ਚੋਣਾਂ ਤੋਂ 48 ਘੰਟੇ ਪਹਿਲਾਂ ਵੀ ਕਿਸੇ ਵੀ ਸਰਵੇਖਣ ਜਾਂ ਓਪੀਨੀਅਨ ਪੋਲ ਨੂੰ ਦਿਖਾਉਣ ’ਤੇ ਰਹੇਗੀ ਪਾਬੰਦੀ
ਅੰਮ੍ਰਿਤਸਰ, 10 ਫਰਵਰੀ (ਸੁਖਬੀਰ ਸਿੰਘ) – ਭਾਰਤੀ ਚੋਣ ਕਮਿਸ਼ਨ ਨੇ 10 ਫਰਵਰੀ 2022 ਤੋਂ 7 ਮਾਰਚ 2022 ਤੱਕ ਦੇਸ਼ ਭਰ ਵਿੱਚ ਐਗਜ਼ਿਟ ਪੋਲ ’ਤੇ ਪਾਬੰਦੀ
ਲਾਈ ਹੈ, ਜਿਸ ਦੀ ਜ਼ਿਲ੍ਹਾ ਚੋਣ ਅਫ਼ਸਰ ਅੰਮ੍ਰਿਤਸਰ ਨੇ ਜ਼ਿਲ੍ਹੇ ਦੇ 11 ਵਿਧਾਨ ਸਭਾ ਹਲਕਿਆਂ ਨਾਲ ਸਬੰਧਤ ਮੀਡੀਆ ਕਰਮੀਆਂ ਨੂੰ ਵੀ ਪਾਲਣਾ ਯਕੀਨੀ ਬਣਾਉਣ ਲਈ ਕਿਹਾ ਹੈ।
ਜ਼ਿਲ੍ਹਾ ਚੋਣ ਅਫ਼ਸਰ ਗੁਰਪ੍ਰੀਤ ਸਿੰਘ ਖਹਿਰਾ ਨੇ ਅੱਜ ਇਥੇ ਦੱਸਿਆ ਕਿ ਲੋਕ ਪ੍ਰਤੀਨਿਧ ਕਾਨੂੰਨ 1951 ਦੀ ਧਾਰਾ 126 ਏ ਅਨੁਸਾਰ 10 ਫਰਵਰੀ 2022 ਨੂੰ ਸਵੇਰੇ 7 ਵਜੇ ਤੋਂ ਲੈ ਕੇ ਮਿਤੀ 7 ਮਾਰਚ 2022 ਸ਼ਾਮ 6:30 ਵਜੇ ਤੱਕ ਕੋਈ ਵੀ ਐਗਜ਼ਿਟ ਪੋਲ ਨਹੀਂ ਕੀਤਾ ਜਾ ਸਕਦਾ ਅਤੇ ਨਾ ਹੀ ਕੋਈ ਪ੍ਰਿੰਟ ਜਾਂ ਇਲੈਕਟ੍ਰਾਨਿਕ ਮੀਡੀਆ ਅਤੇ ਹੋਰ ਕਿਸੇ ਵੀ ਸੰਚਾਰ ਸਾਧਨ ਉਪਰ ਐਗਜ਼ਿਟ ਪੋਲ ਨੂੰ ਦਿਖਾਇਆ ਜਾ ਸਕਦਾ ਹੈ।
ਉਨ੍ਹਾਂ ਨੇ ਕਿਹਾ ਕਿ ਚੋਣ ਕਮਿਸ਼ਨ ਭਾਰਤ ਵਲੋਂ 28 ਜਨਵਰੀ 2022 ਨੂੰ ਜਾਰੀ ਨੋਟੀਫਿਕੇਸ਼ਨ ਅਨੁਸਾਰ ਚੋਣਾਂ ਵਾਲੇ ਖੇਤਰਾਂ ਵਿੱਚ ਚੋਣਾਂ ਤੋਂ 48 ਘੰਟੇ ਪਹਿਲਾਂ ਕੋਈ ਵੀ ਇਲੈਕਟ੍ਰਾਨਿਕ ਮੀਡੀਆ ਕਿਸੇ ਵੀ ਐਗਜ਼ਿਟ ਪੋਲ ਦੇ ਨਤੀਜੇ ਜਾਂ ਸਰਵੇਖਣ ਨੂੰ ਨਹੀਂ ਦਿਖਾ ਸਕੇਗਾ ਅਤੇ ਇਲੈਕਟ੍ਰਾਨਿਕ ਮੀਡੀਆ, ਸੋਸ਼ਲ ਮੀਡੀਆ ਅਤੇ ਪ੍ਰਿੰਟ ਮੀਡੀਆ ਵਿੱਚ ਕੋਈ ਵੀ ਇਸ਼ਤਿਹਾਰ ਜ਼ਿਲ੍ਹਾ ਐਮ.ਸੀ.ਐਮਸੀ ਦੀ ਪ੍ਰਵਾਨਗੀ ਤੋਂ ਬਿਨ੍ਹਾਂ ਪ੍ਰਕਾਸ਼ਿਤ ਨਹੀ ਕੀਤਾ ਜਾ ਸਕੇਗਾ।
Punjab Post Daily Online Newspaper & Print Media