਰ ਸਥਿਤ ਆਪਣੇ ਨਾਨਕੇ ਪਿੰਡ ਨਾਲ ਜੁੜੇ ਰਹੇ।ਇਸ ਤਰ੍ਹਾਂ ਉਨ੍ਹਾਂ ਆਪਣੇ ਵੱਡ-ਵੱਡੇਰਿਆਂ ਨਾਲ ਬਹੁਤ ਸਮਾਂ ਗ਼ੁਜ਼ਾਰਿਆ ਤੇ ਉਨ੍ਹਾਂ ਤੋਂ ਪੰਜਾਬੀਅਤ ਵਾਲੇ ਦਯਾ, ਸਹਿਚਾਰ, ਭਾਈਚਾਰੇ ਤੇ ਅਸੂਲਾਂ ’ਤੇ ਪਹਿਰਾ ਦੇਣ ਵਾਲੀਆਂ ਕਦਰਾਂ ੍ਕੀਮਤਾਂ ਸਿੱਖੀਆਂ।ਉਨ੍ਹਾਂ ਕਿਹਾ ਕਿ ਵਿਦਿਆਰਥੀ ਭਾਵੇਂ ਕਿਸੇ ਵੀ ਖੇਤਰ ਵਿਚ ਜਾਣ ਪਰ ਉਨ੍ਹਾਂ ਦੀ ਸਫ਼ਲਤਾ ਦਾ ਪੈਮਾਨਾ ਉਨ੍ਹਾਂ ਵੱਲੋਂ ਅਪਣਾਏ ਗਏ ਪਰਿਵਾਰਕ ਮੁੱਲਾਂ ਨਾਲ ਹੀ ਮਿੱਥਿਆ ਜਾਵੇਗਾ।ਉਨ੍ਹਾਂ ਅਫ਼ਸੋਸ ਜ਼ਾਹਿਰ ਕਰਦਿਆਂ ਕਿਹਾ ਕਿ ਵਿਰਾਸਤ ਨੂੰ ਸੰਭਾਲਣ ਵਿਚ ਪੰਜਾਬੀ ਅਵੇਸਲੇ ਰਹੇ ਹਨ।ਉਨ੍ਹਾਂ ਨੂੰ ਪੰਜਾਬ ਦੀ ਪੁਰਾਤਨ ਵਿਰਾਸਤਾਂ ਦੀ ਨਿਸ਼ਾਨਦੇਹੀ ਕਰਨ ਤੇ ਉਨ੍ਹਾਂ ਦੀ ਸਾਂਭ ਸੰਭਾਲ ਕਰਨ ਵਾਸਤੇ ਕਾਫ਼ੀ ਸੰਘਰਸ਼ ਕਰਨਾ ਪਿਆ।ਉਨ੍ਹਾਂ ਉਮੀਦ ਜਤਾਉਂਦਿਆਂ ਕਿਹਾ ਕਿ ਨਵੀਂ ਪੀੜ੍ਹੀ ਆਪਣੀ ਵਿਰਾਸਤ ਸੰਭਾਲਣ ਪ੍ਰਤੀ ਜ਼ਿਆਦਾ ਸੁਚੇਤ ਹੋਵੇ।
ਰਘੂ ਰਾਏ ਦੇ ਫੋਟੋ ਪੱਤਰਕਾਰੀ ਦੇ ਸਫ਼ਰ ਦਾ ਵੱਖ੍ਵੱਖ ਪੜਾਵਾਂ ਨੂੰ ਬਿਆਨ ਕਰਦੀ ਦਸਤਾਵੇਜ਼ੀ ਫ਼ਿਲਮ ਦਿਖਾਈ ਗਈ। ਫ਼ਿਲਮਕਾਰ ਅਵਨੀ ਰਾਏ ਨੇ ਦੱਸਿਆ ਕਿ ਕੁੱਝ ਸਹਿਪਾਠੀਆਂ ਦੇ ਸੁਝਾਅ ’ਤੇ ਉਨ੍ਹਾਂ ਨੇ ਰਘੂ ਰਾਏ ਬਾਰੇ ਦਸਤਾਵੇਜ਼ੀ ਫ਼ਿਲਮ ਬਣਾਉਣੀ ਸ਼ੁਰੂ ਕੀਤੀ, ਜਿਸ ਨੂੰ ਬਣਾਉਣ ਵਿਚ ਕਰੀਬ 6 ਸਾਲ ਲੱਗ ਗਏ ਇਸ ਵਿਚ ਉਨ੍ਹਾਂ ਵੱਲੋਂ ਸਾਲ 1984 ਵਿਚ ਹੋਈ ਭੋਪਾਲ ਗੈਸ ਤ੍ਰਾਸਦੀ ਦੀ ਮੌਕੇ ’ਤੇ ਜਾ ਕੇ ਕੀਤੀ ਗਈ ਫੋਟੋ ਪੱਤਰਕਾਰੀ ਨੂੰ ਖ਼ਾਸ ਤੌਰ ’ਤੇ ਦਰਸਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਖਿੱਚਿਆਂ ਗਈਆਂ ਤਸਵੀਰਾਂ ਨੇ ਦੁਨੀਆਂ ਨੂੰ ਇਸ ਤ੍ਰਾਸਦੀ ਦੀ ਭਿਆਨਕਤਾ ਦੇ ਰੂਬਰੂ ਕਰਵਾਇਆ, ਜਿਸ ਦਾ ਅਸਰ ਅੱਜ ਤੱਕ ਜਾਰੀ ਹੈ। ਅਵਨੀ ਰਾਏ ਨੇ ਦੱਸਿਆ ਕਿ ਰਘੂ ਰਾਏ ਨਾਲ ਕਸ਼ਮੀਰ ਜਾ ਕੇ ਉਨ੍ਹਾਂ ਪਹਿਲੀ ਵਾਰ ਉੱਥੋਂ ਦੇ ਹਾਲਾਤ ਅੱਖੀਂ ਦੇਖੇ, ਜੋ ਬਾਅਦ ਵਿਚ ਉਨ੍ਹਾਂ ਦੀ ਫ਼ੋਟੋਕਾਰੀ ਤੇ ਫ਼ਿਲਮਕਾਰੀ ਦਾ ਮਹੱਤਵਪੂਰਨ ਵਿਸ਼ਾ ਬਣਿਆ।ਰਘੂ ਰਾਏ ’ਤੇ ਬਣਾਈ ਗਈ ਦਸਤਾਵੇਜ਼ੀ ਫ਼ਿਲਮ ਕੌਮਾਂਤਰੀ ਪੱਧਰ ਦੇ ਕਈ ਫ਼ਿਲਮ ਉਤਸਵਾਂ ਵਿਚ ਪ੍ਰਸ਼ੰਸਾ ਹਾਸਲ ਕਰ ਚੁੱਕੀ ਹੈ। ਅਵਨੀ ਰਾਏ ਅੱਜ ਕੱਲ੍ਹ ਦੇਸ਼ ਦੀ ਵੰਡ ਨਾਲ ਸੰਬੰਧਤ ਦਸਤਾਵੇਜ਼ੀ ਫ਼ਿਲਮ ਬਣਾ ਰਹੇ ਹਨ।
ਮਹਿਮਾਨਾਂ ਨੂੰ ‘ਜੀ ਆਇਆਂ’ ਨੂੰ ਆਖਦਿਆਂ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਕੇ ਕਿਹਾ ਕਿ ਰਘੂ ਰਾਏ ਦੀ ਫੋਟੋ ਪੱਤਰਕਾਰੀ ਰਾਹੀਂ ਸਾਹਮਣੇ ਆਈਆਂ ਤਸਵੀਰਾਂ ਸਮੁੱਚੇ ਰੂਪ ਵਿਚ ਇਤਿਹਾਸਕ ਦਸਤਾਵੇਜ਼ ਹਨ।
ਉਨ੍ਹਾਂ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਅਜਿਹੇ ਸਮਾਗਮ ਵਿਦਿਆਰਥੀਆਂ ਦੇ ਬਹੁਪੱਖੀ ਵਿਕਾਸ ਲਈ ਮਹਤੱਵਪੂਰਨ ਭੂਮਿਕਾ ਨਿਭਾਉਂਦੇ ਹਨ।ਕਾਲਜ ਦੇ ਡੀਨ ਅਕਾਦਮਿਕ ਮਾਮਲੇ ਡਾ. ਤਮਿੰਦਰ ਸਿੰਘ ਭਾਟੀਆ ਨੇ ਰਸਮੀ ਧੰਨਵਾਦ ਕਰਦਿਆਂ ਕਿਹਾ ਕਿ ਰਘੂ ਰਾਏ ਦੀਆਂ ਤਸਵੀਰਾਂ ਤੇ ਪੁਸਤਕਾਂ ਰਾਹੀਂ ਉਨ੍ਹਾਂ ਬਚਪਨ ਤੋਂ ਹੀ ਦੁਨੀਆ ਨੂੰ ਦੇਖਣ ਤੇ ਸਮਝਣ ਦਾ ਨਜ਼ਰੀਆ ਹਾਸਲ ਕੀਤਾ।ਅੱਜ ਕਾਲਜ ਲਈ ਮਾਣ ਵਾਲੀ ਗੱਲ ਹੈ ਕਿ ਉਹ ਰਘੂ ਰਾਏ, ਗੁਰਮੀਤ ਸੰਘਾ ਰਾਏ ਤੇ ਅਵਨੀ ਰਾਏ ਕਾਲਜ ਦੇ ਵਿਹੜੇ ਵਿਚ ਆ ਕੇ ਸਾਡੇ ਨਾਲ ਉਹ ਤਜ਼ਰਬੇ ਸਾਂਝੇ ਕਰ ਰਹੇ ਹਨ। ਉਨ੍ਹਾਂ ਪੱਤਰਕਾਰੀ ਤੇ ਜਨਸੰਚਾਰ ਵਿਭਾਗ ਨੂੰ ਮੁਬਾਰਕਬਾਦ ਦਿੱਤੀ।
ਇਸ ਤੋਂ ਪਹਿਲਾਂ ਮੰਚ ਦਾ ਸੰਚਾਲਨ ਕਰਦਿਆਂ ਬੀ.ਏ ਜਰਨਲਿਜ਼ਮ ਦੀ ਵਿਦਿਆਰਥਣ ਸਾਕਸ਼ੀ ਸ਼ਰਮਾ ਨੇ ਸਮਾਗਮ ਆਰੰਭ ਕੀਤਾ। ਵਿਦਿਆਰਥੀ ਜਸ਼ਨਪ੍ਰੀਤ ਸਿੰਘ ਨੇ ਰਘੂ ਰਾਏ ਦੀ ਫੋਟੋ ਪੱਤਰਕਾਰੀ ਬਾਰੇ ਹਾਜ਼ਰ ਸਰੋਤਿਆਂ ਨੂੰ ਸੰਖੇਪ ਜਾਣਕਾਰੀ ਦਿੱਤੀ। ਪੱਤਰਕਾਰੀ ਤੇ ਜਨਸੰਚਾਰ ਵਿਭਾਗ ਦੇ ਇੰਚਾਰਜ ਪ੍ਰੋ. ਜਗਦੀਪ ਸਿੰਘ ਨੇ ਵਿਚਾਰ ਚਰਚਾ ਆਰੰਭ ਕਰਦਿਆਂ ਰਘੂ ਰਾਏ, ਗੁਰਮੀਤ ਸੰਘਾ ਰਾਏ ਤੇ ਅਵਨੀ ਰਾਏ ਦੇ ਕਾਰਜਾਂ ਦੇ ਵੱਖ-ਵੱਖ ਪੱਖਾਂ ਬਾਰੇ ਚਾਨਣਾ ਪਾਇਆ। ਵਿਦਿਆਰਥੀਆਂ ਨੇ ਫੋਟੋ ਪੱਤਰਕਾਰੀ, ਵਿਰਾਸਤ ਸੰਭਾਲ ਤੇ ਫ਼ਿਲਮਕਾਰੀ ਬਾਰੇ ਗੰਭੀਰ ਸੁਆਲ ਪੁੱਛੇ, ਜਿਨ੍ਹਾਂ ਦੇ ਤਿੰਨਾਂ ਮਹਿਮਾਨਾਂ ਨੇ ਭਾਵਪੂਰਤ ਜੁਆਬ ਦਿੱਤੇ। ਵਿਭਾਗ ਦੇ ਪ੍ਰੋਫ਼ੈਸਰ ਇੰਚਾਰਜ ਪੋ੍ਰ. ਜਸਪ੍ਰੀਤ ਕੌਰ ਨੇ ਕਿਹਾ ਕਿ ਵਿਭਾਗ ਵੱਲੋਂ ਭਵਿੱਖ ਵਿਚ ਵੀ ਇਸ ਤਰ੍ਹਾਂ ਦੇ ਸਮਾਗਮਾਂ ਦਾ ਆਯੋਜਨ ਕੀਤਾ ਜਾਂਦਾ ਰਹੇਗਾ ਤਾਂ ਜੋ ਵਿਦਿਆਰਥੀਆਂ ਨੂੰ ਪੱਤਰਕਾਰੀ ਦੇ ਖੇਤਰ ਲਈ ਤਿਆਰ ਕੀਤਾ ਜਾ ਸਕੇ।
ਇਸ ਮੌਕੇ ਕਾਲਜ ਦੇ ਓ.ਐਸ.ਡੀ ਮੈਡਮ ਸੁਖਮੀਨ ਬੇਦੀ, ਪੰਜਾਬੀ ਵਿਭਾਗ ਦੇ ਮੁਖੀ ਡਾ. ਆਤਮ ਰੰਧਾਵਾ ਤੇ ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਡਾ. ਦਲਜੀਤ ਸਿੰਘ ਵਿਸ਼ੇਸ਼ ਰੂਪ ਵਿਚ ਹਾਜ਼ਰ ਰਹੇ। ਪੱਤਰਕਾਰੀ ਵਿਭਾਗ ਦੇ ਸਟਾਫ਼ ਮੈਂਬਰਾਂ ਪ੍ਰੋ. ਰਾਹੁਲ ਪਾਂਡੇ, ਪ੍ਰੋ. ਸ਼ਿਵਮ ਜੋਸ਼ੀ, ਪ੍ਰੋ. ਫੈਰੀ ਭਾਟੀਆ ਤੇ ਪ੍ਰੋ. ਰਾਜੇਸ਼ ਤਲਵਾਰ, ਦਵਿੰਦਰ ਸਿੰਘ ਤੇ ਲਵਲਜੀਤ ਕੌਰ ਨੇ ਸਮਾਗਮ ਨੂੰ ਸਫ਼ਲ ਬਣਾਉਣ ਵਿਚ ਭਰਪੂਰ ਯੋਗਦਾਨ ਪਾਇਆ।
Punjab Post Daily Online Newspaper & Print Media