Sunday, April 5, 2026

39ਵੀਂ ਕਾਨਵੋਕੇਸ਼ਨ ‘ਤੇੇ ਪ੍ਰੋ. ਗਗਨਦੀਪ ਕੰਗ ਨੂੰ ਆਨਰਜ਼ ਕਾਜ਼ਾ ਡਿਗਰੀ ਨਾਲ ਨਿਵਾਜ਼ਿਆ

ਉਚੇਚੇ ਤੌਰ `ਤੇ ਪੁੱਜੇ ਯੂਨੀਵਰਸਿਟੀ ਦੇ ਚਾਂਸਲਰ ਅਤੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ

ਪਟਿਆਲਾ, 9 ਦਸੰਬਰ (ਜਸਵੰਤ ਸਿੰਘ ਪੁਰੀ) – ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਕਾਨਵੋੇਕਸ਼ਨ ਨੂੰ ਸੰਬੋਧਨ ਕਰਦਿਆਂ ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਕਿਹਾ ਕਿ ਹੁਣ ਜਦੋਂ ਪੰਜਾਬ ਸਰਕਾਰ ਵਲੋਂ ਕੀਤੇ ਗਏ ਐਲਾਨ ਅਨੁਸਾਰ ਸਾਡੀਆਂ ਵਿੱਤੀ ਮੁਸ਼ਕਲਾਂ ਹੱਲ ਹੋਣ ਜਾ ਰਹੀਆਂ ਹਨ ਤਾਂ ਸਾਡੇ ਕੋਲ ਮਿਆਰੀ ਕਾਰਜ਼ ਕੀਤੇ ਜਾਣ ਲਈ ਕੋਈ ਵੀ ਬਹਾਨਾ ਨਹੀਂ ਹੋਣਾ ਚਾਹੀਦਾ।
             39ਵੀਂ ਕਾਨਵੋਕੇਸ਼ਨ ਮੌਕੇ ਯੂਨੀਵਰਸਿਟੀ ਦੇ ਚਾਂਸਲਰ ਅਤੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਉਚੇਚੇ ਤੌਰ `ਤੇ ਹਾਜ਼ਰ ਹੋਏ।ਪੰਜਾਬੀ ਮੂਲ ਦੀ ਪਹਿਲੀ ਭਾਰਤੀ ਔਰਤ, ਪ੍ਰੋ. ਗਗਨਦੀਪ ਕੰਗ, ਜਿਸ ਨੂੰ ਰਾਇਲ ਸੋਸਾਇਟੀ ਦੀ ਮੈਂਬਰ ਹੋਣ ਦਾ ਮਾਣ ਪ੍ਰਾਪਤ ਹੈ, ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।ਯੂਨੀਵਰਸਿਟੀ ਵਲੋਂ ਉਨ੍ਹਾਂ ਨੂੰ ਆਪਣੀ ਇਸ ਕਾਨਵੋਕਸ਼ਨ ਮੌਕੇ ਉਨ੍ਹਾਂ ਨੂੰ ਆਨਰਜ਼ ਕਾਜ਼ਾ ਡਿਗਰੀ ਨਾਲ ਨਿਵਾਜ਼ਿਆ ਗਿਆ।
              ਪ੍ਰੋ. ਗਗਨਦੀਪ ਕੰਗ ਨੇ ਕਿਹਾ ਕਿ ਇੱਕੀਵੀਂ ਸਦੀ ਦੀ ਦੁਨੀਆਂ ਦੀ ਸ਼ਨਾਖ਼ਤ ਤੇਜ਼ੀ ਨਾਲ ਹੋ ਰਹੀਆਂ ਤਬਦੀਲੀਆਂ ਨਾਲ ਬੱਝੀ ਹੋਈ ਹੈ ਅਤੇ ਪੂਰੀ ਦੁਨੀਆਂ ਦੇ ਵੱਖ-ਵੱਖ ਸਮਾਜਾਂ ਸਾਹਮਣੇ ਦਰਪੇਸ਼ ਪੇਚੀਦਾ ਚਣੌਤੀਆਂ ਅਤੇ ਮੌਕੇ ਵਧ ਰਹੇ ਹਨ।ਅਹਿਮ ਖ਼ਿਆਲਾਂ ਦੇ ਜੋੜ-ਮੇਲ ਨਾਲ ਉਪਜਦਾ ਗਿਆਨ ਸਾਡੀਆਂ ਨਜ਼ਰਾਂ ਵਿੱਚ ਦੁਨੀਆ ਤਾਮੀਰ ਕਰ ਰਿਹਾ ਹੈ।ਸੂਝ ਭਰੇ ਫ਼ੈਸਲਿਆਂ ਲਈ ਲੋੜੀਂਦੇ ਤੱਥ ਮੁਲਕ ਅੰਦਾਜ਼ੇ ਲਗਾਉਣ ਅਤੇ ਸਿੱਟੇ ਕੱਢਣ ਲਈ ਸੋਚਣ ਦੀ ਸਮਰੱਥਾ ਦਰਕਾਰ ਹੈ ਅਤੇ ਇਹੋ ਸਾਡੀ ਵਿਦਿਆ ਦੀ ਬੁਨਿਆਦ ਹੈ।ਉਨ੍ਹਾਂ ਕਿਹਾ ਕਿ ਤੁਸੀਂ ਤਬਦੀਲ ਹੋ ਰਹੇ ਇੰਡੀਆ ਦਾ ਹਿੱਸਾ ਹੋਣ ਜਾ ਰਹੇ ਹੋ ਅਤੇ ਤੁਹਾਡੀ ਪੜ੍ਹਾਈ ਨੇ ਤੁਹਾਨੂੰ ਇਨ੍ਹਾਂ ਵੰਗਾਰਾਂ ਅਤੇ ਮੌਕਿਆਂ ਲਈ ਤਿਆਰ ਕੀਤਾ ਹੈ। ਉਨ੍ਹਾਂ ਕਿਹਾ ਕਿ ਮਹਾਂਮਾਰੀ ਨੇ ਦਰਸਾ ਦਿੱਤਾ ਹੈ ਕਿ ਜੇ ਦੁਨੀਆਂ ਨੂੰ ਦਰਪੇਸ਼ ਮੁਸ਼ਕਲਾਂ ਉਤੇ ਸਮਾਧਾਨ ਨੇ ਰਫ਼ਤਾਰ ਪੱਖੋਂ ਮਾਤ ਪਾਉਣੀ ਹੈ ਤਾਂ ਸਾਨੂੰ ਇਕਜੁੱਟ ਹੋ ਕੇ ਕੰਮ ਕਰਨਾ ਪਵੇਗਾ, ਲੋਕਾਂ ਵਿੱਚ ਅਸਰਦਾਰ ਤਾਲਮੇਲ ਬਣਾਉਣਾ ਪਵੇਗਾ। ਇਸ ਦੁਨੀਆਂ ਵਿੱਚ ਅਸਰਦਾਰ ਤਾਲਮੇਲ ਸਿਰਫ਼ ਦਰਦਮੰਦੀ ਰਾਹੀਂ ਹੀ ਮੁਮਕਿਨ ਹੈ, ਜਿਸ ਦਾ ਮਾਅਨਾ ਦੂਜਿਆਂ ਦੇ ਅਹਿਸਾਸ ਨੂੰ ਸਮਝਣਾ ਅਤੇ ਹੁੰਗਾਰਾ ਭਰਨਾ ਹੈ।ਮੈਂ ਆਸ ਕਰਦੀ ਹਾਂ ਕਿ ਤੁਸੀਂ ਆਪਣੀ ਰੋਜ਼ਮਰ੍ਹਾ ਦੀ ਕਾਰਗੁਜ਼ਾਰੀ ਨੂੰ ਮਾਅਨਾਖ਼ੇਜ਼ ਬਣਾਉਣ ਲਈ ਉਹ ਰਾਹ ਲੱਭ ਲਵੋਗੇ ਜਦੋਂ ਤੁਸੀਂ ਆਪਣੇ ਸੰਗੀਆਂ ਦੀ ਇਮਦਾਦ ਲਈ ਦੋ ਕਦਮ ਪੁੱਟ ਕੇ ਹੱਥ ਵਧਾਉਂਦੇ ਹੋ, ਜਦੋਂ ਤੁਸੀਂ ਦੂਜਿਆਂ ਨਾਲ ਹੋ ਰਹੀ ਨਾਇਨਸਾਫ਼ੀ ਖ਼ਿਲਾਫ਼ ਆਵਾਜ਼ ਬੁਲੰਦ ਕਰਦੇ ਹੋ, ਜਦੋਂ ਤੁਸੀਂ ਸੱਚ ਵਜੋਂ ਪੇਸ਼ ਕੀਤੇ ਜਾ ਰਹੇ ਕੁਫ਼ਰ ਨੂੰ ਲਲਕਾਰਦੇ ਹੋ ਅਤੇ ਜਦੋਂ ਤੁਸੀਂ ਅਜਿਹੇ ਪੇਸ਼ੇਵਰ ਜੀਵਨ ਦਾ ਫ਼ੈਸਲਾ ਕਰਦੇ ਹੋ ਜਿਸ ਦਾ ਮਕਸਦ ਮਾਇਆ ਕਮਾਉਣ ਦੀ ਥਾਂ ਜ਼ਿੰਦਗੀ ਨੂੰ ਕੁੱਝ ਬਿਹਤਰ ਕਰਨਾ ਹੋਵੇ।ਦੂਜਾ ਸੁਨੇਹਾ ਮੈਂ ਇਹ ਦੇਣਾ ਹੈ ਕਿ ਜੱਦੋਜਹਿਦ ਨੂੰ ਆਪਣਾ ਸੰਗੀ ਬਣਾਓ।ਤੀਜੀ ਗੱਲ, ਅੱਗੇ ਦੀ ਤਿਆਰੀ ਅਤੇ ਵਿਓਂਤਬੰਦੀ ਕਰਨਾ।ਇਸ ਲਈ ਇਹ ਸਮਝ ਲੈਣਾ ਅਹਿਮ ਹੈ ਕਿ ਜ਼ਿੰਦਗੀ ਜਿਊਂਣ ਲਈ ਮੁਕੰਮਲ ਮਹਿਫ਼ੂਜ਼ੀਅਤ ਦਾ ਕੋਈ ਰਾਹ ਨਹੀਂ ਹੁੰਦਾ, ਕੋਈ ਯਕੀਨੀ ਤਰੀਕਾ ਨਹੀਂ ਹੁੰਦਾ।
                 ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਿਤ ਹੁੰਦਿਆਂ ਕਿਹਾ ਕਿ ਆਪਣੀਆਂ ਵੱਕਾਰੀ ਡਿਗਰੀਆਂ ਪ੍ਰਾਪਤ ਕਰ ਕੇ ਵਿਦਿਆਰਥੀਆਂ ਉਪਰ ਇਕ ਜ਼ਿੰਮੇਵਾਰੀ ਵੀ ਬਣ ਜਾਂਦੀ ਹੈ ਕਿ ਜਿਸ ਸਮਾਜ ਵਲੋਂ ਪ੍ਰਦਾਨ ਕੀਤੀਆਂ ਗਈਆਂ ਵਿੱਦਿਅਕ ਸਹੂਲਤਾਂ ਨਾਲ ਉਹ ਇਸ ਡਿਗਰੀ ਪ੍ਰਾਪਤ ਕਰਨ ਦੇ ਕਾਬਿਲ ਹੋਏ ਹਨ ਹੁਣ ਬਦਲੇ ਵਿੱਚ ਆਪਣੀ ਜਿ਼ੰਮੇਵਾਰੀ ਸਮਝਦੇ ਹੋਏ ਪ੍ਰਾਪਤ ਵਿੱਦਿਆ ਦੀ ਵਰਤੋਂ ਉਸ ਸਮਾਜ ਦੀ ਬਿਹਤਰੀ ਲਈ ਕਰਨ।ਉਨ੍ਹਾਂ ਕਿਹਾ ਕਿ ਸਾਨੂੰ ਸਾਡੇ ਸ਼ਹੀਦਾਂ ਦੇ ਸੁਪਨਿਆਂ ਵਾਲੇ ਰਾਸ਼ਟਰ ਦੇ ਨਿਰਮਾਣ ਲਈ ਚੰਗੇ ਚਰਿੱਤਰ ਵਾਲੇ ਲੋਕਾਂ ਦੀ ਹੀ ਲੋੜ ਹੈ।ਪੰਜਾਬੀ ਯੂਨੀਵਰਸਿਟੀ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਬਹੁਤ ਘੱਟ ਯੂਨੀਵਰਸਿਟੀਆਂ ਹੁੰਦੀਆਂ ਹਨ ਜੋ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਪ੍ਰਸਾਰ ਸੰਬੰਧੀ ਮੰਤਵ ਉਪਰ ਏਨਾ ਨਿੱਠ ਕੇ ਕਾਰਜ਼ ਕਰਦੀਆਂ ਹਨ।
               ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਹੀ ਯੂਨੀਵਰਸਿਟੀ ਦੇ ਅੰਬੈਸਡਰ ਹਨ। ਇਸ ਲਈ ਉਹ ਜਿਥੇ ਵੀ ਜਾਣਗੇ ਯੂਨੀਵਰਸਿਟੀ ਦੀਆਂ ਕਦਰਾਂ-ਕੀਮਤਾਂ ਉਨ੍ਹਾਂ ਦੇ ਨਾਲ ਹੀ ਬਣੀਆਂ ਰਹਿਣਗੀਆ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਉਮੀਦ ਕਰਦੀ ਹੈ ਕਿ ਵਿਦਿਆਰਥੀ ਹਮੇਸ਼ਾਂ ਇਸ ਨਾਲ ਜੁੜੇ ਰਹਿਣਗੇ।
              ਕਾਨਵੋਕੇਸ਼ਨ ਦੇ ਇਸ ਪਹਿਲੇ ਦਿਨ 2020-21 ਦੌਰਾਨ ਪੀ-ਐਚ.ਡੀ ਦੀਆਂ ਡਿਗਰੀਆਂ ਮੁਕੰਮਲ ਕਰਨ ਵਾਲਿਆਂ ਨੂੰ ਡਿਗਰੀਆਂ ਤੋਂ ਇਲਾਵਾ ਵੱਖ-ਵੱਖ ਕੋਰਸਾਂ ਵਿਚੋਂ ਸਰਵੋਤਮ ਰਹਿਣ ਵਾਲਿਆਂ ਨੂੰ ਮੈਡਲ ਅਤੇ ਚਾਂਸਲਰ ਮੈਡਲ ਪ੍ਰਦਾਨ ਕੀਤੇ ਗਏ।

Check Also

ਐਨ.ਡੀ.ਡੀ.ਬੀ ਦੇ ਚੇਅਰਮੈਨ ਡਾ. ਮਨੇਸ਼ ਸ਼ਾਹ ਵਲੋਂ ਵੇਰਕਾ ਮਿਲਕ ਪਲਾਂਟ ਦਾ ਦੌਰਾ

ਅੰਮ੍ਰਿਤਸਰ, 4 ਅਪ੍ਰੈਲ (ਸੁਖਬੀਰ ਸਿੰਘ) – ਨੈਸ਼ਨਲ ਡੇਅਰੀ ਡਿਵੈਲਪਮੈਂਟ ਬੋਰਡ (ਐਨ.ਡੀ.ਡੀ.ਬੀ) ਦੇ ਚੇਅਰਮੈਨ ਡਾ. ਮਨੇਸ਼ …