Thursday, June 19, 2025
Breaking News

ਰਾਸ਼ਟਰੀ ਵੋਟਰ ਦਿਵਸ ਦੀ ਅਹਿਮੀਅਤ

                    ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰੀ ਦੇਸ਼ ਭਾਰਤ ਵਿੱਚ ਸੁਤੰਤਰ ਅਤੇ ਨਿਰਪੱਖ ਚੋਣਾਂ ਕਰਵਾਉਣ ਦੇ ਉਦੇਸ਼ ਨਾਲ 25 ਜਨਵਰੀ 1950 ਨੂੰ ਭਾਰਤੀ ਚੋਣ ਆਯੋਗ ਦੀ ਸਥਾਪਨਾ ਕੀਤੀ ਗਈ ਸੀ। ਭਾਰਤੀ ਸੰਵਿਧਾਨ ਵਿੱਚ ਧਾਰਾ 324 ਤੋਂ 329 ਤੱਕ ਚੋਣ ਆਯੋਗ ਦੀਆਂ ਸ਼ਕਤੀਆਂ ਅਤੇ ਕੰਮਾਂ ਬਾਰੇ ਵਿਵਸਥਾਵਾਂ ਕੀਤੀਆਂ ਗਈਆਂ ਹਨ।25 ਜਨਵਰੀ ਭਾਵ ਭਾਰਤੀ ਚੋਣ ਆਯੋਗ ਦੇ ਸਥਾਪਨਾ ਦਿਵਸ ਨੂੰ ਚਿਰਸਥਾਈ ਬਣਾਉਣ ਲਈ 25 ਜਨਵਰੀ 2011 ਤੋਂ ਹਰ ਸਾਲ ਰਾਸ਼ਟਰੀ ਵੋਟਰ ਦਿਵਸ ਮਨ੍ਹਾਉਣ ਦੀ ਸ਼ੁਰੂਆਤ ਕੀਤੀ ਗਈ ਸੀ।ਇਸ ਸਾਲ 12ਵਾਂ ਰਾਸ਼ਟਰੀ ਵੋਟਰ ਦਿਵਸ 25 ਜਨਵਰੀ 2021 ਨੂੰ ਮਨਾਇਆ ਜਾ ਰਿਹਾ ਹੈ।
                   ਰਾਸ਼ਟਰੀ ਵੋਟਰ ਦਿਵਸ ਮਨਾਉਣ ਦਾ ਮੁੱਖ ਉਦੇਸ਼ ਨਵੇਂ ਅਤੇ ਨੌਜਵਾਨ ਵੋਟਰਾਂ ਦੀ ਭਾਰਤੀ ਰਾਜਨੀਤਿਕ ਅਤੇ ਚੋਣ ਪ੍ਰਕਿਰਿਆ ਵਿੱਚ ਭਾਗੀਦਾਰੀ ਨੂੰ ਜਿੱਥੇ ਵਧਾਉਣਾ ਹੈ ਉਥੇ ਨਵੇਂ ਵੋਟਰਾਂ ਨੂੰ ਵੋਟਰ ਸੂਚੀਆਂ ‘ਚ ਵੱਧ ਤੋਂ ਵੱਧ ਦਰਜ਼ ਕਰਕੇ ਉਹਨਾਂ ਵਿੱਚ ਵੋਟ ਦੇ ਅਧਿਕਾਰ ਦੀ ਮਹੱਤਤਾ ਸਬੰਧੀ ਵੋਟਰ ਜਾਗਰੂਕਤਾ ਪੈਦਾ ਕਰਨਾ ਹੈ।ਇਸੇ ਕਰਕੇ ਰਾਸ਼ਟਰੀ ਵੋਟਰ ਦਿਵਸ ਮੌਕੇ ਪੂਰੇ ਰਾਸ਼ਟਰ ਵਿੱਚ ਰਾਸ਼ਟਰੀ ਰਾਜਧਾਨੀ ਦਿੱਲੀ ਤੋਂ ਲੈ ਕੇ ਸਮੁੱਚੇ ਰਾਜਾਂ ਅਤੇ ਜ਼ਿਲ੍ਹਾ ਪੱਧਰ ‘ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਰਾਸ਼ਟਰੀ ਵੋਟਰ ਦਿਵਸ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ।ਜਿੱਥੇ ਨਵੇਂ ਵੋਟਰਾਂ ਨੂੰ ਉਤਸ਼ਾਹਿਤ ਕਰਨ ਲਈ ਵੋਟਰ ਕਾਰਡ ਵੰਡੇ ਜਾਂਦੇ ਹਨ, ਵੋਟਰ ਪ੍ਰਣ ਕਰਵਾਇਆ ਜਾਂਦਾ ਹੈ ਅਤੇ ਸਮੁੱਚੀ ਚੋਣ ਪ੍ਰਕਿਰਿਆ ਵਿੱਚੋਂ ਉਤਮ ਸੇਵਾਵਾਂ ਨਿਭਾਉਣ ਵਾਲੇ ਕਰਮਚਾਰੀਆਂ ਨੂੰ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਵੀ ਕੀਤਾ ਜਾਂਦਾ ਹੈ।
                  ਜ਼ਿਕਰਯੋਗ ਹੈ ਕਿ ਰਾਸ਼ਟਰੀ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਭਾਰਤ ਦੇ ਰਾਸ਼ਟਰਪਤੀ ਵੱਲੋਂ ਰਾਸ਼ਟਰੀ ਅਵਾਰਡ ਦਿੱਤੇ ਜਾਂਦੇ ਹਨ।
ਅਸੀਂ ਭਾਰਤ ਦੇ ਲੋਕ ਵਡਭਾਗੇ ਹਾਂ ਕਿ ਅਸੀਂ ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰੀ ਦੇਸ਼ ਵਿੱਚ ਆਜ਼ਾਦ ਫ਼ਿਜ਼ਾ ਵਿੱਚ ਜਿੱਥੇ ਰਹਿ ਰਹੇ ਹਾਂ ਉਥੇ ਸਾਡੇ ਕੋਲ ਵੋਟ ਦਾ ਅਧਿਕਾਰ ਹੋਣ ਕਾਰਨ ਸਾਨੂੰ ਆਪਣੀ ਇੱਛਾ ਅਨੁਸਾਰ ਆਪਣੀ ਸਰਕਾਰ ਬਨਾਉਣ ਦਾ ਅਧਿਕਾਰ ਪ੍ਰਾਪਤ ਹੈ।ਇਸ ਲਈ ਸਾਨੂੰ ਆਪਣੇ ਦੇਸ਼ ਅਤੇ ਭਾਰਤੀ ਸੰਵਿਧਾਨ ‘ਤੇ ਮਾਣ ਕਰਨਾ ਚਾਹੀਦਾ ਹੈ।
                  ਭਾਰਤੀ ਸੰਵਿਧਾਨ ਅਨੁਸਾਰ ਭਾਰਤ ਦਾ ਹਰੇਕ ਨਾਗਰਿਕ ਜਿਸ ਦੀ ਉਮਰ 18 ਸਾਲ ਜਾਂ ਵੱਧ ਹੈ ਉਸਨੂੰ ਬਾਲਗ ਮੱਤ ਅਧਿਕਾਰ ਬਿਨ੍ਹਾਂ ਕਿਸੇ ਧਰਮ, ਜਾਤ, ਰੰਗ ਨਸਲ ਅਤੇ ਲਿੰਗ ਦੇ ਵਿਤਕਰੇ ਦੇ ਦਿੱਤਾ ਗਿਆ ਹੈ ਇਹ ਭਾਰਤੀ ਲੋਕਤੰਤਰ ਦੀ ਖੂਬਸੂਰਤੀ ਹੈ।ਭਾਰਤੀ ਸੰਵਿਧਨ ਵਿਚ 61ਵੀਂ ਸੋਧ ਕਰਕੇ ਵੋਟ ਦੇ ਅਧਿਕਾਰ ਦੀ ਉਮਰ 21 ਸਾਲ ਤੋਂ ਘਟਾ ਕੇ 18 ਸਾਲ ਕਰ ਦਿੱਤੀ ਗਈ ਸੀ ਤਾਂ ਜੋ ਵੱਧ ਤੋਂ ਵੱਧ ਨੌਜਵਾਨ ਵੋਟਰਾਂ ਨੂੰ ਭਾਰਤੀ ਲੋਕਤੰਤਰ ਦਾ ਹਿੱਸਾ ਬਣਾਇਆ ਜਾ ਸਕੇ।ਅੱਜ ਇਹ ਸੁਪਨਾ ਪੂਰਾ ਹੋ ਚੁੱਕਾ ਹੈ।
                ਭਾਰਤ ਦੀ ਕੁੱਲ 135 ਕਰੋੜ ਆਬਾਦੀ ਵਿਚ 91 ਕਰੋੜ ਤੋਂ ਵੱਧ ਵੋਟਰ ਹਨ।ਜਿਸ ਵਿਚ ਨੌਜਵਾਨ ਵੋਟਰਾਂ ਦੀ ਬਹੁਤਾਤ ਹੈ।ਭਾਰਤੀ ਲੋਕਤੰਤਰ ਲਈ ਹੋਰ ਵੀ ਮਾਣ ਵਾਲੀ ਗੱਲ ਹੈ ਕਿ ਹੁਣ ਤੱਕ 17 ਵਾਰ ਹੋ ਚੁੱਕੀਆਂ ਲੋਕ ਸਭਾ ਚੋਣਾਂ ਨੂੰ ਭਾਰਤੀ ਚੋਣ ਆਯੋਗ ਵਲੋਂ ਸੁਤੰਤਰ ਅਤੇ ਨਿਰਪੱਖ ਹੋ ਕੇ ਨੇਪੜੇ ਚਾੜ੍ਹਿਆ ਗਿਆ ਹੈ।17ਵੀਂ ਲੋਕ ਸਭਾ ਚੋਣਾਂ ਵਿੱਚ ਲਗਭਗ 10 ਲੱਖ ਦੇ ਕਰੀਬ ਪੋਲਿੰਗ ਬੂਥਾਂ ਦਾ ਪ੍ਰਬੰਧ ਅਤੇ ਸਮੁੱਚੇ ਰਾਸ਼ਟਰ ਵਿੱਚ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਦੇ ਨਾਲ ਵੀ.ਵੀ ਪੈਟ ਦੇ ਪ੍ਰਯੋਗ ਕਰਕੇ ਸਮੁੱਚੀ ਚੋਣ ਪ੍ਰਕਿਰਿਆਂ ਨੂੰ ਨੇਪੜੇ ਚੜਾਉਣਾ ਚੋਣ ਆਯੋਗ ਲਈ ਮਾਊਂਟ ਐਵਰੈਸਟ ਦੀ ਚੋਟੀ ਸਰ ਕਰਨ ਦੇ ਬਰਾਬਰ ਸੀ।
ਹੁਣ ਪੰਜਾਬ ਸਮੇਤ ਪੰਜ਼ ਰਾਜਾਂ ਦੀਆਂ ਵਿਧਾਨ ਸਭਾਵਾਂ ਚੋਣਾਂ ਨੂੰ ਨੇਪੜੇ ਚੜਾਉਣ ਲਈ ਚੋਣ ਆਯੋਗ ਪੱਬਾਂ ਭਾਰ ਹੋ ਗਿਆ ਹੈ।ਭਾਵੇਂ ਕੋਵਿਡ-19 ਦਾ ਫੈਲਾਓ ਆਪਣੀ ਚਰਮ ਸੀਮਾ ‘ਤੇ ਹੈ।ਪਰ ਇਨ੍ਹਾਂ ਚੋਣਾਂ ਨੂੰ ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜ੍ਹਨਾ ਚੋਣ ਆਯੋਗ ਲਈ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੋਵੇਗਾ।
ਆਓ! ਅਸੀਂ ਸਾਰੇ ਇੱਕ ਜਾਗਰੂਕ ਨਾਗਰਿਕ ਬਣੀਏ ਅਤੇ ਚੋਣ ਆਯੋਗ ਦੇ ਜਾਗਰੂਕਤਾ ਅਭਿਆਨ ਪ੍ਰੋਗਰਾਮ ਸਵੀਪ
SVEEP (Systematic Voter’s Education and Electoral Participation)
             ਦਾ ਹਿੱਸਾ ਬਣੀਏ।ਇਸੇ ਤਰ੍ਹਾਂ ਰਾਸ਼ਟਰੀ ਵੋਟਰ ਇਸ ਦੇ ਨਾਅਰੇ
“ No voters to be left behind”
               ਨੂੰ ਵਿਵਹਾਰਿਕ ਬਣਾਈਏ।ਇਸ ਤੋਂ ਇਲਾਵਾ ਭਾਰਤੀ ਸੰਵਿਧਾਨ ਵਿਚ ਸ਼ਾਮਲ ਅੱਠਵੇਂ ਮੌਲਿਕ ਕਰਤੱਵ ਅਨੁਸਾਰ ਸਾਨੂੰ ਭਾਰਤੀ ਨਾਗਰਿਕਾਂ ਨੂੰ ਵਿਗਿਆਨਿਕ ਦ੍ਰਿਸ਼ਟੀਕੋਣ, ਮਾਨਵਵਾਦ, ਜਾਂਚ ਕਰਨ ਅਤੇ ਸੁਧਾਰਵਾਦੀ ਭਾਵਨਾ ਵਿਕਸਿਤ ਕਰਨੀ ਚਾਹੀਦੀ ਹੈ ਅਤੇ ਇਸ ਲਈ ਸਾਨੂੰ ਆਪਣੇ ਵੋਟ ਦੇ ਅਧਿਕਾਰ ਦਾ ਪ੍ਰਯੋਗ ਬਿਨਾਂ ਕਿਸੇ ਲਾਲਚ, ਭੈ, ਜਾਤ, ਧਰਮ, ਰੰਗ, ਨਸਲ ਤੇ ਲਿੰਗ ਆਦਿ ਜਿਹੀਆਂ ਰੂੜੀਵਾਦੀ ਧਾਰਨਾਵਾਂ ਨੂੰ ਤਿਆਗ ਕੇ ਇੱਕ ਸੁਚੇਤ ਨਾਗਰਿਕ ਬਣ ਕੇ ਕਰਨੀ ਚਾਹੀਦੀ ਹੈ।ਕਿਉਂਕਿ ਵੋਟ ਪਾਉਣਾ ਕੇਵਲ ਸਾਡਾ ਅਧਿਕਾਰ ਹੀ ਨਹੀਂ ਹੈ ਇੱਕ ਜ਼ਿੰਮੇਵਾਰੀ ਵੀ ਹੈ।
                    ਅੰਤ ‘ਚ ਜਿੰਨ੍ਹੀ ਅਸੀਂ ਸਾਵਧਾਨੀ ਨਾਲ ਬਾਜ਼ਾਰ ਵਿਚੋਂ ਕੋਈ ਵਸਤੂ ਖ੍ਰੀਦਦੇ ਹਾਂ ਓਨੀਂ ਹੀ ਸਾਵਧਾਨੀ ਨਾਲ ਦੇਸ਼ ਦੇ ਨੀਤੀ ਘਾੜਿਆ ਅਤੇ ਪ੍ਰਤੀਨਿਧਾਂ ਦੀ ਵੀ ਚੋਣ ਕਰਨੀ ਸ਼ੁਰੂ ਕਰ ਦਈਏ ਤਾਂ ਉਹ ਦਿਨ ਦੂਰ ਨਹੀਂ ਜਿਸ ਦਿਨ ਭਾਰਤੀ ਸੰਵਿਧਾਨਕ ਨਿਰਮਾਤਾਵਾਂ ਦੁਆਰਾ ਲਿਆ ਗਿਆ ਸੁਪਨਾ ‘ਮਜ਼ਬੂਤ ਲੋਕਤੰਤਰ ਵਿਕਸਿਤ ਭਾਰਤ’ ਸਾਰਥਿਕ ਹੋ ਜਾਵੇਗਾ ਅਤੇ ਭਾਰਤ ਦੁਨੀਆਂ ਦੇ ਨਕਸ਼ੇ ‘ਤੇ ਧਰੂ ਤਾਰੇ ਵਾਗੂੰ ਚਮਕੇਗਾ।25012022
ਜੈ ਹਿੰਦ।

ਗੁਰਮੀਤ ਸਿੰਘ ਭੋਮਾ (ਸਟੇਟ ਅਵਾਰਡੀ)
(ਮੈਂਬਰ ਸਵੀਪ ਟੀਮ ਗੁਰਦਾਸਪੁਰ)
ਗਰੇਟਰ ਕੈਲਾਸ਼ ਬਟਾਲਾ।
ਫੋਨ: 9781535440
12ਵੇਂ ਰਾਸ਼ਟਰੀ ਵੋਟਰ ਦਿਵਸ ‘ਤੇ ਵਿਸ਼ੇਸ਼

Check Also

ਖਾਲਸਾ ਕਾਲਜ ਲਾਅ ਦੇ ਵਿਦਿਆਰਥੀਆਂ ਨੇ ’ਵਰਸਿਟੀ ਦੇ ਵੱਖ-ਵੱਖ ਇਮਤਿਹਾਨਾਂ ’ਚ ਮਾਰੀਆਂ ਮੱਲ੍ਹਾਂ

ਅੰਮ੍ਰਿਤਸਰ, 18 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਲਾਅ ਦੇ ਵਿਦਿਆਰਥੀਆਂ ਨੇ ਗੁਰੂ …