ਸੰਗਰੂਰ, 3 ਫਰਵਰੀ (ਜਗਸੀਰ ਲੌਂਗੋਵਾਲ) – ਕਰੋਨਾ ਦੀਆਂ ਹਦਾਇਤਾਂ ਦੀ ਆੜ ਹੇਠ ਬੰਦ ਪਏ ਸਰਕਾਰੀ ਪ੍ਰਾਇਮਰੀ ਅਤੇ ਸੈਕੰਡਰੀ ਸਕੂਲ ਖੋਖਰ ਕਲਾਂ ਨੂੰ ਇਸ
ਸਕੂਲ ਵਿੱਚ ਪੜ੍ਹਦੇ ਬੱਚਿਆਂ ਦੇ ਮਾਪਿਆਂ ਵਲੋਂ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੀ ਪਿੰਡ ਇਕਾਈ ਦੇ ਸਹਿਯੋਗ ਨਾਲ ਅੱਜ ਚਾਲੂ ਕਰਵਾਇਆ।ਇਕਾਈ ਪ੍ਰਧਾਨ ਬਿੱਕਰ ਸਿੰਘ ਖੋਖਰ ਕਲਾਂ ਅਤੇ ਬਲਾਕ ਆਗੂ ਬਿੰਦਰ ਖੋਖਰ ਨੇ ਕਿਹਾ ਕਿ ਪਿੰਡ ਦੇ ਸਮੁੱਚੇ ਮਾਪਿਆਂ ਨੇ ਭਾਕਿਯੂ (ਏਕਤਾ ਉਗਰਾਹਾਂ) ਦੀ ਪਿੰਡ ਇਕਾਈ ਕੋਲ ਬੇਨਤੀ ਕੀਤੀ ਗਈ ਕਿ ਜਦ ਪੂਰੇ ਪੰਜਾਬ ਵਿੱਚ ਸ਼ਰਾਬ ਦੇ ਠੇਕੇ ਖੁੱਲ੍ਹੇ ਹਨ।ਜਿਨ੍ਹਾਂ ਅੱਗੇ ਸ਼ਾਮ ਨੂੰ ਲੋਕਾਂ ਦੀਆ ਲੰਬੀਆਂ ਲੰਬੀਆਂ ਲਾਈਨਾਂ ਲੱਗ ਜਾਂਦੀਆਂ ਹਨ।ਰਾਜਨੀਤਕ ਪਾਰਟੀਆਂ ਵਲੋਂ ਵੋਟਾਂ ਲਈ ਵੱਡੀਆਂ-ਵੱਡੀਆਂ ਰੈਲੀਆਂ ਕੀਤੀਆਂ ਜਾ ਰਹੀਆਂ ਹਨ ਤਾਂ ਫਿਰ ਸਕੂਲ ਕਿਉਂ ਨਹੀਂ ਖੋਲੇ ਜਾ ਸਕਦੇ।ਮਾਪਿਆਂ ਦੀ ਕੀਤੀ ਬੇਨਤੀ ‘ਤੇ ਜਥੇਬੰਦੀ ਦੀ ਪਿੰਡ ਇਕਾਈ ਨੇ ਮੀਟਿੰਗ ਕਰਕੇ ਪਹਿਲਾਂ ਸਾਰੇ ਪਿੰਡ `ਚ ਸਕੂਲ ਚਾਲੂ ਕਰਵਾਉਣ ਲਈ ਝੰਡਾ ਮਾਰਚ ਕੀਤਾ।ਜਿਸ ਵਿੱਚ ਸਾਰੇ ਹੀ ਪਿੰਡ ਦੇ ਬੱਚਿਆਂ ਦੇ ਮਾਪਿਆਂ ਨੇ ਹਿੱਸਾ ਲਿਆ ਅਤੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ।ਇਕੱਠ ਨੂੰ ਸੰਬੋਧਨ ਕਰਦਿਆਂ ਬਿੱਕਰ ਖੋਖਰ, ਬਿੰਦਰ ਖੋਖਰ, ਜਗਦੇਵ ਖੋਖਰ, ਧਰਮਜੀਤ ਖੋਖਰ ਅਜੀਤ ਖੋਖਰ, ਮੇਲਾ ਖੋਖਰ ਔਰਤ ਕਿਸਾਨ ਭੈਣਾਂ ਜਸਵਿੰਦਰ ਕੌਰ, ਕਰਮਜੀਤ ਕੌਰ, ਹਰਪ੍ਰੀਤ ਕੌਰ ਅਤੇ ਜਗਰੂਪ ਕੌਰ ਨੇ ਕਿਹਾ ਕਿ ਸਰਕਾਰਾਂ ਕਰੋਨਾ ਦੇ ਬਹਾਨੇ ਹੇਠਾਂ ਆਪਣੀਆਂ ਨਾਕਾਮੀਆਂ ਨੂੰ ਛੁਪਾਉਣਾ ਚਾਹੁੰਦੀਆਂ ਹਨ।ਜਿਸ ਨੂੰ ਲੋਕ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ।ਆਗੂਆਂ ਨੇ ਕਿਹਾ ਕਿ ਸਰਕਾਰ ਵਲੋਂ ਸਕੂਲ ਬੰਦ ਕਰਕੇ ਆਨਲਾਈਨ ਸਿੱਖਿਆ ਨੂੰ ਤਰਜ਼ੀਹੀ ਬਣਾਇਆ ਜਾ ਰਿਹਾ ਹੈ।ਵਿਦਿਆਰਥੀਆਂ ਲਈ ਆਨਲਾਈਨ ਸਿੱਖਿਆ ਦਾ ਪ੍ਰਬੰਧ ਕਰਨਾ ਨਵੀਂ ਸਿੱਖਿਆ ਨੀਤੀ ਦੇ ਖ਼ਾਕੇ ਦਾ ਇੱਕ ਹਿੱਸਾ ਹੈ।ਇਸ ਦਾ ਸਿੱਧਾ ਸਬੰਧ ਸਿੱਖਿਆ ਖੇਤਰ ਦੇ ਨਿੱਜੀਕਰਨ ਨਾਲ ਜੁੜਿਆ ਹੋਇਆ ਹੈ।ਜਿਸ ਨਾਲ 6 ਤੋਂ 14 ਸਾਲ ਦੀ ਉਮਰ ਦੇ ਬੱਚਿਆਂ ਤੋਂ ਮੁਫਤ ਤੇ ਲਾਜ਼ਮੀ ਸਿੱਖਿਆ ਦਾ ਹੱਕ ਖੋਹਣ ਵੱਲ ਇਸ਼ਾਰਾ ਕਰਦਾ ਹੈ।
ਕਿਸਾਨ ਆਗੂਆਂ ਨੇ ਕਿਹਾ ਕਿ ਆਪਣੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਚਿੰਤਤ ਮਾਪਿਆਂ, ਅਧਿਆਪਕਾਂ, ਵਿਦਵਾਨਾਂ ਤੇ ਚਿੰਤਕਾਂ ਨੇ ਵੀ ਸਕੂਲ ਖੋਲ੍ਹੇ ਜਾਣ ਦੀ ਪ੍ਰੋੜਤਾ ਕੀਤੀ ਹੈ।ਕੋਵਿਡ ਨਿਯਮਾਂ ਦੇ ਅੰਗ-ਸੰਗ ਵਿੱਚਰਦਿਆਂ ਵਿਦਿਆਰਥੀਆਂ ਤੇ ਸਮਾਜ ਦੇ ਭਲੇ ਲਈ ਸਕੂਲ ਖੋਲ੍ਹੇ ਜਾਣੇ ਚਾਹੀਦੇ ਹਨ।
ਇਸ ਮੌਕੇ ਵੱਡੀ ਗਿਣਤੀ `ਚ ਬੱਚਿਆਂ ਦੇ ਮਾਪੇ ਅਤੇ ਭਾਕਿਯੂ (ਏਕਤਾ ਉਗਰਾਹਾਂ) ਦੇ ਵਰਕਰ ਹਾਜ਼ਰ ਸਨ।
Check Also
ਯੂਨੀਵਰਸਿਟੀ ਵਿਖੇ `ਸਰਦਾਰਨੀ ਬਲਬੀਰ ਕੌਰ ਬਰਾੜ ਯਾਦਗਾਰੀ ਭਾਸ਼ਣ` ਦਾ ਆਯੋਜਨ
ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …
Punjab Post Daily Online Newspaper & Print Media