ਕਾਂਗਰਸ- ਅਕਾਲੀ ਦਲ ਨੇ 44 ਸਾਲ ਪੰਜਾਬ ਲਈ ਕੁੱਝ ਨਹੀਂ ਕੀਤਾ, ਨਾਂ ਅੱਗੇ ਕਰਨਗੇ
ਅਜਨਾਲਾ, 22 ਦਸੰਬਰ (ਪੰਜਾਬ ਪੋਸਟ ਬਿਊਰੋ) – ਆਮ ਆਦਮੀ ਪਾਰਟੀ (ਆਪ) ਪੰਜਾਬ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਮਾਝੇ ਦੀ ਧਰਤੀ ’ਤੇ
‘ਆਪ’ ਵਲੋਂ ਕਰਵਾਈ ਜਨ ਸਭਾ ’ਚ ਗਰਜ਼ਦਿਆਂ ਕਿਹਾ ਕਿ ਭਾਵੇਂ ਨਸ਼ਾ, ਬੇਰੁਜ਼ਗਾਰੀ, ਗਰੀਬੀ ਅਤੇ ਮਹਿੰਗਾਈ ਸਾਰੇ ਪੰਜਾਬ ਦੀਆਂ ਸਮੱਸਿਆਵਾਂ ਹਨ, ਪਰ ਸਰਹੱਦੀ ਖੇਤਰ ਦੇ ਲੋਕਾਂ ਨੂੰ ਹੋਰ ਵਾਧੂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।ਮਾਨ ਨੇ ਕਿਹਾ ਸਰਹੱਦੀ ਖੇਤਰ ਦੇ ਕਿਸਾਨਾਂ ਨੂੰ ਖੇਤੀਬਾੜੀ ਕਰਨ ਲਈ ਸਰਹੱਦ ’ਤੇ ਲੱਗੀ ਕੰਡਿਆਲੀ ਤਾਰ ਤੋਂ ਪਾਰ ਜਾਣਾ ਪੈਂਦਾ ਹੈ।ਪਰ ਕਾਂਗਰਸ ਅਤੇ ਅਕਾਲੀ ਭਾਜਪਾ ਦੀਆਂ ਸਰਕਾਰਾਂ ਨੇ ਇਨ੍ਹਾਂ ਕਿਸਾਨਾਂ ਦੀਆਂ ਸਮੱਸਿਆਵਾਂ ਹੱਲ ਕਰਨ ਵੱਲ ਕੋਈ ਧਿਆਨ ਨਹੀਂ ਦਿੱਤਾ, ਸਗੋਂ ਕਿਸਾਨਾਂ ਨੂੰ ਪ੍ਰਤੀ ਏਕੜ ਉਚਿਤ ਮੁਅਵਜ਼ਾ ਦੇਣ ਦੇ ਐਲਾਨ ਤੋਂ ਸੱਤਾਧਾਰੀ ਮੁੱਕਰ ਗਏ।ਹਲਕਾ ਇੰਚਾਰਜ਼ ਅਜਨਾਲਾ ਕੁਲਦੀਪ ਸਿੰਘ ਧਾਲੀਵਾਲ, ਹਲਕਾ ਅਟਾਰੀ ਇੰਚਾਰਜ਼ ਜਸਵਿੰਦਰ ਸਿੰਘ ਰਮਦਾਸ, ਪੰਜਾਬ ਜਾਇੰਟ ਸਕੱਤਰ ਅਸ਼ੋਕ ਤਲਵਾਰ, ਪੰਜਾਬ ਜੋਇੰਟ ਸਕੱਤਰ ਵਿਜੇ ਗਿੱਲ, ਲੋਕ ਸਭਾ ਇੰਚਾਰਜ਼ ਇਕਬਾਲ ਸਿੰਘ ਭੁੱਲਰ, ਲੋਕ ਸਭਾ ਖਡੂਰ ਸਾਹਿਬ ਬਲਜੀਤ ਸਿੰਘ ਖਹਿਰਾ ਮੰਚ ’ਤੇ ਬਿਰਾਜ਼ਮਾਨ ਸਨ।
ਲੋਕਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਭਗਵੰਤ ਮਾਨ ਨੇ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦੀ ਸਖ਼ਤ ਅਲੋਚਨਾ ਕਰਦਿਆਂ ਕਿਹਾ, ‘‘ਪੰਜਾਬ ’ਤੇ ਰਾਜ ਕਰਨ ਵਾਲੀਆਂ ਕਾਂਗਰਸ, ਅਕਾਲੀ ਦਲ ਬਾਦਲ ਅਤੇ ਭਾਰਤੀ ਜਨਤਾ ਪਾਰਟੀ ਨੇ ਬੀਤੇ 44 ਸਾਲਾਂ ਵਿਚ ਪੰਜਾਬ ਦੇ ਭਲੇ ਲਈ ਕੁੱਝ ਨਹੀਂ ਕੀਤਾ।ਹੁਣ ਇਹ ਪਾਰਟੀਆਂ ਅਗਲੇ 5 ਸਾਲਾਂ ਵਿੱਚ ਵੀ ਕੁੱਝ ਨਹੀਂ ਕਰਨਗੀਆਂ।ਇਨਾਂ ਪਾਰਟੀਆਂ ਕੋਲ ਕੋਈ ਏਜੰਡਾ ਨਹੀਂ ਅਤੇ ਨਾ ਹੀ ਕੋਈ ਵਿਕਾਸ ਦੀ ਯੋਜਨਾ। ਪਰ ਇਹ ਪਾਰਟੀਆਂ ਨਾਲ ਬੇਸ਼ਰਮੀ ਨਾਲ ਪੰਜਾਬ ਨੂੰ ਲੁੱਟਣ ਦਾ ਇੱਕ ਮੌਕਾ ਹੋਰ ਮੰਗਦੀਆਂ ਹਨ।’’ ਉਨ੍ਹਾਂ ਕਿਹਾ ਆਮ ਆਦਮੀ ਪਾਰਟੀ ਇੱਕੋ ਇੱਕ ਪਾਰਟੀ ਹੈ ਜਿਹੜੀ ਵਿਕਾਸ ਦੇ ਮੁੱਦਿਆਂ ਜਿਵੇਂ ਚੰਗੇ ਸਕੂਲ, ਹਸਪਤਾਲ, ਰੋਜ਼ਗਾਰ ਅਤੇ ਬੱਚਿਆਂ ਦੇ ਚੰਗੇ ਭਵਿੱਖ ਬਾਰੇ ਗੱਲ ਕਰਦੀ ਹੈ।
ਕੈਪਟਨ ਅਮਰਿੰਦਰ ਸਿੰਘ ਅਤੇ ਸੁਖਬੀਰ ਸਿੰਘ ਬਾਦਲ ’ਤੇ ਤਿੱਖੇ ਹਮਲੇ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਾਉਣ ਵਾਲੇ ਅਤੇ ਝੂਠੀ ਸਹੁੰ ਖਾਣ ਵਾਲੇ ਸਭ ਰੁਲ਼ਦੇ ਫਿਰਦੇ ਹਨ।ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਦੀ ਲੰਮੀ ਉਮਰ ਦੀ ਕਾਮਨਾ ਕਰਦਿਆਂ ਮਾਨ ਨੇ ਕਿਹਾ ਕਿ ਚੰਗਾ ਹੋਵੇਗਾ ਵੱਡੇ ਬਾਦਲ ਅਕਾਲੀ ਦਲ ਬਾਦਲ ਦਾ ਪਤਨ ਆਪਣੀਆਂ ਅੱਖਾਂ ਨਾਲ ਦੇਖ ਲੈਣ, ਕਿਉਂਕਿ ਬਾਦਲ ਪਰਿਵਾਰ ਕਿਸਾਨ ਵਿਰੋਧੀ ਕਾਲ਼ੇ ਕਾਨੂੰਨ ਬਣਾਉਣ ’ਚ ਮੁੱਖ ਸਾਜਿਸ਼ਕਰਤਾ ਹੈ।ਭਗਵੰਤ ਮਾਨ ਨੇ ਪੰਜਾਬ ਵਾਸੀਆਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਬੇਅਦਬੀ ਦੇ ਮਾਮਲੇ ਵਿੱਚ ਕੇਵਲ ਐਫ.ਆਈ.ਆਰ ਦਰਜ਼ ਕਰਕੇ ਲੋਕਾਂ ਦਾ ਧਿਆਨ ਪੰਜਾਬ ਦੇ ਅਸਲ ਮੁੱਦਿਆਂ ਤੋਂ ਭਟਕਾਉਣ ਦੇ ਯਤਨ ਕੀਤੇ ਜਾ ਰਹੇ ਹਨ।
ਇਸ ਮੌਕੇ ਮੈਡਮ ਸੀਮਾ ਸੋਢੀ, ਬਲ਼ਦੇਵ ਸਿੰਘ ਮਿਆਦਿਆਂ, ਜਗਦੀਪ ਸਿੰਘ, ਸੋਹਣ ਸਿੰਘ ਨਾਗੀ, ਸੁਖਬੀਰ ਕੌਰ, ਵਿਕਰਮਜੀਤ ਵਿੱਕੀ, ਗੀਤਾ ਗਿੱਲ, ਮੰਦੀਪ ਮੋਂਗਾ, ਐਡਵੋਕੇਟ ਰਾਜੀਵ ਮਦਾਨ, ਜਸਪਿੰਦਰ ਛੀਨਾ, ਲੱਖਾਂ ਵਰਲਾਸ, ਰਜਿੰਦਰ ਵਿਰਕ, ਬੱਬੂ ਚੇਤਨਪੁਰਾ, ਗੁਰਭੇਜ ਸਿੱਧੂ ਹਲਕਾ ਮਜੀਠਾ, ਦਵਿੰਦਰ ਸੋਨੂ, ਹਰਜਿੰਦਰ ਸੋਨੂ ਹਾਜ਼ਰ ਸਨ।
Punjab Post Daily Online Newspaper & Print Media