ਅੰਮ੍ਰਿਤਸਰ, 13 ਜਨਵਰੀ (ਖੁਰਮਣੀਅ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਦੀ ਸੁਚੱਜੀ ਰਹਿਨੁਮਾਈ ਹੇਠ ਚੱਲ ਰਹੇ ਵਿੱਦਿਅਕ ਅਦਾਰੇ ਖ਼ਾਲਸਾ ਕਾਲਜ ਆਫ਼
ਨਰਸਿੰਗ, ਸ੍ਰੀ ਗੁਰੂ ਤੇਗ ਬਹਾਦਰ ਕਾਲਜ ਫ਼ਾਰ ਵੁਮੈਨ ਅਤੇ ਖ਼ਾਲਸਾ ਕਾਲਜ ਫ਼ਾਰ ਵੁਮੈਨ ਵਿਖੇ ਸਰਦ ਰੁੱਤ ਦਾ ਤਿਉਹਾਰ ਲੋਹੜੀ ਬੜੇ ਉਤਸ਼ਾਹ ਨਾਲ ਮਨਾਇਆ ਗਿਆ।ਪ੍ਰਿੰਸੀਪਲਾਂ ਨੇ ਜਿਥੇ ਲੋਹੜੀ ਦੀ ਸਾਰਿਆਂ ਨੂੰ ਵਧਾਈ ਦਿੱਤੀ, ਉਥੇ ਉਨ੍ਹਾਂ ਨੇ ਮਾਘੀ ਦਿਹਾੜੇ ਬਾਰੇ ਵਿਦਿਆਰਥੀਆਂ ਨੂੰ ਜਾਣਕਾਰੀ ਵੀ ਦਿੱਤੀ।
ਇਸ ਦੌਰਾਨ ਨਰਸਿੰਗ ਕਾਲਜ ਦੇ ਪਿ੍ਰੰਸੀਪਲ ਡਾ. ਕਮਲਜੀਤ ਕੌਰ, ਸ੍ਰੀ ਗੁਰੂ ਤੇਗ ਬਹਾਦਰ ਕਾਲਜ ਦੇ ਪ੍ਰਿੰਸੀਪਲ ਨਾਨਕ ਸਿੰਘ ਅਤੇ ਵੁਮੈਨ ਕਾਲਜ ਤੋਂ ਪ੍ਰਿੰਸੀਪਲ ਡਾ. ਸੁਰਿੰਦਰ ਕੌਰ ਨੇ ਆਪਣੇਆਪਣੇ ਭਾਸ਼ਣਾਂ ਰਾਹੀਂ ਵਿਦਿਆਰਥੀਆਂ ਨੂੰ ਲੋਹੜੀ ਦੀ ਵਧਾਈ ਅਤੇ ਮਾਘੀ ਮੇਲੇ ਦੀ ਮਹੱਤਤਾ ਜੋ ਕਿ ਸ੍ਰੀ ਆਨੰਦਪੁਰ ਸਾਹਿਬ ਵਿਖੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਉਨ੍ਹਾਂ 40 ਮੁਕਤਿਆਂ ਨਾਲ ਹੈ ਜੋ ਬੇਦਾਵਾ ਦੇ ਕੇ ਗਏ ਸਨ ਕਿ ‘ਅੱਜ ਤੋਂ ਤੁੁਸੀ ਸਾਡੇ ਗੁਰੂ ਨਹੀਂ ਅਤੇ ਅਸੀ ਤੁਹਾਡੇ ਸਿੱਖ ਨਹੀਂ’ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਵਰਤਮਾਨ ਸਮੇਂ ’ਚ ਲੋਕਾਂ ਨੇ ਤਿਉਹਾਰਾਂ ਨੂੰ ਨਵਾਂ ਰੂਪ ਦੇ ਦਿੱਤਾ ਹੈ, ਇਸ ਲਈ ਜ਼ਰੂਰਤ ਹੈ ਕਿ ਇਸ ਦੇ ਪੁਰਾਤਨ ਸਰੂਪ ਨੂੰ ਕਾਇਮ ਰੱਖਣ ਲਈ ਵਿੱਦਿਅਕ ਸੰਸਥਾਵਾਂ ’ਚ ਅਜਿਹੇ ਤਿਉਹਾਰ ਮਨਾਏ ਜਾਣ ਅਤੇ ਨਵੀਂ ਪੀੜ੍ਹੀ ਇਨ੍ਹਾਂ ਤਿਉਹਾਰਾਂ ਦੀ ਮਹੱਤਤਾ ਬਾਰੇ ਜਾਣੂ ਹੋਵੇ ਅਤੇ ਇਨ੍ਹਾਂ ਨੂੰ ਧੂਮਧਾਮ ਨਾਲ ਮਨਾਏ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਹਰੇਕ ਤਿਉਹਾਰ ਪਿੱਛੇ ਇੱਥੋਂ ਦੇ ਸਮਾਜ ਅਤੇ ਸੱਭਿਆਚਾਰ ਨਾਲ ਸਬੰਧਿਤ ਕੋਈ ਨਾ ਕੋਈ ਤੱਥ ਜੁੜਿਆ ਹੋਇਆ ਹੈ।ਪੰਜਾਬ ’ਚ ਲੋਹੜੀ ਦੇ ਮੌਕੇ ਜ਼ਿਆਦਾਤਰ ਕਿਸਾਨ ਠੰਢ ਤੋਂ ਬਚਣ ਲਈ ਅੱਗ ਦਾ ਭੁੱਗਾ ਬਾਲਦੇ ਸਨ ਅਤੇ ਮੂੰਗਫ਼ਲੀ ਰਿਊੜੀਆਂ ਵਰਗੀਆਂ ਚੀਜਾਂ ਦੀ ਵਰਤੋਂ ਕਰਦੇ ਸਨ।ਨਾਲ-ਨਾਲ ਮਰਦ ਪ੍ਰਧਾਨ ਸਮਾਜ ’ਚ ਕਿਸੇ ਦੇ ਘਰ ਲੜਕੇ ਦਾ ਜਨਮ ਹੋਣ ਜਾਂ ਵਿਆਹ ਦੀ ਖੁਸ਼ੀ ’ਚ ਵੀ ਲੋਹੜੀ ਮਨਾਈ ਜਾਂਦੀ ਸੀ।
ਉਨ੍ਹਾਂ ਕਿਹਾ ਕਿ ਸਮੇਂ ਦੇ ਬਦਲਣ ਨਾਲ ਅੱਜਕਲ ਧੀਆਂ ਦੀ ਲੋਹੜੀ ਵੀ ਮਨਾਈ ਜਾ ਰਹੀ ਹੈ ਜੋ ਕਿ ਸਮਾਜ ਦੀ ਬਦਲਦੀ ਸੋਚ ਨੂੰ ਦਰਸਾਉਂਦੀ ਹੈ।ਉਕਤ ਵਿੱਦਿਅਕ ਸੰਸਥਾਵਾਂ ਦੇ ਸਮੂਹ ਸਟਾਫ਼ ਵਲੋਂ ਲੋਹੜੀ ਨਾਲ ਸਬੰਧਿਤ ਵਿਚਾਰ, ਲੋਕ ਗੀਤ ਅਤੇ ਟੱਪੇ ਸੁਣਾ ਕੇ ਵਿਦਿਆਰਥੀਆਂ ਦਾ ਮਨੋਰੰਜਨ ਕੀਤਾ ਗਿਆ।ਵਿਦਿਆਰਥੀਆਂ ਵਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤੇ ਗਏ।ਇਸ ਮੌਕੇ ਉਪਰੋਕਤ ਅਦਾਰਿਆਂ ਦੇ ਸਟਾਫ਼ ਮੈਂਬਰ ਅਤੇ ਵਿਦਿਆਰਥੀ ਹਾਜ਼ਰ ਸਨ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media