ਸੂਬੇ ਦੀ 80 ਨੂੰ ਪਹਿਲੀ ਤੇ 38 ਫ਼ੀਸਦ ਅਬਾਦੀ ਨੂੰ ਲੱਗੀ ਦੂਜੀ ਖੁਰਾਕ
ਅੰਮ੍ਰਿਤਸਰ, 11 ਦਸੰਬਰ (ਸੁਖਬੀਰ ਸਿੰਘ) – ਉਪ ਮੱਖ ਮੰਤਰੀ ਓ.ਪੀ ਸੋਨੀ ਨੇ ਸੂਬੇ ਦੇ ਲੋਕਾਂ ਨੂੰ ਕੋਵਿਡ ਦੇ ਨਵੇਂ ਰੂਪ ਓਮੀਕਰੋਨ ਤੋਂ ਹੋਣ ਵਾਲੇ ਸੰਭਾਵੀ ਇਨਫੈਕਸ਼ਨ ਤੋਂ ਆਪਣੇ ਆਪ ਨੂੰ ਬਚਾਉਣ ਲਈ ਕਿਸੇ ਵੀ ਕਿਸਮ ਦੀ ਢਿੱਲ-ਮੱਠ ਦਿਖਾਏ ਬਿਨਾਂ ਜਲਦ ਤੋਂ ਜਲਦ ਆਪਣਾ ਟੀਕਾਕਰਨ ਕਰਵਾਉਣ ਦੀ ਅਪੀਲ ਕੀਤੀ ਹੈ।ਬਚਤ ਭਵਨ ਵਿਖੇ ਭਾਟੀਆ ਬਰਾਦਰੀ ਵਲੋਂ ਕਰਵਾਏ ਰਾਸ਼ਨ ਵੰਡ ਸਮਾਗਮ ਮੌਕੇ ਸੋਨੀ ਨੇ ਕਿਹਾ ਕਿ ਸਿਹਤ ਦੀ ਸਲਾਮਤੀ ਲਈ ਟੀਕਾਕਰਨ ਮੁਹਿੰਮ ਵਿੱਚ ਹੋਰ ਤੇਜ਼ੀ ਲਿਆਂਦੀ ਜਾਵੇ ਅਤੇ ਇਸ ਲਈ ਲੋਕ ਸਿਹਤ ਵਿਭਾਗ ਦਾ ਸਾਥ ਦੇਣ, ਤਾਂ ਜੋ ਸੂਬੇ ਵਿੱਚ ਸਾਰੇ ਯੋਗ ਵਿਅਕਤੀਆਂ ਦਾ ਜਲਦ ਤੋਂ ਜਲਦ ਟੀਕਾਕਰਨ ਕੀਤਾ ਜਾ ਸਕੇ।
ਉਨ੍ਹਾਂ ਦੱਸਿਆ ਕਿ ਕੁੱਲ 2.46 ਕਰੋੜ ਯੋਗ ਆਬਾਦੀ ਵਿਚੋਂ 1.66 ਕਰੋੜ (80 ਫ਼ੀਸਦੀ) ਨੂੰ ਪਹਿਲੀ ਖੁਰਾਕ ਦਿੱਤੀ ਜਾ ਚੁੱਕੀ ਹੈ ਅਤੇ ਲਗਭਗ 38 ਫ਼ੀਸਦੀ ਭਾਵ 79.87 ਲੱਖ ਆਬਾਦੀ ਨੂੰ ਦੂਜੀ ਖੁਰਾਕ ਦਿੱਤੀ ਗਈ ਹੈ।ਸਿਹਤ ਵਿਭਾਗ ਕੋਲ ਮੌਜ਼ੂਦਾ ਸਮੇਂ 46 ਲੱਖ ਖੁਰਾਕਾਂ ਦਾ ਸਟਾਕ ਹੈ ਅਤੇ ਮੈਡੀਕਲ/ਪੈਰਾ ਮੈਡੀਕਲ ਟੀਮਾਂ ਬਾਕੀ ਰਹਿੰਦੀ ਆਬਾਦੀ ਨੂੰ ਕਵਰ ਕਰਨ ਲਈ ਟੀਕਾਕਰਨ ਦੀ ਮੁਹਿੰਮ ਵਿੱਚ ਸਰਗਰਮੀ ਨਾਲ ਲੱਗੀਆਂ ਹੋਈਆਂ ਹਨ।ਇਸ ਤੋਂ ਇਲਾਵਾ ਕਰੋਨਾ ਕੇਸਾਂ ਦਾ ਪਤਾ ਲਗਾਉਣ ਲਈ ਰੋਜ਼ਾਨਾ 30,000 ਦੇ ਕਰੀਬ ਟੈਸਟ ਕੀਤੇ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਵਿਭਾਗ ਨਵੇਂ ਰੂਪ ਦੇ ਫੈਲਣ ਦੀ ਕਿਸੇ ਵੀ ਸੰਭਾਵਨਾ ਦਾ ਸਾਹਮਣਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ।ਵਿਭਾਗ ਵਲੋਂ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਲੋੜੀਂਦੀ ਸਾਜ਼ੋ-ਸਾਮਾਨ ਖਰੀਦਿਆ ਗਿਆ ਹੈ।ਜਿਸ ਵਿੱਚ 12 ਲੱਖ ਰੈਪਿਡ ਐਂਟੀਜੇਨ ਕਿੱਟਾਂ, 17 ਲੱਖ ਵੀ.ਟੀ.ਐਮ ਟੈਸਟ ਕਿੱਟਾਂ, 20 ਜਿਲ੍ਹਿਆਂ ਲਈ ਆਰ.ਟੀ.ਪੀ.ਸੀ.ਆਰ ਲੈਬਾਂ, ਪੈਡੀਐਟ੍ਰਿਕ ਐਲ 2 (790) ਅਤੇ ਐਲ 3 (324) ਬੈਡਾਂ ਤੋਂ ਇਲਾਵਾ ਬਾਲਗ ਐਲ 2 (3500) ਅਤੇ ਐਲ 3 (142) ਬੈਡ ਅਤੇ ਕੋਵਿਡ ਮਰੀਜ਼ਾਂ ਲਈ ਦਵਾਈਆਂ ਦਾ ਢੁੱਕਵਾਂ ਸਟਾਕ ਸ਼ਾਮਲ ਹੈ।
ਲੰਮੇਂ ਸਮੇਂ ਤੋਂ ਲੋੜਵੰਦ ਪਰਿਵਾਰਾਂ ਦੀ ਸੇਵਾ ਕਰਦੇ ਆ ਰਹੇ ਭਾਟੀਆ ਵੈਲਫੇਅਰ ਆਰਗੋਨਾਈਜੇਸ਼ਨ ਦੇ ਪ੍ਰਧਾਨ ਅਸ਼ੋਕ ਭਾਟੀਆ ਦੀ ਅਗਵਾਈ ਵਿੱਚ 120 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ।ਸੋਨੀ ਨੇ ਭਾਟੀਆ ਭਲਾਈ ਸੰਸਥਾ ਨੂੰ 2 ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ।
ਇਸ ਮੌਕੇ ਭਾਟੀਆ ਭਲਾਈ ਸੰਸਥਾ ਵਲੋਂ ਸੋਨੀ ਨੂੰ ਸਨਮਾਨਿਤ ਵੀ ਕੀਤਾ ਗਿਆ।
ਇਸ ਮੌਕੇ ਉਪ ਪ੍ਰਧਾਨ ਜਤਿੰਦਰ ਸਿੰਘ ਮੋਤੀ ਭਾਟੀਆ, ਪ੍ਰੈਸ ਸਕੱਤਰ ਗਿੰਨੀ ਭਾਟੀਆ, ਜਨਰਲ ਸੈਕਟਰੀ ਕੰਵਲਜੀਤ ਸਿੰਘ ਭਾਟੀਆ, ਪਰਮਜੀਤ ਸਿੰਘ ਚੋਪੜਾ, ਰਾਕੇਸ਼ ਭਾਟੀਆ ਵਿੱਤ ਸਕੱਤਰ, ਬਚਿੱਤਰ ਸਿੰਘ ਭਾਟੀਆ ਸੀਨੀਅਰ ਮੀਤ ਪ੍ਰਧਾਨ, ਸੁਰਿੰਦਰ ਭਾਟੀਆ ਮੀਤ ਪ੍ਰਧਾਨ, ਸੰਜੀਵ ਭਾਟੀਆ ਸੀਨੀਅਰ ਮੀਤ ਪ੍ਰਧਾਨ, ਗਗਨ ਭਾਟੀਆ ਸੀਨੀਅਰ ਮੀਤ ਪ੍ਰਧਾਨ, ਵਿਜੇ ਕੁਮਾਰ ਭਾਟੀਆ, ਹਰੀ ਕ੍ਰਿਸ਼ਨ ਭਾਟੀਆ, ਸ਼ਾਮ ਸੁੰਦਰ ਭਾਟੀਆ ਆਦਿ ਹਾਜ਼ਰ ਸਨ।