ਸੰਗਰੂਰ, 7 ਫਰਵਰੀ (ਜਗਸੀਰ ਲੌਂਗੋਵਾਲ) – ਬੀਤੇ ਕੱਲ੍ਹ ਦਾਮਨ ਥਿੰਦ ਬਾਜਵਾ ਵਲੋਂ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈ ਲਏ ਜਾਣ ਤੋਂ ਬਾਅਦ ਤੋਂ ਹੀ ਆਮ ਲੋਕਾਂ
ਵਿੱਚ ਇਹ ਚਰਚਾ ਛਿੜੀ ਹੋਈ ਹੈ ਕਿ ਹੁਣ ਮੈਡਮ ਬਾਜਵਾ ਕਿਹੜੇ ਉਮੀਦਵਾਰ ਦੀ ਹਮਾਇਤ ਕਰਨਗੇ।ਉਹ ਖੁਦ ਕਾਂਗਰਸ ਪਾਰਟੀ ਵਿਚ ਹੀ ਰਹਿਣਗੇ ਜਾਂ ਕਾਂਗਰਸ ਨੂੰ ਛੱਡ ਕੇ ਕਿਸੇ ਹੋਰ ਪਾਰਟੀ ਦਾ ਪੱਲਾ ਫੜਣਗੇ।ਇਸੇ ਦੌਰਾਨ ਬੀਤੀ ਰਾਤ ਭਾਜਪਾ ਦੇ ਵੱਡੇ ਨੇਤਾ ਪੰਜਾਬ ਮਸਲਿਆਂ ਦੇ ਇੰਚਾਰਜ਼ ਤੇ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਬਾਜਵਾ ਜੋੜੀ ਦੇ ਘਰ ਪਹੁੰਚੇ।ਉਨ੍ਹਾਂ ਨਾਲ ਭਾਜਪਾ ਦੇ ਹੋਰ ਨੇਤਾ ਵੀ ਮੌਜ਼ੂਦ ਸਨ।ਸਵੇਰ ਹੁੰਦੇ ਹੀ ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੇ ਘਰ ਪਹੁੰਚੇ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ, ਸੰਗਰੂਰ ਤੋਂ ਭਾਜਪਾ ਦੇ ਉਮੀਦਵਾਰ ਅਰਵਿੰਦ ਖੰਨਾ, ਅਮਨਵੀਰ ਸਿੰਘ ਚੈਰੀ, ਸੁਨਾਮ ਤੋਂ ਉਮੀਦਵਾਰ ਸਨਮੁੱਖ ਸਿੰਘ ਮੋਖਾ ਨਾਲ ਖੜੀ ਬਾਜਵਾ ਜੋੜੀ ਦੀਆਂ ਫੋਟੋਆਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈਆਂ।ਜਿਨ੍ਹਾਂ ਨੂੰ ਦੇਖਦੇ ਹੀ ਲੋਕਾਂ ਨੇ ਕਿਆਫੇੇ ਲਗਾਉਣੇ ਸ਼ੁਰੂ ਕਰ ਦਿੱਤੇ ਕਿ ਬਾਜਵਾ ਜੋੜੀ ਸ਼ਾਇਦ ਭਾਜਪਾ ਵਿੱਚ ਸ਼ਾਮਲ ਹੋ ਚੁੱਕੀ ਹੈ।ਪ੍ਰੰਤੂ ਇਨ੍ਹਾਂ ਅਫਵਾਹਾਂ ‘ਤੇ ਹਰਮਨ ਦੇਵ ਬਾਜਵਾ ਨੇ ਰੋਕ ਲਗਾਉਂਦਿਆਂ ਕਿਹਾ ਕਿ ਰਾਤ ਭਾਜਪਾ ਦੇ ਸੀਨੀਅਰ ਨੇਤਾ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਤੇ ਹੋਰ ਨੇਤਾ ਉਨ੍ਹਾਂ ਦੇ ਘਰ ਆਏ ਸਨ।ਉਨ੍ਹਾਂ ਕਿਹਾ ਕਿ ਕਿਸੇ ਦੇ ਘਰ ਕੋਈ ਵੀ ਆ ਜਾ ਸਕਦਾ ਹੈ।ਇਸ ਵਿੱਚ ਕੋਈ ਰੋਕ ਨਹੀਂ ਹੁੰਦੀ ਅਤੇ ਆਪਾਂ ਘਰ ਆਏ ਹਰ ਇੱਕ ਵਿਅਕਤੀ ਦਾ ਸੁਆਗਤ ਹੀ ਕਰਦੇ ਹਾਂ।ਉਨ੍ਹਾਂ ਕਿਹਾ ਕਿ ਉਹ ਭਾਜਪਾ ਵਿੱਚ ਸ਼ਾਮਲ ਨਹੀਂ ਹੋਏ ਹਨ।ਉਨ੍ਹਾਂ ਦੱਸਿਆ ਕਿ ਗਜੇਂਦਰ ਸ਼ੇਖਾਵਤ ਵਲੋਂ ਉਨ੍ਹਾਂ ਨੂੰ ਪਾਰਟੀ ਵਿੱਚ ਸ਼ਾਮਲ ਹੋਣ ਲਈ ਕਿਹਾ ਜਰੂਰ ਗਿਆ ਹੈ।ਹੁਣ ਦੇਖਣਾ ਇਹ ਹੋਵੇਗਾ ਕਿ ਲੋਕਾਂ ਵਲੋਂ ਲਗਾਏ ਜਾ ਰਹੇ ਅੰਦਾਜ਼ੇ ਕਿੰਨੇ ਸੱਚ ਸਾਬਤ ਹੁੰਦੇ ਹਨ ?
ਤਾਜ਼ੀ ਸੂਚਨਾ ਅਨੁਸਾਰ ਦਾਮਨ ਥਿੰਦ ਬਾਜਵਾ ਤੇ ਹਰਮਨ ਦੇਵ ਬਾਜਵਾ ਜੋੜੀ ਭਾਜਪਾ ਵਿੱਚ ਸ਼ਾਮਲ ਹੋ ਚੁੱਕੀ ਹੈ।
Check Also
ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਡਾ. ਅੰਬੇਦਕਰ ਜਯੰਤੀ ਸੰਬੰਧੀ ਸਮਾਗਮ 15 ਅਪ੍ਰੈਲ ਨੂੰ
ਅੰਮ੍ਰਿਤਸਰ, 14 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਡਾ. ਬੀ.ਆਰ ਅੰਬੇਦਕਰ …
Punjab Post Daily Online Newspaper & Print Media