Thursday, April 23, 2026

ਗੁਰੂ ਕੀ ਨਗਰੀ ਤੋਂ ਭਗਵੰਤ ਮਾਨ ਨੇ ਲਾਂਚ ਕੀਤਾ ‘ਆਪ’ ਦਾ ‘ਡਿਜ਼ੀਟਲ ਡੋਰ ਟੂ ਡੋਰ ਕੈਂਪੇਨ’

20 ਫਰਵਰੀ ਨੂੰ ਪੰਜਾਬ ਦੇ ਲੋਕ ਆਪਣੀ ਤੇ ਪੰਜਾਬ ਦੀ ਤਕਦੀਰ ਬਦਲਣ ਲਈ ਪਾਉਣਗੇ ਵੋਟ – ਭਗਵੰਤ ਮਾਨ

ਅੰਮ੍ਰਿਤਸਰ, 10 ਫਰਵਰੀ (ਸੁਖਬੀਰ ਸਿੰਘ) – ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁੱਖ ਮੰਤਰੀ ਅਹੁੱਦੇ ਦੇ ਉਮੀਦਵਾਰ ਭਗਵੰਤ ਮਾਨ ਨੇ ਗੁਰੂ ਦੀ ਨਗਰੀ ਅੰਮ੍ਰਿਤਸਰ ਤੋਂ ਵਿਧਾਨ ਸਭਾ ਚੋਣਾਂ ਲਈ ‘ਡਿਜੀਟਲ ਡੋਰ ਟੂ ਡੋਰ ਕੈਂਪੇਨ’ ਲਾਂਚ ਕੀਤਾ ਹੈ।ਵੀਰਵਾਰ ਨੂੰ ਮਾਨ ਨੇ ਅੰਮ੍ਰਿਤਸਰ ‘ਚ ਪ੍ਰੈਸ ਕਾਨਫਰੰਸ ਦੌਰਾਨ ਡਿਜ਼ੀਟਲ ਕੈਂਪੇਨ ਦਾ ਐਲਾਨ ਕਰਦਿਆਂ ਕਿਹਾ ਕਿ ਲੋਕ 98827 98827 ਨੰਬਰ ‘ਤੇ ਮਿਸ ਕਾਲ ਕਰਕੇ ਜਾਂ https://IkMaukaKejriwalNu.com ਵੈਬਸਾਈਟ ‘ਤੇ ਕਲਿੱਕ ਕਰਕੇ ਸਿੱਧੇ ਉਨਾਂ ਨੂੰ ਅਤੇ ‘ਆਪ‘ ਸੁਪਰੀਮੋ ਕੇਜਰੀਵਾਲ ਤੋਂ ਪੰਜਾਬ ਦੇ 11 ਅਹਿਮ ਮੁੱਦਿਆਂ ‘ਤੇ ਸਵਾਲ ਕਰ ਸਕਦੇ ਹਨ।
                  ਇਸ ਡਿਜੀਟਲ ਮੁਹਿੰਮ ਤਹਿਤ ਨੰਬਰ ‘ਤੇ ਮਿਸ ਕਾਲ ਕਰਨ ਤੋਂ ਬਾਅਦ ਮੋਬਾਈਲ ‘ਤੇ ਆਮ ਆਦਮੀ ਪਾਰਟੀ ਵਲੋਂ ਇੱਕ ਮੈਸੇਜ ਆਵੇਗਾ।ਉਸ ‘ਤੇ ਕਲਿਕ ਕਰਨ ਨਾਲ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਡਿਜ਼ੀਟਲ ਤੌਰ ‘ਤੇ ਉਨ੍ਹਾਂ ਦਾ ਬੂਹਾ ਖੜਕਾਉਣਗੇ।ਘਰ ਦੇ ਅੰਦਰ ਵੜ ਕੇ ਉਨ੍ਹਾਂ ਦੇ ਸਵਾਲ ਜਾਣਨਗੇ।ਲੋਕ ਪੰਜਾਬ ਨਾਲ ਸਬੰਧਤ 11 ਅਹਿਮ ਮੁੱਦਿਆਂ ਜਿਵੇਂ ਕਿ ਸਿੱਖਿਆ, ਸਿਹਤ, ਬਿਜਲੀ, ਐਸ.ਸੀ ਭਾਈਚਾਰਾ, ਔਰਤਾਂ ਦੀ ਸੁਰੱਖਿਆ, ਅਮਨ-ਕਾਨੂੰਨ, ਖੇਤੀਬਾੜੀ, ਨਸ਼ਾ ਮੁਕਤ ਪੰਜਾਬ, ਰੁਜ਼ਗਾਰ, ਵਪਾਰ ਅਤੇ ਭ੍ਰਿਸ਼ਟਾਚਾਰ ਤੋਂ ਮੁਕਤੀ ‘ਤੇ ਸਵਾਲ ਪੁੱਛ ਸਕਦੇ ਹਨ।ਮਾਨ ਅਤੇ ਕੇਜਰੀਵਾਲ ਦੋਵੇਂ ਹੀ ਲੋਕਾਂ ਦੇ ਸਵਾਲਾਂ ਦੇ ਜਵਾਬ ਦੇਣਗੇ।
                 ਇਸ ਮੌਕੇ ਮਾਨ ਨੇ ਕਿਹਾ ਕਿ ਪੰਜਾਬ ਦੇ ਲੋਕ ਰਵਾਇਤੀ ਪਾਰਟੀਆਂ ਦੀ ਰਾਜਨੀਤੀ ਤੋਂ ਤੰਗ ਆ ਚੁੱਕੇ ਹਨ। ਲੋਕ ਹੁਣ ਬਦਲਾਅ ਚਾਹੁੰਦੇ ਹਨ।ਬਦਲਾਅ ਲਈ ਲੋਕਾਂ ਦੀ ਇਕੋ ਇੱਕ ਪਸੰਦ ਆਮ ਆਦਮੀ ਪਾਰਟੀ ਹੈ।ਅਸੀਂ ਪੰਜਾਬ ਅਤੇ ਪੰਜਾਬ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਚੰਗੀ ਤਰ੍ਹਾਂ ਜਾਣਨ ਵਾਲੇ, ਪੜ੍ਹੇ-ਲਿਖੇ, ਯੋਗ ਅਤੇ ਆਮ ਘਰਾਂ ਨਾਲ ਸਬੰਧ ਰੱਖਣ ਵਾਲੇ ਉਮੀਦਵਾਰ ਖੜ੍ਹੇ ਕੀਤੇ ਹਨ।20 ਫਰਵਰੀ ਨੂੰ ਪੰਜਾਬ ਦੇ ਲੋਕ ਆਪਣੀ ਅਤੇ ਪੰਜਾਬ ਦੀ ਕਿਸਮਤ ਲਿਖਣਗੇ।ਲੋਕ ਇਸ ਵਾਰ ਆਪਣੇ ਬੱਚਿਆਂ ਦੀ ਤਕਦੀਰ ਬਦਲਣ ਅਤੇ ਪੰਜਾਬ ਨੂੰ ਮੁੜ ਤੋਂ ਰੰਗਲਾ ਬਣਾਉਣ ਲਈ ਆਮ ਆਦਮੀ ਪਾਰਟੀ ਨੂੰ ਵੋਟ ਦੇਣਗੇ।

Check Also

ਕਮਿਸ਼ਨਰ ਸ਼ੇਰਗਿੱਲ ਵੱਲੋਂ ਕਰਮਚਾਰੀਆਂ ਨੂੰ ਜਨਗਣਨਾ ਡਿਊਟੀ ਜਿੰਮੇਵਾਰੀ ਨਾਲ ਨਿਭਾਉਣ ਦੀ ਅਪੀਲ

ਅੰਮ੍ਰਿਤਸਰ, 23 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ …