Tuesday, April 14, 2026

ਖ਼ਾਲਸਾ ਕਾਲਜ ਮੈਨੇਜ਼ਮੈਂਟ ਵਲੋਂ ਸੋਬਤੀ (ਭੀਮ) ਦੇ ਅਕਾਲ ਚਲਾਣੇ ’ਤੇ ਦੁੱਖ ਦਾ ਪ੍ਰਗਟਾਵਾ

ਇਕ ਨਾਮਵਰ ਖਿਡਾਰੀ, ਕਮਾਲ ਦਾ ਅਦਾਕਾਰ ਅਤੇ ਹੋਣਹਾਰ ਵਿਦਿਆਰਥੀ ਇਸ ਦੁਨੀਆਂ ਤੋਂ ਰੁਖਸਤ ਹੋ ਗਿਆ – ਛੀਨਾ

ਅੰਮ੍ਰਿਤਸਰ, 9 ਫਰਵਰੀ (ਖੁਰਮਣੀਆਂ) – ਸੰਨ 1988 ’ਚ ਬੀ.ਆਰ ਚੋਪੜਾ ਦੁਆਰਾ ਨਿਰਦੇਸ਼ਿਤ ‘ਮਹਾਭਾਰਤ’ ’ਚ ‘ਭੀਮ’ ਦੀ ਭੂਮਿਕਾ ਨਿਭਾਉਣ ਵਾਲੇ ਅਤੇ ਖ਼ਾਲਸਾ ਕਾਲਜ ਦੇ ਸਾਬਕਾ ਵਿਦਿਆਰਥੀ ਪ੍ਰਵੀਨ ਕੁਮਾਰ ਸੋਬਤੀ ਦੇ ਅਕਾਲ ਚਲਾਣਾ ਕਰ ਜਾਣ ’ਤੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਵਲੋਂ ਗਹਿਰੇ ਦਾ ਦੁੱਖ ਦਾ ਇਜ਼ਹਾਰ ਕੀਤਾ ਹੈ।ਪਰਵੀਨ ਕੁਮਾਰ ਜੋ ਕਿ 75 ਸਾਲਾਂ ਦੇ ਸਨ, ਦਾ ਦਿੱਲੀ ਸਥਿਤ ਗ੍ਰਹਿ ਵਿਖੇ ਦਿਲ ਦਾ ਦੌਰਾ ਪੈ ਜਾਣ ਕਾਰਨ ਦਿਹਾਂਤ ਹੋ ਗਿਆ ਹੈ।
                   ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਪ੍ਰਵੀਨ ਸੋਬਤੀ ਦੇ ਚਲਾਣੇ ’ਤੇ ਗਹਿਰੇ ਦੁੱਖ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਮਹਾਭਾਰਤ ’ਚ ‘ਭੀਮ’ ਦੇ ਕਿਰਦਾਰ ਤੋਂ ਲੋਕਪ੍ਰਿਯਤਾ ਲੈਣ ਵਾਲੇ ਪ੍ਰਵੀਨ ਕਾਲਜ ਵਿਖੇ ਸਾਲ 1965 ਤੋਂ 67 ਤੱਕ ਵਿੱਦਿਆ ਹਾਸਲ ਕੀਤੀ ਹੈ।ਉਨ੍ਹਾਂ ਕਿਹਾ ਕਿ ‘ਭੀਮ’ ਨੇ ਜਿਥੇ ਅਦਾਕਾਰੀ ’ਚ ਆਪਣਾ ਕਮਾਲ ਵਿਖਾਇਆ, ਉਥੇ ਉਸ ਨੇ ਕਾਲਜ ਸਮੇਂ ਦੌਰਾਨ ਖੇਡਾਂ ’ਚ ਨਾਮਣਾ ਖੱਟਿਆ।ਉਨ੍ਹਾਂ ਅਫ਼ਸੋਸ ਜਾਹਿਰ ਕਰਦਿਆਂ ਕਿਹਾ ਕਿ ਇਕ ਨਾਮਵਰ ਖਿਡਾਰੀ, ਕਮਾਲ ਦਾ ਅਦਾਕਾਰ ਅਤੇ ਹੋਣਹਾਰ ਵਿਦਿਆਰਥੀ ਇਸ ਦੁਨੀਆ ਤੋਂ ਰੁਖਸਤ ਹੋ ਗਿਆ ਹੈ।
                   ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਤਾ ਕੁਲਵੰਤ ਰਾਏ, ਪਿੰਡ ਸਰਹਾਲੀ ਤਰਨ ਤਾਰਨ ਵਿਖੇ ਜਨਮੇ ਪ੍ਰਵੀਨ ਕੁਮਾਰ ‘ਭੀਮ’ ਨੇ ਸਾਲ 1965 ਤੋਂ 67 ਤੱਕ ਬੀ.ਏ ਦੀ ਪੜ੍ਹਾਈ ਕਾਲਜ ’ਚ ਹਾਸਲ ਕੀਤੀ ਅਤੇ ਇਸ ਦੌਰਾਨ ਉਨ੍ਹਾਂ ਕਾਲਜ ਸਥਿਤ ਨਾਭਾ ਹੋਸਟਲ ’ਚ ਆਪਣਾ ਸਮਾਂ ਗੁਜ਼ਾਰਿਆ।ਉਨ੍ਹਾਂ ਕਿਹਾ ਕਿ ਪ੍ਰਵੀਨ ਨੇ ਧਰਮਿੰਦਰ, ਅਮਿਤਾਭ ਬੱਚਨ, ਸੰਨੀ ਦਿਓਲ ਆਦਿ ਨਾਮਵਰ ਅਦਾਕਾਰਾਂ ਨਾਲ ਅਦਾਕਾਰੀ ਕੀਤੀ ਅਤੇ ਕੁਲੀ, ਸ਼ਹਿਨਸ਼ਾਹ, ਆਜ ਕਾ ਅਰੁਜਨ, ਐਲਾਨੇ ਜੰਗ, ਘਾਇਲ, ਅਜ਼ੂਬਾ ਫ਼ਿਲਮਾਂ ਦੇ ਜ਼ਿਕਰਯੋਗ ਹਨ।
                ਡਾ. ਮਹਿਲ ਸਿੰਘ ਨੇ ਕਿਹਾ ਕਿ ਅਦਾਕਾਰ ਬਣਨ ਤੋ ਪਹਿਲਾਂ ਪ੍ਰਵੀਨ ਡਿਸਕਸ ਅਤੇ ਹੈਮਰ ਥਰੋਅ ਅਥਲੀਟ ਸੀ।ਜਿਸ ਨੇ ਏਸ਼ੀਅਨ ਖੇਡਾਂ ’ਚ 4 ਵਾਰ ਤਮਗਾ ਜਿੱਤਣ ਵਾਲੇ ਤੋਂ ਇਲਾਵਾ ਉਸ ਨੇ 1968 ’ਚ ਮੈਕਸੀਕੋ ’ਚ ਅਤੇ 1972 ’ਚ ਮਿਊਨਿਖ ਓਲੰਪਿਕ ’ਚ ਵੀ ਭਾਰਤ ਦੀ ਪ੍ਰਤੀਨਿਧਤਾ ਕੀਤੀ ਸੀ।ਉਸ ਨੂੰ ਅਰਜੁਨ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ।ਉਸ ਨੇ ਸੀਮਾ ਸੁਰੱਖਿਆ ਬਲ (ਬੀ.ਐਸ.ਐਫ) ’ਚ ਡਿਪਟੀ ਕਮਾਂਡਰ ਵਜੋ ਵੀ ਕੰਮ ਕੀਤਾ।ਭੀਮ ਨੇ ਰਾਜਨੀਤੀ ’ਚ ਕੁੱਦਦਿਆਂ 2013 ’ਚ ਆਮ ਆਦਮੀ ਪਾਰਟੀ ਦੀ ਟਿਕਟ ‘ਤੇ ਦਿੱਲੀ ਵਿਧਾਨ ਸਭਾ ਚੋਣਾਂ ’ਚ ਵੀ ਹਿੱਸਾ ਲਿਆ ਸੀ।ਉਨ੍ਹਾਂ ਕਿਹਾ ਕਿ ਕਾਲਜ ਦੇ ਮਾਣਮੱਤੇ ਸਾਬਕਾ ਵਿਦਿਆਰਥੀ ਅਤੇ ਖੇਡਾਂ ਅਤੇ ਸੱਭਿਆਚਾਰ ’ਚ ਉਨ੍ਹਾਂ ਦੇ ਯੋਗਦਾਨ ਨੂੰ ਭਰਪੂਰ ਸ਼ਰਧਾਂਜਲੀ ਭੇਟ ਕਰਦਾ ਹੈ।
                 ਇਸ ਮੌਕੇ ਕਾਲਜ ਦੇ ਖੇਡ ਵਿਭਾਗ ਦੇ ਮੁੱਖੀ ਡਾ. ਦਲਜੀਤ ਸਿੰਘ ਨੇ ਪ੍ਰਵੀਨ ਕੁਮਾਰ ਸੋਬਤੀ ਦੇ ਚਲਾਣੇ ’ਤੇ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ।

Check Also

ਡਿਪਟੀ ਕਮਿਸ਼ਨਰ ਵੱਲੋਂ ਜਲ੍ਹਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਨਿੱਘੀ ਸ਼ਰਧਾਂਜਲੀ

ਅੰਮ੍ਰਿਤਸਰ, 13 ਅਪ੍ਰੈਲ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦਲਵਿੰਦਰਜੀਤ ਸਿੰਘ ਵੱਲੋਂ ਜਲ੍ਹਿਆਂਵਾਲਾ ਬਾਗ ਸਾਕੇ …