ਅੰਮ੍ਰਿਤਸਰ 17 ਦਸੰਬਰ (ਦੀਪ ਦਵਿੰਦਰ ਸਿੰਘ) – ਭਾਸ਼ਾ, ਸਾਹਿਤ ਅਤੇ ਸਿਰਜਣਾ ਦੇ ਖੇਤਰ ਵਿਚ ਨਿਰੰਤਰ ਕਾਰਜ਼ ਸ਼ੀਲ ਜਨਵਾਦੀ ਲੇਖਕ ਸੰਘ ਵਲੋਂ ਕੇਂਦਰੀ
ਪੰਜਾਬੀ ਲੇਖਕ ਸਭਾ ਦੇ ਸਹਿਯੋਗ ਨਾਲ ਪੰਜਾਬੀ ਦੇ ਪ੍ਰਮੁੱਖ ਰਸਾਲੇ ਕਹਾਣੀ ਧਾਰਾ ਦਾ “ਕਥਾਕਾਰ ਪ੍ਰੇਮ ਗੋਰਖੀ ਵਿਸ਼ੇਸ਼ ਅੰਕ” ਜਾਰੀ ਕੀਤਾ ਗਿਆ।
ਸਥਾਨਕ ਆਤਮ ਪਬਲਿਕ ਸਕੂਲ ਇਸਲਾਮਾਬਾਦ ਵਿਖੇ ਸੰਖੇਪ ਸਮਾਗਮ ਵਿਚ ਸ਼ਾਇਰ ਦੇਵ ਦਰਦ ਨੇ ਸਵਾਗਤ ਕਰਦਿਆਂ ਕਿਹਾ ਕਿ ਅਜਿਹੇ ਰਸਾਲੇ ਸਾਹਿਤ ਅਤੇ ਸਭਿਆਚਾਰ ਨੂੰ ਪ੍ਰਫੁੱਲਿਤ ਕਰਨ ਦੇ ਨਾਲ ਨਾਲ ਮਾਤ ਭਾਸ਼ਾ ਦੀ ਬੇਹਤਰੀ ਲਈ ਗੌਲਣਯੋਗ ਭੂਮਿਕਾ ਨਿਭਾਉਂਦੇ ਹਨ।
ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਕੱਤਰ ਦੀਪ ਦੇਵਿੰਦਰ ਸਿੰਘ ਨੇ ਕਹਾਣੀ ਧਾਰਾ ਰਸਾਲੇ ਬਾਰੇ ਚਰਚਾ ਕਰਦਿਆਂ ਕਿਹਾ ਕਿ ਕਹਾਣੀ ਧਾਰਾ ਨੇ ਪਿਛਲੇ ਢਾਈ ਦਹਾਕਿਆਂ ਤੋਂ ਪੰਜਾਬੀ ਗਲਪ ਲਈ ਮੁਲਵਾਨ ਕੰਮ ਕਰਦਿਆਂ ਨਵੇਂ ਅਤੇ ਪੁਰਾਣੇ ਲੇਖਕਾਂ ਨੂੰ ਮਹੱਤਵਪੂਰਨ ਸਥਾਨ ਵੀ ਦਿਤਾ ਹੈ ਅਤੇ ਕਥਾਕਾਰ ਪ੍ਰੇਮ ਗੋਰਖੀ ਵਿਸ਼ੇਸ਼ ਅੰਕ ਵਾਂਗ ਹੀ ਮਾਂ ਵਿਸ਼ੇਸ਼ ਅੰਕ, ਬਾਪ ਵਿਸ਼ੇਸ਼ ਅੰਕ, ਬੇ ਕਤਾਬੇ ਕਹਾਣੀਕਾਰ ਵਿਸ਼ੇਸ਼ ਅੰਕ, ਸ਼ਾਹਮੁਖੀ ਕਹਾਣੀ ਵਿਸ਼ੇਸ਼ ਅੰਕ ਆਦਿ ਜਾਰੀ ਕਰਕੇ ਪੰਜਾਬੀ ਰਸਾਲਿਆਂ ਵਿਚ ਮੋਹਰੀ ਰੋਲ ਅਦਾ ਕੀਤਾ ਹੈ।
ਕਹਾਣੀ ਧਾਰਾ ਦੇ ਸੰਪਾਦਕ ਅਤੇ ਪ੍ਰਮੁੱਖ ਕਹਾਣੀਕਾਰ ਭਗਵੰਤ ਰਸੂਲਪੁਰੀ ਨੇ ਕਥਾਕਾਰ ਪ੍ਰੇਮ ਗੋਰਖੀ ਵਿਸ਼ੇਸ਼ ਅੰਕ ਬਾਰੇ ਗੱਲ ਕਰਦਿਆਂ ਦੱਸਿਆ ਕਿ ਬੇਸ਼ੱਕ ਪ੍ਰੇਮ ਗੋਰਖੀ ਵਕਾਰੀ ਇਨਾਮਾਂ ਸਨਮਾਨਾਂ ਤੋਂ ਅਣਗੌਲਿਆ ਰਿਹਾ ਲੇਕਨ ਉਹਦੇ ਕਥਾਕਾਰ ਸੰਸਾਰ ਨੇ ਮਾਨਵੀ ਰਿਸ਼ਤਿਆਂ ਦੀ ਕਸੀਦਾਕਾਰੀ ਕਰਦਿਆਂ ਅਜਿਹੇ ਪ੍ਰਭਾਵ ਸਿਰਜੇ ਕਿ ਗੋਰਖੀ ਲੋਕ ਮਨਾਂ ਅੰਦਰ ਹਮੇਸ਼ਾਂ ਲਈ ਵੱਸ ਗਿਆ।ਇਸੇ ਲਈ ਉਹਨਾਂ ਇਸ ਅੰਕ ਦੀ ਤਰਤੀਬ ਦਸਤਾਵੇਜ਼ੀ ਬਣਾਉਣ ਲਈ ਤਸਵੀਰਾਂ, ਮੁਲਾਕਾਤਾਂ, ਗੋਰਖੀ ਦੇ ਸਵੈ ਕਥਨ ਆਦਿ ਛਾਪੇ ਹਨ ਤਾਂ ਜੋ ਪਾਠਕਾਂ ਨੂੰ ਗੋਰਖੀ ਦੀ ਸਖਸ਼ੀਅਤ ਅਤੇ ਸਾਹਿਤ ਪ੍ਰਤੀ ਬਣੀ ਸਮਝ ਦਾ ਪਤਾ ਲਗ ਸਕੇ।
ਪਰਮਜੀਤ ਕੌਰ, ਪੂਨਮ ਸ਼ਰਮਾ, ਸ਼ਮੀ ਮਹਾਜਨ ਅਤੇ ਅੰਕਿਤਾ ਸਹਿਦੇਵ ਨੇ ਵੀ ਕਹਾਣੀ ਧਾਰਾ ਦੇ ਇਸ ਵਿਸ਼ੇਸ਼ ਅੰਕ ਬਾਰੇ ਵਿਚਾਰ ਰੱਖੇ।
Check Also
ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ
ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …
Punjab Post Daily Online Newspaper & Print Media