ਚੰਗੀ ਸਿਹਤ ਨਾਲ ਹੀ ਸਿਹਤਮੰਦ ਸਮਾਜ ਦੀ ਸਿਰਜਣਾ ਸੰਭਵ – ਵਾਈਸ ਚਾਂਸਲਰ
ਅੰਮ੍ਰਿਤਸਰ, 9 ਫਰਵਰੀ (ਖੁਰਮਣੀਆਂ) – ਸਰੀਰਕ ਸਿੱਖਿਆ ਦੇ ਸਹਾਇਕ/ਐਸੋਸੀਏਟ ਪ੍ਰੋਫੈਸਰ ਲਈ 16 ਦਿਨਾਂ ਫਿਟਨੈਸ ਸਿਖਲਾਈ ਪ੍ਰੋਗਰਾਮ ਦੇ ਸਮਾਪਤੀ
ਸਮਾਰੋਹ ਦੀ ਪ੍ਰਧਾਨਗੀ ਕਰਦਿਆਂ ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਨੇ ਕਿਹਾ ਕਿ ਸਿਹਤ ਹੈ ਤਾਂ ਸਭ ਕੁੱਝ ਹੈ।ਜੇ ਸਿਹਤ ਪ੍ਰਤੀ ਜਾਗਰੂਕਤਾ ਵਧਾਉਣ ਦੇ ਲਈ ਇਸ ਤਰ੍ਹਾਂ ਹੀ ਉਪਰਾਲੇ ਜਾਰੀ ਰੱਖੇ ਜਾਣਗੇ ਤਾਂ ਇਸ ਦੇ ਚੰਗੇ ਨਤੀਜੇ ਮਿਲਣਗੇ।ਉਨਾਂ ਨੇ ਦੇਸ਼ ਅਤੇ ਸਿਹਤਮੰਦ ਸਮਾਜ ਦੀ ਤਰੱਕੀ ਵਿਚ ਤੰਦਰੁਸਤ ਸਿਹਤ ਹੋਣਾ ਜਰੂਰੀ ਦਸਦਿਆਂ ਕਿਹਾ ਕਿ ਜਿੰਨਾ ਚਿਰ ਤਕ ਵਿਅਕਤੀ ਸਿਹਤ ਪੱਖੋਂ ਮਜਬੂਤ ਨਹੀਂ ਹੈ ਓਨਾ ਚਿਰ ਤਕ ਆਪਣੇ, ਆਪਣੇ ਪਰਿਵਾਰ ਅਤੇ ਸਮਾਜ ਦੀ ਬਿਹਤਰੀ ਲਈ ਕੁੱਝ ਵੀ ਨਹੀਂ ਕਰ ਸਕਦਾ।ਉਨਾਂ੍ਹ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਰੀਰਿਕ ਸਿਖਿਆ ਵਿਭਾਗ ਕੀਤੇ ਗਏ ਪ੍ਰਬੰਧਾਂ ਅਤੇ 16 ਦਿਨ ਸਫਲਤਾਪੂਰਵਕ ਚਲਾਏ ਗਏ ਸਿਖਲਾਈ ਪ੍ਰੋਗਰਾਮਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਉਚੇਰੀ ਸਿਖਿਆ ਵਿਭਾਗ ਵੱਲੋਂ ਭਵਿੱਖ ਵਿਚ ਵੀ ਜਦੋਂ ਸਿਹਤ ਪ੍ਰਤੀ ਜਾਗਰੂਕਤਾ ਲਿਆਉਣ ਲਈ ਅਤੇ ਫਿਟਨੈਸ ਸਿਖਲਾਈ ਲਈ ਜੋ ਵੀ ਪ੍ਰੋਗਰਾਮ ਦਿੱਤੇ ਜਾਣਗੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਉਸ ਨੂੰ ਅਮਲੀ ਜਾਮਾ ਪਹਿਨਾਏਗੀ।
ਉਨਾਂ੍ਹ ਨੇ ਇਸ ਤੋਂ ਪਹਿਲਾਂ ਇਸ ਸਿਖਲਾਈ ਕੈਂਪ ਦੇ ਸਮਾਪਤੀ ਸਮਾਰੋਹ `ਚ ਮੁੱਖ ਮਹਿਮਾਨ ਵਜੋਂ ਪਹੁੰਚੇ ਉਚੇਰੀ ਸਿਖਿਆ ਵਿਭਾਗ ਤੋਂ ਫੈਕਲਟੀ ਡਿਵੈਲਪਮੈਂਟ ਪ੍ਰ੍ਰੋਗਰਾਮ ਦੇ ਕੋਆਰਡੀਨੇਟਰ, ਡਾ. ਅਸ਼ਵਨੀ ਭੱਲਾ ਦਾ ਨਿੱਘਾ ਸਵਾਗਤ ਕੀਤਾ ਅਤੇ ਯੂਨੀਵਰਸਿਟੀ ਵੱਲੋਂ ਉਚੇਰੀ ਸਿਖਿਆ ਤੋਂ ਇਲਾਵਾ ਖਾਸ ਕਰਕੇ ਖੇਡਾਂ ਵਿਚ ਮਾਰੀਆਂ ਗਈਆਂ ਮੱਲ੍ਹਾਂ ਤੋਂ ਜਾਣੂ ਕਰਵਾਇਆ।ਇਹ ਪ੍ਰੋਗਰਾਮ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਰੀਰਕ ਸਿੱਖਿਆ ਵਿਭਾਗ ਵੱਲੋਂ ਪੰਜਾਬ ਦੇ ਉਚੇਰੀ ਸਿੱਖਿਆ ਵਿਭਾਗ ਦੇ ਸਹਿਯੋਗ ਨਾਲ ਕਰਵਾਇਆ ਗਿਆ।
ਡਾ. ਸੁਖਦੇਵ ਸਿੰਘ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਡਾ. ਅਮਨਦੀਪ ਸਿੰਘ ਨੇ ਇਸ ਸਿਖਲਾਈ ਪ੍ਰੋਗਰਾਮ ਬਾਰੇ ਰਿਪੋਰਟ ਪੇਸ਼ ਕੀਤੀ। ਪ੍ਰੋ. ਸੰਧੂ ਅਤੇ ਡਾ. ਭੱਲਾ ਨੇ 42 ਸਹਾਇਕ/ਐਸੋਸੀਏਟ ਪ੍ਰੋਫੈਸਰਾਂ ਨੂੰ ਸਰਟੀਫਿਕੇਟ ਪ੍ਰਦਾਨ ਕੀਤੇੇ।ਡਾ. ਬਲਜਿੰਦਰ ਸਿੰਘ, ਡਾ. ਪਰਮਿੰਦਰ ਸਿੰਘ ਸਮੇਤ ਹੋਰ ਫੈਕਲਟੀ ਮੈਂਬਰ ਅਤੇ ਸਟਾਫ਼ ਮੈਂਬਰ ਇਸ ਮੌਕੇ ਹਾਜ਼ਰ ਸਨ।
ਇਸ ਤੋਂ ਪਹਿਲਾਂ ਸਵੇਰ ਦੇ ਸੈਸ਼ਨ ਦੀ ਸ਼ੁਰੂਆਤ ਵਾਰਮਿੰਗ ਅੱਪ, ਕਸਰਤ ਅਤੇ ਹੋਰ ਸਿਹਤ ਗਤੀਵਿਧੀਆਂ ਨਾਲ ਹੋਈ ਜਿਸ ਉਪਰੰਤ ਵਾਲੀਬਾਲ ਮੈਚ ਦਾ ਆਯੋਜਨ ਕੀਤਾ ਗਿਆ ਅਤੇ ਪਹਿਲੇ ਸੈਸ਼ਨ `ਚ ਮਨੋਵਿਗਿਆਨਕ ਢੰਗ ਨਾਲ ਸਮੱਸਿਆਵਾਂ ਦੇ ਹੱਲ ਵਿਸ਼ੇ `ਤੇ ਡਾ. ਦਵਿੰਦਰ ਸਿੰਘ ਜੌਹਲ, ਮਨੋਵਿਗਿਆਨ ਵਿਭਾਗ ਵੱਲੋਂ ਵੱਖ ਵੱਖ ਹੁਨਰਾਂ ਤੋਂ ਜਾਣੂ ਕਰਵਾਇਆ ਕਿ ਕਿਵੇਂ ਤਣਾਅਮੁਕਤ ਰਹਿ ਕੇ ਜ਼ਿੰਦਗੀ ਦੇ ਨੇੜੇ ਰਿਹਾ ਜਾ ਸਕਦਾ ਹੈ।ਦੂਜੇ ਅਕਾਦਮਿਕ ਸੈਸ਼ਨ ਵਿਚ ਸਿਹਤਮੰਦ ਰਹਿਣ ਲਈ ਪ੍ਰੰਪਰਾਗਤ ਔਸ਼ਧੀ ਪੌਦਿਆਂ ਅਤੇ ਆਯੁਰਵੇਦ ਵਿਸ਼ੇ `ਤੇ ਡਾ. ਬਲਬੀਰ ਸਿੰਘ, ਫਾਰਮਾਸਿਊਟੀਕਲ ਵਿਭਾਗ ਨੇ ਰੌਚਕ ਭਾਸ਼ਣ ਦਿੱਤਾ।
Check Also
ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਡਾ. ਅੰਬੇਦਕਰ ਜਯੰਤੀ ਸੰਬੰਧੀ ਸਮਾਗਮ 15 ਅਪ੍ਰੈਲ ਨੂੰ
ਅੰਮ੍ਰਿਤਸਰ, 14 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਡਾ. ਬੀ.ਆਰ ਅੰਬੇਦਕਰ …
Punjab Post Daily Online Newspaper & Print Media