Tuesday, August 25, 2026

ਗੁਰੂ ਨਾਨਕ ਦੇਵ ਯੂਨੀਵਰਸਿਟੀ `ਚ ਐਨ.ਐਸ.ਐਸ ਵੱਲੋਂ ਵਿਸ਼ੇਸ਼ ਕੈਂਪ ਸੰਪਨ 

ਅੰਮ੍ਰਿਤਸਰ, 10 ਜਨਵਰੀ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ‘ਸੱਤ ਰੋਜ਼ਾ ਐਨ.ਐਸ.ਐਸ ਯੂਨਿਟ-2 ਵਿਸ਼ੇਸ਼ ਕੈਂਪ’ ਸਮਾਪਤ ਹੋ ਗਿਆ।ਵਿਸ਼ੇਸ਼ ਮਹਿਮਾਨ ਡੀਨ ਵਿਦਿਆਰਥੀ ਭਲਾਈ ਪ੍ਰੋ. ਅਨੀਸ਼ ਕੁਮਾਰ ਦੂਆ ਅਤੇ ਯੂਨੀਵਰਸਿਟੀ ਦੇ ਐਨ.ਐਸ.ਐਸ ਕੋਆਰਡੀਨੇਟਰ ਪ੍ਰੋ. ਐਚ.ਐਸ ਗੁਜਰਾਲ ਨੇ ਸਮਾਪਤੀ ਸਮਾਰੋਹ ਦੀ ਪ੍ਰਧਾਨਗੀ ਕੀਤੀ।
              ਆਪਣੇ ਵਿਚਾਰ ਪੇਸ਼ ਕਰਦਿਆਂ ਪ੍ਰੋ. ਅਨੀਸ਼ ਕੁਮਾਰ ਦੁਆ ਨੇ ਵਲੰਟੀਅਰਾਂ ਨੂੰ ਉਨ੍ਹਾਂ ਦੇ ਉੱਚੇ ਹੌਸਲੇ ਅਤੇ ਕੋਵਿਡ 19 ਦੀ ਸਥਿਤੀ ਵਿੱਚ ਹਾਲ ਹੀ ‘ਚ ਆਈ ਤੇਜ਼ੀ ਦੇ ਬਾਵਜ਼ਦ ਸੱਤ ਦਿਨਾਂ ਦੇ ਵਿਸ਼ੇਸ਼ ਕੈਂਪ ਦੌਰਾਨ ਉਨ੍ਹਾਂ ਵਲੋਂ ਕੀਤੇ ਗਏ ਸ਼ਾਨਦਾਰ ਕੰਮ ਲਈ ਵਧਾਈ ਦਿੱਤੀ।ਉਨ੍ਹਾਂ ਕਿਹਾ ਕਿ ਦੇਸ਼ ਦੀ ਨਿਰੰਤਰ ਤਰੱਕੀ ਦੇਸ਼ ਦੇ ਨੌਜਵਾਨਾਂ ਦੇ ਨਿਰਸਵਾਰਥ ਕੰਮ `ਤੇ ਨਿਰਭਰ ਕਰਦੀ ਹੈ।ਇਸ ਲਈ ਨਿਰਸਵਾਰਥ ਹੋ ਕੇ ਕੰਮ ਕਰਨਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਸੇਵਾ ਉਦੋਂ ਹੀ ਹੁੰਦੀ ਹੈ ਜਦੋਂ ਅਸੀਂ ਕਾਰਜ਼ ਦੇ ਬਦਲੇ ਵਿੱਚ ਕੁੱਝ ਨਹੀਂ ਮੰਗਦੇ।ਆਪਣੇ ਸੰਬੋਧਨ ਦੇ ਅੰਤ ਵਿੱਚ ਉਨ੍ਹਾਂ ਨੇ ਮਦਰ ਟੈਰੇਸਾ ਵਰਗੇ ਲੋਕਾਂ ਦੇ ਸਮਾਜ ਲਈ ਕੀਤੇ ਨੇਕ ਕਾਰਜ਼ ਬਾਰੇ ਵੀ ਚਰਚਾ ਕੀਤੀ।
ਪ੍ਰੋ. ਐਚ.ਐਸ ਗੁਜਰਾਲ ਨੇ ਆਪਣੇ ਸੰਦੇਸ਼ ਵਿੱਚ ਪ੍ਰੋਗਰਾਮ ਅਫ਼ਸਰ, ਪ੍ਰੋ. ਰਾਜੇਸ਼ ਕੁਮਾਰ ਦੀ ਅਗਵਾਈ ਵਾਲੀ ਸਮੁੱਚੀ ਐਨ.ਐਸ.ਐਸ ਟੀਮ ਨੂੰ ਇਸ ਸੱਤ ਰੋਜ਼ਾ ਐਨ.ਐਸ.ਐਸ ਵਿਸ਼ੇਸ਼ ਕੈਂਪ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ ਵਧਾਈ ਦਿੱਤੀ।ਉਨ੍ਹਾਂ ਕਿਹਾ ਕਿ 7 ਦਿਨਾਂ ਕੈਂਪ ਦੌਰਾਨ ਵਲੰਟੀਅਰਾਂ ਵਲੋਂ ਅਤਿ ਦੀ ਠੰਢ ਅਤੇ ਲਗਾਤਾਰ ਬਰਸਾਤ ਦੀ ਸਥਿਤੀ ਵਿੱਚ ਕੀਤੀਆਂ ਗਈਆਂ ਵੱਖ-ਵੱਖ ਗਤੀਵਿਧੀਆਂ ਨੇ ਸਮਾਜ ਪ੍ਰਤੀ ਨਿਰਸਵਾਰਥ ਅਤੇ ਸਮਰਪਿਤ ਸੇਵਾ ਦੀ ਇੱਕ ਉਤਮ ਮਿਸਾਲ ਕਾਇਮ ਕੀਤੀ ਹੈ।ਉਨ੍ਹਾਂ ਨੇ ਕੋਵਿਡ-19 ਉਚਿਤ ਵਿਵਹਾਰ ਜਾਗਰੂਕਤਾ ਮੁਹਿੰਮ ਵਰਗੇ ਬਹੁਪੱਖੀ ਕਾਰਜਾਂ ਦੇ ਨਾਲ-ਨਾਲ ਸਥਾਨਕ ਸਿਹਤ ਅਧਿਕਾਰੀਆਂ ਅਤੇ ਆਂਗਣਵਾੜੀ ਵਰਕਰਾਂ ਨੂੰ ਪਿੰਡ ਦੀਆਂ ਡਿਸਪੈਂਸਰੀਆਂ ਰਣੀਕੇ (ਅਟਾਰੀ) ਅਤੇ ਕਠਾਣੀਆ (ਅਜਨਾਲਾ) ਵਿਖੇ ਬੜੇ ਉਤਸ਼ਾਹ ਨਾਲ ਟੀਕਾਕਰਨ ਕਰਵਾਉਣ ਲਈ ਪ੍ਰੇਰਿਤ ਕਰਨ ਵਿੱਚ ਸਹਾਇਤਾ ਕਰਨ ਦੀ ਸ਼ਲਾਘਾ ਕੀਤੀ।
                ਇਸ ਮੌਕੇ ਵਾਲੰਟੀਅਰਾਂ ਨੇ ਮਹਿਮਾਨਾਂ ਨਾਲ ਆਪਣੇ ਤਜ਼ਰਬੇ ਅਤੇ ਸੁਆਲ ਸਾਂਝੇ ਕੀਤੇ।ਚਾਰ ਸਰਵੋਤਮ ਵਾਲੰਟੀਅਰਾਂ ਨੂੰ ਮਹਿਮਾਨਾਂ ਵਲੋਂ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ।ਪ੍ਰੋ. ਰਾਜੇਸ਼ ਕੁਮਾਰ ਨੇ ਮਹਿਮਾਨਾਂ ਅਤੇ ਵਲੰਟੀਅਰਾਂ ਦੀ ਹਾਜ਼ਰੀ ਅਤੇ ਕੈਂਪ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਲਈ ਸਾਰਿਆਂ ਦਾ ਧੰਨਵਾਦ ਕੀਤਾ।

Check Also

BBK DAV College for Women bags top University Position in Gndu Exams

Amritsar,  August 25 (Punjab Post Bureau) – BBK DAV College for Women has once again …