ਜੇਤੂ ਪਸ਼ੂ ਪਾਲਕਾਂ ਨੂੰ 5.50 ਦੇ ਨਕਦ ਇਨਾਮ ਵੰਡੇ – ਨੌਜਵਾਨਾਂ ਨੂੰ ਡੇਅਰੀ ਧੰਦਾ ਅਪਨਾਉਣ ਦਾ ਸੱਦਾ
ਬਟਾਲਾ, 21 ਨਵੰਬਰ (ਨਰਿੰਦਰ ਬਰਨਾਲ) – ਪਸ਼ੂ ਪਾਲਣ ਵਿਭਾਗ ਪੰਜਾਬ ਵੱਲੋਂ ਬਟਾਲਾ ‘ਚ ਕਰਾਇਆ ਗਿਆ ਜ਼ਿਲਾ ਪੱਧਰੀ ਪਸ਼ੂਧਨ ਮੇਲਾ ਅਤੇ ਦੁੱਧ ਚੁਆਈ ਮੁਕਾਬਲੇ ਸ਼ਾਨੋ-ਸ਼ੌਕਤ ਨਾਲ ਖਤਮ ਹੋ ਗਿਆ। ਅੱਜ ਮੇਲੇ ਦੇ ਅਖੀਰਲੇ ਦਿਨ ਜੇਤੂ ਪਸ਼ੂ ਪਾਲਕਾਂ ਨੂੰ ਇਨਾਮ ਦੇਣ ਲਈ ਸਾਬਕਾ ਵਿਧਾਇਕ ਸ. ਲਖਬੀਰ ਸਿੰਘ ਲੋਧੀਨੰਗਲ ਤੇ ਐੱਸ.ਐੱਸ.ਪੀ. ਗੁਰਦਾਸਪੁਰ ਸ. ਗੁਰਪ੍ਰੀਤ ਸਿੰਘ ਤੂਰ ਵਿਸ਼ੇਸ਼ ਤੌਰ ਪਹੁੰਚੇ ਜਦਕਿ ਮੇਲੇ ਦੀ ਪ੍ਰਧਾਨਗੀ ਬਟਾਲਾ ਦੇ ਐੱਸ.ਡੀ.ਐੱਮ. ਸ. ਜਗਵਿੰਦਰਜੀਤ ਸਿੰਘ ਗਰੇਵਾਲ ਨੇ ਕੀਤੀ। ਪਸ਼ੂਧਨ ਮੇਲੇ ਦੇ ਦੂਸਰੇ ਦਿਨ ਅੱਜ ਮੱਝਾਂ, ਗਾਵਾਂ ਅਤੇ ਬੱਕਰੀਆਂ ਦੇ ਦੁੱਧ ਚੁਆਈ ਮੁਕਾਬਲੇ ਕਰਾਏ ਗਏ ਅਤੇ ਅਤੇ ਪਸ਼ੂਆਂ ਦੀਆਂ ਵੱਖ-ਵੱਖ 50 ਨਸਲਾਂ ਦੇ ਮੁਕਾਬਲੇ ਕਰਾਏ ਗਏ। ਇਸ ਤੋਂ ਇਲਾਵਾ ਡਾਗ ਸ਼ੋਅ, ਮੁਰਗੀਆਂ, ਬੱਤਖਾਂ, ਟਰਕੀ ਆਦਿ ਦੇ ਵੀ ਮੁਕਾਬਲੇ ਕਰਾਏ ਗਏ। ਮੇਲੇ ਦੌਰਾਨ ਘੋੜੀਆਂ ਦੇ ਨਾਚ ਨੇ ਮੇਲੇ ਨੂੰ ਚਾਰ ਚੰਨ ਲਾਈ ਰੱਖੇ।
ਦੁੱਧ ਚੁਆਈ ਮੁਕਾਬਲਿਆਂ ‘ਚ 125 ਐਂਟਰੀਆਂ ਹੋਈਆਂ ਜਿਨਾਂ ‘ਚ ਐੱਚ.ਐੱਫ ਨਸਲ ਦੀਆਂ ਗਾਵਾਂ ‘ਚ ਦੁੱਧ ਚੁਆਈ ‘ਚ ਪਹਿਲਾ ਸਥਾਨ ਪਿੰਡ ਹਰੂਵਾਲ ਦੇ ਹਰਪ੍ਰੀਤ ਸਿੰਘ ਦੀ ਗਾਂ ਅਤੇ ਪਿੰਡ ਜੋਗੀਚੀਮਾਂ ਦੇ ਸਰੂਪ ਸਿੰਘ ਦੀ ਗਾਂ ਨੇ 36.2 ਲੀਟਰ ਦੁੱਧ ਦੇ ਕੇ ਸਾਂਝੇ ਤੌਰ ‘ਤੇ ਪ੍ਰਾਪਤ ਕੀਤਾ। ਇਸੇ ਨਸਲ ‘ਚ ਦੂਸਰਾ ਤੇ ਤੀਸਰਾ ਸਥਾਨ ਬਟਾਲਾ ਦੇ ਰਘੁਬੀਰ ਸਿੰਘ ਦੀਆਂ ਗਾਵਾਂ ਨੇ 33.2 ਲੀਟਰ ਅਤੇ 32.45 ਲੀਟਰ ਦੁੱਧ ਦੇ ਕੇ ਹਾਸਲ ਕੀਤਾ। ਸਾਹੀਵਾਲ ਗਾਂ ਦੇ ਦੁੱਧ ਚੁਆਈ ਮੁਕਾਬਲੇ ਗੁਰਵਿੰਦਰ ਸਿੰਘ ਸ਼ਾਮਪੁਰਾ ਦੀ ਗਾਂ ਨੇ 16.3 ਲੀਟਰ ਨਾਲ ਪਹਿਲਾ, ਕਪੂਰ ਸਿੰਘ ਮੂਲਿਆਂਵਾਲ ਦੀ ਗਾਂ ਨੇ 13.85 ਲੀਟਰ ਨਾਲ ਦੂਸਰਾ ਸਥਾਨ ਹਾਸਲ ਕੀਤਾ। ਜਰਸੀ ਗਾਵਾਂ ਦੇ ਮੁਕਾਬਲੇ ‘ਚ ਪਹਿਲਾ ਸਥਾਨ ਕਰਨਾਮਾ ਦੇ ਗੁਰਵੰਤ ਸਿੰਘ ਦੀ ਗਾਂ ਨੇ 14.99 ਲੀਟਰ ਦੁੱਧ ਦੇ ਕੇ ਹਾਸਲ ਕੀਤਾ ਤੇ ਜੋਗੀਚੀਮਾ ਦੇ ਸਰੂਪ ਸਿੰਘ ਦੀ ਗਾਂ ਨੇ 12.72 ਲੀਟਰ ਦੁੱਧ ਦੇ ਕੇ ਦੂਜਾ ਸਥਾਨ ਹਾਸਲ ਕੀਤਾ।
ਦਲਬੀਰ ਸਿੰਘ ਤੇਲੀਆਂ ਦੀ ਨੀਲੀ ਰਾਵੀ ਨਸਲ ਦੀ ਮੱਝ ਨੇ 16.65 ਲੀਟਰ ਨਾਲ ਪਹਿਲਾ ਸਥਾਨ ਹਾਸਲ ਕੀਤਾ ਜਦਕਿ ਪਿੰਡ ਬੰਬ ਦੇ ਅਨੂਪ ਸਿੰਘ ਦੀ ਮੱਝ ਨੇ ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ। ਮੁਹਰਾ ਮੱਝ ਨਸਲ ਦੇ ਮੁਕਾਬਲੇ ‘ਚ ਬਹਾਦਰਪੁਰ ਪਿੰਡ ਦੇ ਗੁਰਮੁੱਖ ਸਿੰਘ ਦੀ ਮੱਝ ਨੇ 16.82 ਲੀਟਰ ਨਾਲ ਪਹਿਲਾ, ਮਨਦੀਪ ਸਿੰਘ ਜੱਫਰਵਾਲ ਦੀ ਮੱਝ ਨੇ 14.74 ਲੀਟਰ ਨਾਲ ਦੂਜਾ ਅਤੇ ਕਿਲਾ ਦਰਸ਼ਨ ਸਿੰਘ ਦੇ ਗੁਰਮੀਤ ਸਿੰਘ ਦੀ ਮੱਝ ਨੇ 14.2 ਲੀਟਰ ਨਾਲ ਤੀਜਾ ਸਥਾਨ ਹਾਸਲ ਕੀਤਾ।
ਸਭ ਤੋਂ ਵਧੀਆ ਘੋੜੀ ਨੁਕਰੀ ਦਾ ਪਹਿਲਾ ਇਨਾਮ ਜਸਪਾਲ ਸਿੰਘ ਫਤਿਹਗੜ ਚੂੜੀਆਂ ਦੀ ਘੋੜੀ ਨੇ, ਦੂਸਰਾ ਇਨਾਮ ਸਤਨਾਮ ਸਿੰਘ ਮੂਲਾ ਸੁਨਾਈਆ ਦੀ ਘੋੜੀ ਨੇ ਜਿੱਤਿਆ। ਨੁੱਕਰਾ ਘੋੜਾ ਦਾ ਪਹਿਲਾ ਸਥਾਨ ਸੁਖਬੀਰ ਸਿੰਘ ਲੋਧੀਨੰਗਲ ਦੇ ਘੋੜੇ ਨੇ, ਦੂਸਰਾ ਸਥਾਨ ਕਸ਼ਮੀਰ ਸਿੰਘ ਲੰਘਿਆਂਵਾਲੀ ਦੇ ਘੋੜੇ ਨੇ ਹਾਸਲ ਕੀਤਾ। ਰੰਗੜ ਨੰਗਲ ਦੇ ਸਾਹਿਬਜੀਤ ਸਿੰਘ ਦੀ ਘੋੜੀ ਨੂੰ ਸਭ ਤੋਂ ਵਧੀਆ ਮਾਰਵਾੜੀ ਘੋੜੀ ਐਲਾਨਿਆ ਗਿਆ, ਦੂਸਰਾ ਸਥਾਨ ਕਸ਼ਮੀਰ ਸਿੰਘ ਲੰਘਿਆਂਵਾਲੀ ਦੀ ਘੋੜੀ ਨੂੰ ਅਤੇ ਤੀਜਾ ਸਥਾਨ ਜੈਦੀਪਕ ਸਿੰਘ ਪੁਰਾਣਾ ਪਿੰਡ ਦੀ ਘੋੜੀ ਨੇ ਹਾਸਲ ਕੀਤਾ।
ਸਰਬਜੀਤ ਅੰਮੋਨੰਗਲ ਦੇ ਝੋਟੇ ਨੇ ਸਭ ਤੋਂ ਵਧੀਆ ਮੁਹਰਾ ਝੋਟਾ ਦਾ ਪਹਿਲਾ ਇਨਾਮ ਤੇ ਸੁਰਜਨ ਸਿੰਘ ਰਾਵਲਪੰਡੀ ਦੇ ਝੋਟੇ ਨੇ ਦੂਜਾ ਇਨਾਮ ਹਾਸਲ ਕੀਤਾ। ਸਭ ਤੋਂ ਵਧੀਆ ਮੁਹਰਾ ਮੱਝ (ਦੁੱਧ ਦਿੰਦੀ) ਦਾ ਪਹਿਲਾ ਇਨਾਮ ਸੁਖਜਿੰਦਰ ਸਿੰਘ ਦਕੋਹਾ ਦੀ ਮੱਝ ਨੇ ਤੇ ਦੂਜਾ ਸਥਾਨ ਹਰਜਿੰਦਰ ਸਿੰਘ ਭੋਜਰਾਜ ਦੀ ਮੱਝ ਨੇ ਪ੍ਰਾਪਤ ਕੀਤਾ। ਸਭ ਤੋਂ ਵਧੀਆ ਦੁੱਧ ਦਿੰਦੀ ਨੀਲੀ ਰਾਵੀ ਮੱਝ ਸੁਲੱਖਣ ਸਿੰਘ ਬੱਜੂਮਾਨ ਦੀ ਚੁਣੀ ਗਈ ਜਦਕਿ ਦੂਜਾ ਇਨਾਲ ਬੰਬ ਪਿੰਡ ਦੇ ਅਨੂਪ ਸਿੰਘ ਦੀ ਮੱਝ ਦੇ ਹਿੱਸੇ ਆਇਆ। ਗੁਰਪ੍ਰੀਤ ਸਿੰਘ ਤਲਵਾੜਾ ਦੀ ਗਾਂ ਸਭ ਤੋਂ ਵਧੀਆ ਐੱਚ.ਐੱਫ. ਗਾਂ ਵਜੋਂ ਚੁਣੀ ਗਈ ਤੇ ਮਨਿੰਦਰ ਸਿੰਘ ਸਰਜੇਚੱਕ ਦੀ ਗਾਂ ਦੂਜੇ ਨੰਬਰ ‘ਤੇ ਰਹੀ। ਸਭ ਤੋਂ ਵਧੀਆ ਜਰਸੀ ਕਰਾਸ ਗਾਂ ਜੋਗੀ ਚੀਮਾ ਦੇ ਸਰੂਪ ਸਿੰਘ ਦੀ ਚੁਣੀ ਗਈ। ਸਭ ਤੋਂ ਵਧੀਆ ਮੁਹਰਾ ਝੋਟਾ ਸਰਬਜੀਤ ਸਿੰਘ ਅੰਮੋਨੰਗਲ ਦਾ ਝੋਟਾ ਚੁਣਿਆ ਗਿਆ ਅਤੇ ਸਭ ਤੋਂ ਵਧੀਆ ਸਾਹੀਵਾਲ ਗਾਂ ਹਸਨਪੁਰ ਦੇ ਬਲਜੀਤ ਸਿੰਘ ਦੀ ਚੁਣੀ ਗਈ।
ਇਨਾਂ ਸਾਰੇ ਹੀ ਜੇਤੂ ਪਸ਼ੂ ਪਾਲਕਾਂ ਨੂੰ ਵਿਭਾਗ ਵੱਲੋਂ 5.50 ਲੱਖ ਰੁਪਏ ਦੇ ਨਕਦ ਇਨਾਮ ਵੰਡੇ ਗਏ। ਇਕੱਠ ਨੂੰ ਸੰਬੋਧਨ ਹੁੰਦਿਆਂ ਮੁੱਖ ਮਹਿਮਾਨ ਸ. ਲਖਬੀਰ ਸਿੰਘ ਲੋਧੀਨੰਗਲ ਨੇ ਕਿਹਾ ਕਿ ਪਸ਼ੂ ਪਾਲਣ ਧੰਦਾ ਬਹੁਤ ਹੀ ਫਾਇਦੇਮੰਦ ਧੰਦਾ ਹੈ ਅਤੇ ਕਿਸਾਨਾਂ ਅਤੇ ਖਾਸ ਕਰਕੇ ਨੌਜਵਾਨਾਂ ਨੂੰ ਇਸ ਕਿੱਤੇ ਨੂੰ ਵੱਧ ਤੋਂ ਵੱਧ ਅਪਨਾਉਣਾ ਚਾਹੀਦਾ ਹੈ। ਉਨਾਂ ਕਿਹਾ ਕਿ ਪਸ਼ੂ ਧਨ ਮੁਕਾਬਿਲਆਂ ਨੂੰ ਹੋਰ ਵੀ ਕਾਮਯਾਬ ਕਰਨ ਲਈ ਰਾਜ ਸਰਕਾਰ ਵੱਲੋਂ ਬਟਾਲਾ ਵਿਖੇ 5.50 ਕਰੋੜ ਰੁਪਏ ਖਰਚ ਕੇ ਇੱਕ ਆਧੁਨਿਕ ਪਸ਼ੂ ਮੰਡੀ ਬਣਾਈ ਜਾਵੇਗੀ ।
ਇਸ ਮੌਕੇ ਐੱਸ.ਐੱਸ.ਪੀ. ਗੁਰਦਾਸਪੁਰ ਸ. ਗੁਰਪ੍ਰੀਤ ਸਿੰਘ ਤੂਰ ਨੇ ਨੌਜਵਾਨਾਂ ਨੂੰ ਮਿਹਨਤ ਕਰਨ ਦਾ ਸੱਦਾ ਦਿਤਾ। ਉਨਾਂ ਕਿਹਾ ਕਿ ਹੱਥੀ ਮਿਹਨਤ ਕਰਕੇ ਅਸੀਂ ਹਮੇਸ਼ਾਂ ਹੀ ਸੁਖਮਈ ਜ਼ਿੰਦਗੀ ਬਸਰ ਕਰ ਸਕਦੇ ਹਾਂ। ਉਨਾਂ ਕਿਹਾ ਕਿ ਨੌਜਵਾਨ ਵਿਦੇਸ਼ਾਂ ‘ਚ ਜਾਣ ਦੀ ਬਜਾਏ ਆਪਣੇ ਦੇਸ਼ ‘ਚ ਹੀ ਮਿਹਨਤ ਨਾਲ ਕੰਮ ਕਰਨ ਉਹ ਜਰੂਰ ਇਥੇ ਹੀ ਕਾਮਯਾਬ ਹੋ ਜਾਣਗੇ।
ਇਸ ਤੋਂ ਪਹਿਲਾਂ ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਪਵਨ ਗਾਂਧੀ ਅਤੇ ਹੋਰ ਅਧਿਅਕਾਰੀਆਂ ਵੱਲੋਂ ਮੁੱਖ ਮਹਿਮਾਨ ਸ.ਲੋਧੀਨੰਗਲ, ਐੱਸ.ਐੱਸ.ਪੀ. ਤੂਰ, ਐੱਸ.ਡੀ.ਐੱਮ. ਸ. ਜਗਵਿੰਦਰਜੀਤ ਸਿੰਘ ਗਰੇਵਾਲ ਤੇ ਹੋਰ ਸਖਸ਼ੀਅਤਾਂ ਦਾ ਸਨਮਾਨ ਵੀ ਕੀਤਾ। ਪਸ਼ੂਧਨ ਮੇਲੇ ਦੌਰਾਨ ਸਰਕਾਰੀ ਸਕੂਲਾਂ ਦੇ ਬੱਚਿਆਂ ਨੇ ਦੋਵੇਂ ਦਿਨ ਸੱਭਿਆਚਰਾਕ ਪ੍ਰੌਗਰਾਮਾਂ ਰਾਹੀਂ ਰੌਣਕ ਨੂੰ ਬੰਨੀ ਰੱਖਿਆ।