Wednesday, March 18, 2026

80 ਸਾਲ ਜਾਂ ਜਿਆਦਾ ਉਮਰ ਦੇ ਸੀਨੀਅਰ ਸਿਟੀਜ਼ਨ, ਦਿਵਿਯਾਂਗ ਤੇ ਕੋਵਿਡ-19 ਦੇ ਸ਼ੱਕੀ ਜਾਂ ਪ੍ਰਭਾਵਿਤ ਹੁਣ ਘਰ ਬੈਠੇ ਹੀ ਪਾ ਸਕਣਗੇ ਵੋਟ

ਪਠਾਨਕੋਟ, 14 ਜਨਵਰੀ (ਪੰਜਾਬ ਪੋਸਟ ਬਿਊਰੋ) ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ ਪਠਾਨਕੋਟ ਸੰਯਮ ਅਗਰਵਾਲ ਆਈ.ਏ.ਐਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਧਾਨ ਸਭਾ ਦੀਆਂ ਆਮ ਚੋਣਾਂ-2022 ਦਾ ਐਲਾਨ ਮਿਤੀ 08.01.2022 ਨੂੰ ਹੋ ਚੁੱਕਾ ਹੈ।ਉਨ੍ਹਾਂ ਵਲੋਂ ਦੱਸਿਆ ਗਿਆ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਇਨ੍ਹਾਂ ਚੋਣਾਂ ਦੌਰਾਨ 80 ਸਾਲ ਜਾਂ ਇਸ ਤੋਂ ਉਪਰ ਦੇ ਸੀਨੀਅਰ ਸਿਟੀਜਨਾਂ, ਦਿਵਿਯਾਂਗ ਵੋਟਰਾਂ ਅਤੇ ਕੋਵਿਡ-19 ਦੇ ਸ਼ੱਕੀ ਜਾਂ ਪ੍ਰਭਾਵਿਤ ਵਿਅਕਤੀਆਂ ਨੂੰ ਆਪਣੇ ਘਰਾਂ ਤੋਂ ਹੀ ਪੋਸਟਲ ਬੈਲਟ ਪੇਪਰ ਰਾਹੀਂ ਵੋਟ ਪੋਲ ਕਰਨ ਦੀ ਸਹੂਲਤ ਦਿੱਤੀ ਜਾਣੀ ਹੈ। ਉਕਤ ਕੈਟਾਗਿਰੀ ਦੇ ਵੋਟਰ ਪੋਸਟਲ ਬੈਲਟ ਪੇਪਰ ਜਾਂ ਪੋਲਿੰਗ ਸਟੇਸ਼ਨਾਂ ਵਿੱਚ ਕਾਸਟ ਕਰਨ ਲਈ ਆਪਣੀ ਆਪਸ਼ਨ ਫਾਰਮ 12-ਡੀ ਵਿੱਚ ਦੇਣਗੇ।ਰਿਟਰਨਿੰਗ ਅਫ਼ਸਰਾਂ ਵਲੋਂ ਚੋਣਾਂ ਦੇ ਐਲਾਨ ਹੋਣ ਦੀ ਮਿਤੀ 08.01.2022 ਤੋਂ ਹੀ ਸਬੰਧਤ ਕੈਟਾਗਿਰੀਆਂ ਦੇ ਵੋਟਰਾਂ ਤੋਂ ਆਪਸ਼ਨ ਲੈਣ ਲਈ ਫਾਰਮ 12-ਡੀ ਵੰਡਣ ਦੀ ਕਾਰਵਾਈ ਬੀ.ਐਲ.ਓ ਰਾਹੀਂ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਇਹ ਆਪਸ਼ਨਾਂ ਮਿਤੀ 26 ਜਨਵਰੀ 2022 ਤੱਕ ਲਈਆਂ ਜਾਣਗੀਆਂ।ਜਿਹੜੇ ਵੋਟਰਾਂ ਵਲੋਂ ਪੋਸਟਲ ਬੈਲਟ ਪੇਪਰ ਰਾਹੀਂ ਆਪਣੀ ਵੋਟ ਪੋਲ ਕਰਨ ਦੀ ਆਪਸ਼ਨ ਦਿੱਤੀ ਜਾਵੇਗੀ, ਉਨ੍ਹਾਂ ਵੋਟਰਾਂ ਦੀਆਂ ਸੂਚੀਆਂ ਦੀ ਹਾਰਡ ਕਾਪੀ ਸਬੰਧਤ ਰਿਟਰਨਿੰਗ ਅਫ਼ਸਰਾਂ ਵਲੋਂ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੇ ਚੋਣ ਲੜਨ ਵਾਲੇ ਉਮੀਦਵਾਰਾਂ ਨਾਲ ਸਾਂਝੀ ਕੀਤੀ ਜਾਵੇਗੀ।
                    ਉਨ੍ਹਾਂ ਦੱਸਿਆ ਕਿ ਪੋਸਟਲ ਬੈਲਟ ਪੇਪਰ ਰਾਹੀਂ ਆਪਣੀ ਵੋਟ ਪੋਲ ਕਰਨ ਵਾਲੇ ਵੋਟਰਾਂ ਦੀ ਵੋਟ ਪੋਲ ਕਰਵਾਉਣ ਲਈ ਪੋਲਿੰਗ ਪਾਰਟੀ (ਜਿਸ ਵਿੱਚ ਸਿਵਲ ਅਤੇ ਪੁਲਿਸ ਵਿਭਾਗ ਦੇ ਅਧਿਕਾਰੀ/ਕਰਮਚਾਰੀ ਸਮੇਤ ਇੱਕ ਵੀਡਿਓ ਗ੍ਰਾਫਰ ਸ਼ਾਮਲ ਹੋਣਗੇ) ਸਬੰਧਤ ਵੋਟਰਾਂ ਦੇ ਘਰਾਂ ਵਿੱਚ ਪਹੁੰਚ ਕੇ ਪੋਸਟਲ ਬੈਲਟ ਪੇਪਰ ਰਾਹੀਂ ਵੋਟ ਕਾਸਟ ਕਰਨ ਦੀ ਵਿਧੀ ਬਾਰੇ ਜਾਣੂ ਕਰਵਾਏਗੀ ਅਤੇ ਵੋਟ ਕਾਸਟ ਕਰਵਾਉਣ ਉਪਰੰਤ ਸਾਰੇ ਦਸਤਾਵੇਜਾਂ ਨੂੰ ਸਬੰਧਤ ਰਿਟਰਨਿੰਗ ਅਫ਼ਸਰਾਂ ਨੂੰ ਜਮ੍ਹਾਂ ਕਰਵਾਏਗੀ।  ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਉਕਤ ਕੈਟਾਗਿਰੀਆਂ ਦੀ ਪੋਸਟਲ ਬੈਲਟ ਪੇਪਰ ਰਾਹੀਂ ਵੋਟ ਕਾਸਟ ਕਰਵਾਉਣ ਦੀ ਕਾਰਵਾਈ ਚੋਣ ਉਮੀਦਵਾਰਾਂ ਦੀ ਅੰਤਿਮ ਸੂਚੀ ਤਿਆਰ ਹੋਣ ਤੋਂ ਤੁਰੰਤ ਬਾਅਦ ਪੋਸਟਲ ਬੈਲਟ ਪੇਪਰ ਛਪਵਾਕੇ ਹਰ ਹਾਲਤ ਵਿੱਚ ਪੋਲਿੰਗ ਦੀ ਮਿਤੀ 14.02.2022 ਤੋਂ ਪਹਿਲਾਂ-ਪਹਿਲਾਂ ਮੁਕੰਮਲ ਕੀਤੀ ਜਾਣੀ ਹੈ।ਸਮੂਹ ਰਿਟਰਨਿੰਗ ਅਫ਼ਸਰਾਂ ਵੱਲੋਂ ਪੋਲਿੰਗ ਪਾਰਟੀਆਂ ਦੀ ਵਿਜ਼ਿਟ ਬਾਰੇ ਸਬੰਧਤ ਵੋਟਰਾਂ ਅਤੇ ਚੋਣ ਲੜਨ ਵਾਲੇ ਉਮੀਦਵਾਰਾਂ ਨੂੰ ਅਡਵਾਂਸ ਵਿੱਚ ਸੂਚਿਤ ਕਰ ਦਿੱਤਾ ਜਾਵੇਗਾ।
                   ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਜ਼ਿਲ੍ਹੇ ਵਿਚਲੇ 80 ਸਾਲ ਜਾਂ ਇਸ ਤੋਂ ਉਪਰ ਦੇ ਸੀਨੀਅਰ ਸਿਟੀਜਨਾਂ, 40 ਪ੍ਰਤੀਸ਼ਤਾ ਤੋਂ ਉਪਰ ਵਾਲੇ ਦਿਵਿਯਾਗ ਵੋਟਰਾਂ, ਕੋਵਿਡ-19 ਦੇ ਸ਼ੱਕੀ ਜਾਂ ਪ੍ਰਭਾਵਿਤ ਵਿਅਕਤੀਆਂ, ਰਾਜਨੀਤਿਕ ਪਾਰਟੀਆਂ, ਚੋਣ ਲੜਨ ਵਾਲੇ ਉਮੀਦਾਵਰਾਂ ਅਤੇ ਰਾਜਨੀਤਿਕ ਪਾਰਟੀਆਂ ਦੇ ਬੂਥ ਲੈਵਲ ਏਜੰਟਾਂ (ਬੀ.ਐਲ.ਏ) ਇਸ ਕੰਮ ਵਿੱਚ ਜ਼ਿਲ੍ਹਾ ਪ੍ਰਸ਼ਾਸ਼ਨ, ਰਿਟਰਨਿੰਗ ਅਫ਼ਸਰਾਂ, ਸੈਕਟਰ ਅਫ਼ਸਰਾਂ, ਬੀ.ਐਲ.ਓ, ਪੋਲਿੰਗ ਸਟਾਫ ਅਤੇ ਹੋਰ ਵੱਖ-ਵੱਖ ਟੀਮਾਂ ਨੂੰ ਆਪਣਾ ਪੂਰਨ ਸਹਿਯੋਗ ਦੇਣ ਤਾਂ ਜੋ ਇਸ ਕੰਮ ਨੂੰ ਸੁਚਾਰੂ ਢੰਗ ਨਾਲ ਨੇਪੜੇ ਚਾੜਿਆ ਜਾ ਸਕੇ।
                ਡਿਪਟੀ ਕਮਿਸ਼ਨਰ ਵੱਲੋਂ ਉਕਤ ਕੈਟਾਗਿਰੀਆਂ ਦੇ ਵੋਟਰਾਂ ਨੂੰ ਇਹ ਵੀ ਅਪੀਲ ਕੀਤੀ ਗਈ ਹੈ ਕਿ ਉਹ ਫਾਰਮ12-ਡੀ ਆਪਣੀ ਆਪਸ਼ਨ ਬੜੇ ਧਿਆਨ-ਪੂਰਵਕ ਦੇਣ।ਜਿਹੜੇ ਵੋਟਰਾਂ ਵੱਲੋਂ ਪੋਸਟਲ ਬੈਲਟ ਪੇਪਰ ਰਾਹੀਂ ਆਪਣੀ ਵੋਟ ਪੋਲ ਕਰਨ ਲਈ ਆਪਣੀ ਆਪਸ਼ਨ ਦੇ ਦਿੱਤੀ ਜਾਂਦੀ ਹੈ ਤਾਂ ਅਜਿਹੇ ਵੋਟਰ ਕੇਵਲ ਤੇ ਕੇਵਲ ਪੋਸਟਲ ਬੈਲਟ ਪੇਪਰ ਰਾਹੀਂ ਹੀ ਆਪਣੀ ਵੋਟ ਪੋਲ ਕਰ ਸਕਦੇ ਹਨ ਅਤੇ ਉਹ 14 ਫਰਵਰੀ 2022 ਨੂੰ ਪੋਲਿੰਗ ਸਟੇਸ਼ਨਾਂ ਤੇ ਆਪਣੀ ਵੋਟ ਪੋਲ ਨਹੀਂ ਕਰ ਸਕਦੇ ਹਨ।

Check Also

ਖਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ ਗਈ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …