ਨਾਦ ਪ੍ਰਗਾਸੁ ਵਲੋਂ ਭਾਈ ਵੀਰ ਸਿੰਘ ਦੀ 150 ਸਾਲਾ ਜਨਮ ਸ਼ਤਾਬਦੀ ਦੀ ਆਰੰਭਤਾ ਸਮਾਗਮਾਂ ਦੀ ਸ਼ੁਰੂਆਤ
ਅੰਮ੍ਰਿਤਸਰ, 6 ਦਸੰਬਰ (ਖੁਰਮਣੀਆਂ) – “ਭਾਈ ਵੀਰ ਸਿੰਘ ਨੂੰ ਭਾਈ ਗੁਰਦਾਸ ਅਤੇ ਭਾਈ ਮਨੀ ਸਿੰਘ ਦੀ ਨਿਰੰਤਰਤਾ ਵਿੱਚ ਸਮਝੇ ਜਾਣ ਦੀ ਲੋੜ ਹੈ, ਕਿਉਂਕਿ
ਇਨ੍ਹਾਂ ਤਿੰਨੋ ਸਖਸ਼ੀਅਤਾਂ ਵਿੱਚ ਸਾਹਿਤਕ ਸਿਰਜਣਾ ਅਤੇ ਅਧਿਆਤਮਕ ਅਨੁਭਵ ਆਪਣਾ ਸੁਜੋੜ ਹਾਸਲ ਕਰੀ ਬੈਠਾ ਹੈ। ਉਨ੍ਹਾਂ ਬਾਰੇ ਹੋਈ ਪ੍ਰਗਤੀਵਾਦੀ ਅਲੋਚਨਾ ਨੇ ਭਾਈ ਵੀਰ ਸਿੰਘ ਦੇ ਚਿੰਤਨ ਅਤੇ ਯੋਗਦਾਨ ਨੂੰ ਉੁਲਾਰੂ ਭਾਵਨਾ ਤਹਿਤ ਸਮਝਣ ਦੀ ਕੋਸ਼ਿਸ਼ ਕੀਤੀ ਹੈ।” ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਇਥੇ ਨਾਦ ਪ੍ਰਗਾਸੁ ਵੱਲੋਂ ਭਾਈ ਵੀਰ ਸਿੰਘ ਦੇ 149ਵੇਂ ਜਨਮ ਦਿਨ ਅਤੇ 150 ਸਾਲਾ ਜਨਮ ਸ਼ਤਾਬਦੀ ਦੀ ਆਰੰਭਤਾ ਮੌਕੇ ਕਰਵਾਏ ਗਏ ਵਿਸ਼ੇਸ਼ ਸਿਮ੍ਰਤੀ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਪੰਜਾਬੀ ਅਧਿਐਨ ਸਕੂਲ ਦੇ ਸਾਬਕਾ ਮੁਖੀ ਡਾ. ਧਰਮ ਸਿੰਘ ਨੇ ਕੀਤਾ।
ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਡਾ. ਗੁਰਨਾਮ ਕੌਰ ਬੇਦੀ ਨੇ ਭਾਈ ਵੀਰ ਸਿੰਘ ਦੇ ਚਿੰਤਨੀ ਮਿਆਰ ਅਤੇ ਯੋਗਦਾਨ ਨੂੰ ਰਾਬਿੰਦਰ ਨਾਥ ਟੈਗੋਰ, ਮੁਹੰਮਦ ਇਕਬਾਲ ਅਤੇ ਅਰਬਿੰਦੂ ਦੇ ਸਮਾਨ ਆਧੁਨਿਕ ਭਾਰਤ ਦੇ ਸਿਰਜਕ ਵਜੋਂ ਦਰਸਾਇਆ।ਭਾਈ ਵੀਰ ਸਿੰਘ ਦੁਆਰਾ ਅਨੁਵਾਦਿਤ ਪਲੈਟੋ ਦੀ ਪੁਸਤਕ (ਸੰਪਾ. ਡਾ. ਹਰਵਿੰਦਰ ਸਿੰਘ) ਦਾ ਪੋਸਟਰ ਅਤੇ ਗੁਰਮੁਖੀ ਅਖਬਾਰ ਦਾ ਭਾਈ ਵੀਰ ਸਿੰਘ ਵਿਸ਼ੇਸ਼ ਅੰਕ ਵੀ ਰਿਲੀਜ਼ ਕੀਤੇ ਗਏ।
ਤਿੰਨ ਸੈਸ਼ਨਾਂ ਵਿਚ ਹੋਏ ਅੱਜ ਦੇ ਇਸ ਵਿਸ਼ੇਸ਼ ਸਿਮ੍ਰਤੀ ਸਮਾਗਮ ਦੇ ਪਹਿਲੇ ਸੈਸ਼ਨ ਦੌਰਾਨ ਭਾਈ ਵੀਰ ਸਿੰਘ ਦੀਆਂ ਚੋਣਵੀਆਂ ਕਵਿਤਾਵਾਂ ਅਤੇ ਗਜ਼ਲਾਂ ਦੀ ਸੰਗੀਤਕ ਪੇਸ਼ਕਾਰੀ ਕੀਤੀ ਗਈ।ਜਿਸ ਦੌਰਾਨ ਲਵਲੀ ਪ੍ਰੋਫੈਸ਼ਨਲ ਯੂਨਵਿਰਸਿਟੀ ਤੋਂ ਡਾ. ਕੁਲਵਿੰਦਰ ਸਿੰਘ ਤੇ ਡਾ. ਅਮਨਦੀਪ ਸਿੰਘ, ਖਾਲਸਾ ਕਾਲਜ ਤੋਂ ਮਹਿਕਦੀਪ ਸਿੰਘ, ਦਿੱਲੀ ਯੂਨੀਵਰਸਿਟੀ ਤੋਂ ਅਵਨਿੰਦਰ ਸਿੰਘ ਅਤੇ ਸ਼ਹਿਜ਼ਾਦਾ ਨੰਦ ਕਾਲਜ ਤੋਂ ਭਾਸਕਰ ਸਿੰਘ ਨੇ ਸ਼ਾਸਤਰੀ ਰੰਗਤ ਵਿਚ ਗਾਇਨ ਕੀਤਾ।
ਸਮਾਗਮ ਦੇ ਦੂਸਰੇ ਸੈਸ਼ਨ ਵਿਚ ਇਕ ਵਿਚਾਰ ਗੋਸ਼ਟੀ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਡਾ. ਸੁਖਵਿੰਦਰ ਸਿੰਘ ਨੇ ਭਾਈ ਵੀਰ ਸਿੰਘ ਬਾਬਤ ਹੋਏ ਸੰਸਥਾਗਤ ਖਜ਼ ਕਾਰਜ਼ਾਂ ਤੋਂ ਜਾਣੂ ਕਰਵਾਉਂਦਿਆਂ ਪ੍ਰਗਤੀਵਾਦੀ ਅਤੇ ਅਕਾਦਮਿਕ ਅਧਿਐਨ ਦੇ ਉਲਾਰੂ ਰੁਝਾਨਾਂ ਬਾਰੇ ਸੰਖੇਪ ਵਿਚ ਦੱਸਿਆ। ਅਮਨਿੰਦਰ ਸਿੰਘ ਨੇ ਕਿਹਾ ਕਿ ਭਾਈ ਵੀਰ ਸਿੰਘ ਆਪਣੀਆਂ ਲ਼ਿਖਤਾ ਰਾਹੀਂ ਭਾਰਤੀ ਸਭਿਅਤਾ ਦੀ ਏਕਾਧਿਕਾਰੀ ਬਿਰਤੀ ਅਤੇ ਮੁਗਲ ਸਾਮਰਾਜੀ ਸ਼ਕਤੀ ਦੇ ਸਾਮੰਤੀ ਪ੍ਰਣਾਲੀ ਦੇ ਸਾਹਮਣੇ ਗੁਰਮੁਖ ਕੇਂਦਰਿਤ ਮਾਡਲ ਦੀ ਵਿਸ਼ੇਸ਼ਤਾ ਸਾਡੇ ਸਾਹਮਣੇ ਲਿਆਉਂਦੇ ਹਨ।ਇਸ ਤੋਂ ਇਲਾਵਾ ਵੱਖ-ਵੱਖ ਯੂਨੀਵਰਸਿਟੀਆਂ ਤੋਂ ਆਏ ਖੋਜਾਰਥੀਆਂ ਹਰਕਮਲਪ੍ਰੀਤ ਸਿੰਘ, ਸੰਦੀਪ ਸ਼ਰਮਾ, ਇਮਰਤਪਾਲ ਸਿੰਘ, ਕੁਲਵਿੰਦਰ ਸਿੰਘ ਅਤੇ ਕੋਮਲਪ੍ਰੀਤ ਸਿੰਘ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।
ਸਮਾਗਮ ਦੇ ਤੀਜੇ ਤੇ ਆਖਰੀ ਸੈਸ਼ਨ ਦੌਰਾਨ ਭਾਈ ਵੀਰ ਸਿੰਘ ਜੀ ਦੀਆਂ ਰਚਨਾਵਾਂ ਦਾ ਤਰਨੁੰਮ ਵਿਚ ਉਚਾਰਨ ਕੀਤਾ ਗਿਆ।ਜਿਸ ਦੌਰਾਨ ਜੋਗਿੰਦਰ ਸਿੰਘ ਜੋਗੀ ਨੇ ‘ਖਿਮਾ-ਸੰਜੋਗ’, ਚਰਨਜੀਤ ਸਿੰਘ ਨੇ ‘ਗੁਰੂ ਨਾਨਕ ਤੂੰ’ ਵਰਿੰਦਰਪਾਲ ਸਿੰਘ ਨੇ ‘ਇਸ਼ਕ ਤੇ ਖੇੜਾ’ ਅਤੇ ਸੁਰਿੰਦਰ ਸਿੰਘ ਨੇ ‘ਬਾਬਲ ਜੀ ਤੁਸੀਂ ਕਵਨ ਦੇਸ਼ ਤੋਂ ਆਏ’ ਕਵਿਤਾਵਾਂ ਦਾ ਰਸਿਕ ਉਚਾਰਨ ਕੀਤਾ।
ਇਸ ਮੌਕੇ ਸੰਸਥਾ ਦੇ ਸਕੱਤਰ ਵਰਿੰਦਰਪਾਲ ਸਿੰਘ ਨੇ ਵੱਖ-ਵੱਖ ਯੂਨੀਵਰਸਿਟੀਆਂ ਅਤੇ ਹੋਰ ਅਕਾਦਮਿਕ ਅਦਾਰਿਆਂ ਤੋਂ ਆਏ ਵਿਦਿਆਰਥੀ, ਖੋਜਾਰਥੀਆਂ ਅਤੇ ਅਧਿਆਪਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਭਾਈ ਵੀਰ ਸਿੰਘ ਦੀ ਇਸ 150 ਸਾਲਾ ਜਨਮ ਸ਼ਤਾਬਦੀ ਨੂੰ ਹੀ ਸਿਰਫ ਪੰਜਾਬ ਵਿੱਚ ਹੀ ਨਹੀਂ ਬਲਕਿ ਰਾਸ਼ਟਰੀ ਪੱਧਰ ‘ਤੇ ਮਨਾਏ ਜਾਣ ਦੀ ਲੋੜ ਹੈ।ਜਿਸ ਵਿਚ ਸ਼੍ਰੋਮਣੀ ਕਮੇਟੀ ਅਤੇ ਸਿੱਖ ਸੰਸਥਾਵਾਂ ਨੂੰ ਆਪਣੀ ਬਣਦੀ ਭੂਮਿਕਾ ਨਿਭਾਉਣੀ ਚਾਹੀਦੀ ਹੈ। ਅੱਜ ਦੇ ਇਸ ਸਮਾਗਮ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ, ਜਵਾਹਰ ਨਾਲ ਨਹਿਰੂ ਯੂਨੀਵਰਸਿਟੀ ਦਿੱਲੀ, ਦਿੱਲੀ ਯੂਨੀਵਰਸਿਟੀ ਦਿੱਲੀ, ਖਾਲਸਾ ਕਾਲਜ ਅੰਮ੍ਰਿਤਸਰ ਦੇ ਵਿਦਿਆਰਥੀਆਂ ਤੋਂ ਇਲਾਵਾ ਡਾ. ਜਸਵੰਤ ਸਿੰਘ, ਪ੍ਰਭੂਪਾਲ ਸਿੰਘ, ਪ੍ਰੋ. ਗੁਰਬਖਸ਼ ਸਿੰਘ ਆਦਿ ਵੀ ਹਾਜ਼ਰ ਸਨ।ਮੰਚ ਸੰਚਾਲਨ ਲਖਬੀਰ ਸਿੰਘ ਨੇ ਕੀਤਾ।
Punjab Post Daily Online Newspaper & Print Media