ਖ਼ਾਲਸਾ ਕਾਲਜ ਚਵਿੰਡਾ ਦੇਵੀ ਵਿਖੇ ਦੋ ਰੋਜ਼ਾ ਸਰ ਸੁੰਦਰ ਸਿੰਘ ਮਜੀਠੀਆ ਹਾਕੀ ਟੂਰਨਾਮੈਂਟ ਦਾ ਆਗਾਜ਼

ਚਵਿੰਡਾ ਦੇਵੀ, 17 ਨਵੰਬਰ (ਪੱਤਰ ਪ੍ਰੇਰਕ) – ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਪੰਜਾਬ ਦੇ ਮਾਲ ਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਚੰਡੀਗੜ੍ਹ ਅਤੇ ਪੰਜਾਬੀ ਬੋਲਦੇ ਇਲਾਕੇ ਪੰਜਾਬ ਨੂੰ ਦੇਣ ਆਦਿ ਪੰਜਾਬ ਦੀਆਂ ਮੰਗਾਂ ਪ੍ਰਤੀ ਵਕਾਲਤ ਕਰਦਿਆਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਤੋਂ ਪੰਜਾਬ ਦੇ ਮਸਲੇ ਤੁਰੰਤ ਹਲ ਕਰਨ ਦੀ ਅਪੀਲ ਕੀਤੀ ਹੈ।
ਸ: ਮਜੀਠੀਆ ਅੱਜ ਇੱਥੇ ਖ਼ਾਲਸਾ ਕਾਲਜ ਚਵਿੰਡਾ ਦੇਵੀ ਵਿਖੇ ਦੋ ਦਿਨਾ ਸਰਦਾਰ ਸੁੰਦਰ ਸਿੰਘ ਮਜੀਠੀਆ ਹਾਕੀ ਟੂਰਨਾਮੈਂਟ ਦੇ ਉਦਘਾਟਨ ਸਮਾਰੋਹ ਵਿੱਚ ਸ਼ਿਰਕਤ ਕਰਨ ਪਹੁੰਚੇ ਹੋਏ ਸਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ‘੮੪ਦੇ ਸਿੱਖ ਕਤਲੇਆਮ ਦੇ ਪੀੜਤਾਂ ਦੇ ਜ਼ਖਮ ਭਰੇ ਨਹੀਂ ਜਾ ਸਕਦੇ। ਉਹਨਾਂ ਦੁਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਅੱਜ ੩੦ ਸਾਲਾਂ ਬਾਅਦ ਵੀ ਪੀੜਤਾਂ ਨੂੰ ਇਨਸਾਫ਼ ਨਾ ਮਿਲਣਾ ਦੇਸ਼ ਦੇ ਮੱਥੇ ਗਹਿਰਾ ਕਲੰਕ ਹੈ। ਉਹਨਾਂ ਕਿਹਾ ਕਿ ਸ੍ਰੀ ਨਰਿੰਦਰ ਮੋਦੀ ਨੂੰ ਉਹ ਅਪੀਲ ਕਰਦੇ ਹਨ ਕਿ ਉਹ ਲੋਕ ਸਭਾ ਚੋਣਾਂ ਦੌਰਾਨ ਪੰਜਾਬੀਆਂ ਨਾਲ ਕੀਤੇ ਵਾਅਦਿਆਂ ਮੁਤਾਬਿਕ ਸਿੱਖ ਕਤਲੇਆਮ ਦੇ ਤਮਾਮ ਦੋਸ਼ੀਆਂ ਨੂੰ ਸਜਾਵਾਂ ਦੇਣ ਲਈ ਵਿਸ਼ੇਸ਼ ਜਾਂਚ ਟੀਮਾਂ ਅਤੇ ਅਦਾਲਤਾਂ ਗਠਿਤ ਕਰਨ, ਪੀੜਤ ਪਰਿਵਾਰਾਂ ਦੇ ਵਾਰਸਾਂ ਨੂੰ ਮੁਆਵਜ਼ਾ ਦੇਣ ਤੋਂ ਇਲਾਵਾ ਪੰਜਾਬ ਦੀਆਂ ਹੱਕੀ ਮੰਗਾਂ ਤੇ ਸਮੱਸਿਆਵਾਂ ਹਲ ਕਰਨ ਵਲ ਤੁਰੰਤ ਧਿਆਨ ਦੇਣ।
ਇਸ ਮੌਕੇ ਇੱਕ ਸਵਾਲ ਜਵਾਬ ਵਿੱਚ ਉਹਨਾਂ ਕਿਹਾ ਕਿ ਕਾਂਗਰਸ ਪੰਜਾਬ ਬਚਾਓ ਨਹੀਂ ਸਗੋਂ ਬਾਜਵਾ ਭਜਾਓ ਕਾਂਗਰਸ ਬਚਾਓ ਮੁਹਿੰਮ ਚਲਾਉਣ ਵਿੱਚ ਤਵਜੋਂ ਦੇ ਰਹੇ ਹਨ। ਉਹਨਾਂ ਕਿਹਾ ਕਿ ਅੱਜ ਲੋੜ ਕਾਂਗਰਸ ਭਜਾਓ ਹਿੰਦ ਬਚਾਓ ਮੁਹਿੰਮ ਨੂੰ ਹੋਰ ਤੇਜ ਕਰਨ ਦੀ ਹੈ।
ਇਸ ਤੋਂ ਪਹਿਲਾਂ ਸ: ਮਜੀਠੀਆ ਨੇ ਟੂਰਨਾਮੈਂਟ ਦੇ ਉਦਘਾਟਨੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖੇਡਾਂ ਨੌਜਵਾਨਾਂ ਵਿੱਚ ਏਕਤਾ ਤੇ ਭਾਈਚਾਰਕ ਸਾਂਝ ਪੈਦਾ ਕਰਨ ਦਾ ਵਧੀਆ ਸਾਧਨ ਹਨ। ਉਹਨਾਂ ਕਿਹਾ ਕਿ ਅੱਜ ਨਸ਼ਿਆਂ ਤੋਂ ਨਿਜਾਤ ਪਾਉਣ ਲਈ ਨੌਜਵਾਨ ਸ਼ਕਤੀ ਨੂੰ ਖੇਡਾਂ ਵਲ ਪ੍ਰੇਰਿਤ ਕਰਨ ਦੀ ਲੋੜ ਹੈ। ਉਹਨਾਂ ਖ਼ਾਲਸਾ ਕਾਲਜ ਸਥਾਪਿਤ ਕਰਨ ਲਈ ਉਹਨਾਂ ਦੇ ਬਜ਼ੁਰਗ ਸ: ਸੁੰਦਰ ਸਿੰਘ ਮਜੀਠੀਆ ਦੇ ਅਹਿਮ ਰੋਲ ਬਾਰੇ ਵੀ ਚਾਨਣਾ ਪਾਇਆ। ਇਸ ਤੋਂ ਪਹਿਲਾਂ ਕਾਲਜ ਦੇ ਪ੍ਰਿੰਸੀਪਲ ਡਾ ਬਲਜਿੰਦਰ ਸਿੰਘ ਨੇ ਮੁੱਖ ਮਹਿਮਾਨ ਸ: ਬਿਕਰਮ ਸਿੰਘ ਮਜੀਠੀਆ ਦਾ ਸਵਾਗਤ ਕਰਦਿਆਂ ਉਹਨਾਂ ਵੱਲੋਂ ਟੂਰਨਾਮੈਂਟ ਵਿੱਚ ਸ਼ਿਰਕਤ ਕਰਕੇ ਬਚਿਆਂ ਨੂੰ ਉਤਸ਼ਾਹਿਤ ਕਰਨ ਲਈ ਧੰਨਵਾਦ ਕੀਤਾ। ਪ੍ਰਿੰਸੀਪਲ ਬਲਜਿੰਦਰ ਸਿੰਘ ਨੇ ਕਾਲਜ ਦੀਆਂ ਪ੍ਰਾਪਤੀਆਂ ਦਾ ਵਿਸਥਾਰ ਨਾਲ ਜ਼ਿਕਰ ਕਰਦਿਆਂ ਕਿਹਾ ਕਿ ਕਾਲਜ ਭਵਿੱਖ ਦੌਰਾਨ ਬਚਿਆਂ ਨੂੰ ਹਰ ਦਰਪੇਸ਼ ਚੁਨੌਤੀ ਦਾ ਸਾਹਮਣਾ ਕਰਨ ਯੋਗ ਬਣਾਉਣ ਲਈ ਵਚਨਬੱਧ ਹੈ। ਉਹਨਾਂ ਦੱਸਿਆ ਕਿ ਹਾਕੀ ਟੂਰਨਾਮੈਂਟ ਹਰ ਸਾਲ ਕਰਾਇਆ ਜਾਵੇਗਾ। ਇਸ ਮੌਕੇ ਸ: ਮਜੀਠੀਆ ਨੇ ਮਾਰਚ ਪਾਸ ਤੋਂ ਸਲਾਮੀ ਲਈ। ਦੋ ਦਿਨਾ ਟੂਰਨਾਮੈਂਟ ਵਿੱਚ ਹਾਕੀ ਦੀਆਂ ੮ ਟੀਮਾਂ ਹਿੱਸਾ ਲੈ ਰਹੀਆਂ ਹਨ।
ਇਸ ਮੌਕੇ ਸ: ਰਾਜ ਮਹਿੰਦਰ ਸਿੰਘ ਮਜੀਠਾ, ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਜੋਧ ਸਿੰਘ ਸਮਰਾ, ਅਮਰਜੀਤ ਸਿੰਘ ਬੰਡਾਲਾ, ਸਾਬਕਾ ਐਸ ਐਸ ਪੀ ਸੁਖਦੇਵ ਸਿੰਘ, ਡਾ ਸੁਖਦੇਵ ਸਿੰਘ , ਸੁਖਦੇਵ ਸਿੰਘ ਅਬਦਾਲ, ਸੁਖਵਿੰਦਰ ਸਿੰਘ ਆਰਕੀਟੈਕਟ, ਮੇਜਰ ਸ਼ਿਵੀ, ਪ੍ਰੋ: ਸਰਚਾਂਦ ਸਿੰਘ, ਗੁਰਵੇਲ ਸਿੰਘ ਅਲਕੜੇ, ਤਰਸੇਮ ਸਿੰਘ ਸਿਆਲਕਾ, ਸਵਰਨਜੀਤ ਸਿੰਘ ਕੁਰਾਲੀਆ, ਸੀਤਲ ਸਿੰਘ ਭੋਆ, ਪ੍ਰਭਦਿਆਲ ਸਿੰਘ ਨੰਗਲ ਪੰਨਵਾਂ, ਸਰਪੰਚ ਗੰਗਾ ਸਿੰਘ , ਮੈਨੇਜਰ ਜਸਪਾਲ ਸਿੰਘ ਢਡੇ, ਦਿਲਬਾਗ ਸਿੰਘ ਲਹਿਰਕਾ, ਜਸਪਾਲ ਸਿੰਘ ਭੋਆ, ਡੀਐਸਪੀ ਹਰਸਿਮਰਤ ਸਿੰਘ ਛੇਤਰਾ, ਕਰਨੈਲ ਸਿੰਘ ਪਾਖਰ ਪੁਰਾ, ਅਜੀਤ ਪਾਲ ਸਿੰਘ , ਮਲੂਕ ਸਿੰਘ ਫਤੂਭੀਲਾ, ਬੱਬੀ ਭੰਗਵਾਂ, ਰਤਨ ਸਿੰਘ ਫਤੂਭੀਲਾ ਆਦਿ ਮੌਜੂਦ ਸਨ।
Punjab Post Daily Online Newspaper & Print Media