ਸਮਰੱਥ ਅਧਿਕਾਰੀ ਦੀ ਅਗੇਤੀ ਪ੍ਰਵਾਨਗੀ ਤੋਂ ਬਿਨਾਂ ਚੋਣ ਪ੍ਰਚਾਰ ਕਰਦੇ 4 ਵਾਹਨ ਕਾਬੂ
ਸੰਗਰੂਰ, 9 ਫਰਵਰੀ (ਜਗਸੀਰ ਲੌਂਗੋਵਾਲ) – ਵਿਧਾਨ ਸਭਾ ਹਲਕਾ ਸੰਗਰੂਰ ਦੇ ਰਿਟਰਨਿੰਗ ਅਫ਼ਸਰ ਚਰਨਜੋਤ ਸਿੰਘ ਵਾਲੀਆ ਨੇ ਜਾਣਕਾਰੀ ਦਿੰਦਿਆਂ ਦੱਸਿਆ
ਕਿ ਬਿਨਾਂ ਪ੍ਰਵਾਨਗੀ ਤੋਂ ਚੋਣ ਪ੍ਰਚਾਰ ਕਰਨ ਦੇ ਮਾਮਲੇ ਵਿੱਚ ਅੱਜ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਪ੍ਰਚਾਰ ਕਰ ਰਹੇ 4 ਵਾਹਣ ਕਾਬੂ ਕੀਤੇ ਗਏ ਹਨ।ਜਿਨ੍ਹਾਂ ਵਿਰੁੱਧ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।
ਉਹਨਾਂ ਦਸਿਆ ਕਿ ਅੱਜ ਚੋਣ ਅਬਜ਼ਰਵਰ ਵਲੋਂ ਆਦਰਸ਼ ਚੋਣ ਜਾਬਤੇ ਸਬੰਧੀ ਜਾਂਚ ਦੌਰਾਨ ਰੈਸਟ ਹਾਊਸ ਸੰਗਰੂਰ ਦੇ ਸਾਹਮਣੇ ਕੁੱਝ ਵਾਹਣਾਂ ਦੀ ਜਾਂਚ ਕੀਤੀ ਗਈ ਤਾਂ ਮੁੱਢਲੀ ਪੜਤਾਲ ਦੌਰਾਨ ਪਾਇਆ ਗਿਆ ਕਿ ਉਨ੍ਹਾਂ ਵਿਚੋਂ 4 ਵਾਹਣਾਂ ਦੇ ਚਾਲਕਾਂ ਕੋਲ ਚੋਣ ਪ੍ਰਚਾਰ ਸਬੰਧੀ ਪ੍ਰਵਾਨਗੀ ਦੇ ਲੋੜੀਂਦੇ ਦਸਤਾਵੇਜ਼ ਨਹੀਂ ਸਨ, ਜੋ ਕਿ ਆਦਰਸ਼ ਚੋਣ ਜਾਬਤੇ ਦੀ ਉਲੰਘਣਾ ਹੈ।ਉਨ੍ਹਾਂ ਕਿਹਾ ਕਿ ਵਾਹਨਾਂ ਨੂੰ ਚੋਣ ਕਾਰਜ਼ਾਂ ਲਈ ਸਮਰੱਥ ਅਧਿਕਾਰੀ ਦੀ ਅਗਾਊਂ ਪ੍ਰਵਾਨਗੀ ਤੋਂ ਬਿਨਾਂ ਵਰਤੋਂ ਵਿੱਚ ਲਿਆਉਣ ਉਤੇ ਸਖ਼ਤ ਪਾਬੰਦੀ ਲੱਗੀ ਹੋਈ ਹੈ।ਇਸ ਬਾਰੇ ਸਮੇਂ ਸਮੇਂ ਉਤੇ ਜ਼ਿਲ੍ਹਾ ਚੋਣ ਅਫ਼ਸਰ ਰਾਮਵੀਰ ਦੀ ਅਗਵਾਈ ਹੇਠ ਮੀਟਿੰਗਾਂ ਕਰਕੇ ਸਮੂਹ ਸਿਆਸੀ ਪਾਰਟੀਆਂ ਨੂੰ ਸੂਚਿਤ ਕੀਤਾ ਜਾ ਚੁੱਕਾ ਹੈ।
ਉਨ੍ਹਾਂ ਦੱਸਿਆ ਕਿ ਸਬੰਧਤ ਉਮੀਦਵਾਰ ਦੇ ਚੋਣ ਖਾਤੇ ਵਿੱਚ ਖਰਚਾ ਪਾਉਣ, ਵਾਹਨਾਂ ਨੂੰ ਇੰਪਾਊਂਡ ਕਰਨ ਅਤੇ ਵਾਹਨ ਚਾਲਕਾਂ ਉਪਰ ਸੈਕਸ਼ਨ 171 ਐਚ ਤਹਿਤ ਐਫ.ਆਈ.ਆਰ ਦਰਜ਼ ਕਰਨ ਅਤੇ ਉਮੀਦਵਾਰ ਨੂੰ ਨੋਟਿਸ ਜਾਰੀ ਕਰਨ ਸਬੰਧੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।
Punjab Post Daily Online Newspaper & Print Media