ਬਾਜ਼ਾਰ ਮਨੁੱਖ ਲਈ ਹੈ ਨਾ ਕਿ ਮਨੁੱਖ ਬਾਜ਼ਾਰ ਲਈ – ਵਾਈਸ ਚਾਂਸਲਰ
ਅੰਮ੍ਰਿਤਸਰ, 13 ਫਰਵਰੀ (ਖੁਰਮਣੀਆਂ) – ਨਾਦ ਪ੍ਰਗਾਸੁ ਸ੍ਰੀ ਅੰਮ੍ਰਿਤਸਰ ਵੱਲੋਂ ਆਯੋਜਤ ਸੱਤਵੇਂ ਅੰਮ੍ਰਿਤਸਰ ਸਾਹਿਤ ਉਤਸਵ-2022 ਦੇ ਉਦਘਾਟਨੀ ਸੈਸ਼ਨ ਮੌਕੇ
ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਕਿਹਾ ਹੈ ਬਾਜਾਰ ਮਨੁੱਖ ਲਈ ਹੈ ਮਨੁੱਖ ਬਾਜ਼ਾਰ ਲਈ ਨਹੀਂ ਬਣਿਆ ਹੈ।ਇਸ ਲਈ ਬਿਹਤਰ ਇਹ ਹੋਵੇਗਾ ਕਿ ਮਨੁੱਖ ਬਾਜ਼ਾਰ ਨੂੰ ਚਲਾਏ ਬਜ਼ਾਰ ਮਨੁੱਖ ਨੂੰ ਨਹੀਂ।ਉਨ੍ਹਾਂ ਯੂਨੀਵਰਸਿਟੀ ਦੇ ਕੋਰਸਾਂ ਦੇ ਹੁੰਦੇ ਬਜ਼ਾਰੀਕਰਨ ਦਾ ਖੰਡਨ ਕਰਦਿਆਂ ਕਿਹਾ ਕਿ ਸਮਾਜਿਕ ਵਿਗਿਆਨ ਦੇ ਵਿਸ਼ਿਆਂ ਅਤੇ ਹੋਰ ਕੋਰਸਾਂ ਨੂੰ ਵੀ ਤਰਜ਼ੀਹ ਦੇਣੀ ਚਾਹੀਦੀ ਹੈ।ਉਹ ਅੱਜ ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ ਅਤੇ ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ ਦੇ ਵਿਸ਼ੇਸ਼ ਸਹਿਯੋਗ ਨਾਲ ਕਰਵਾਏ ਜਾ ਰਹੇ ਸੱਤਵੇਂ ਅੰਮ੍ਰਿਤਸਰ ਸਾਹਿਤ ਉਤਸਵ-2022 ਦੇ ਉਦਘਾਟਨੀ ਸੈਸ਼ਨ ਦੀ ਪ੍ਰਧਾਨਗੀ ਕਰ ਰਹੇ ਸਨ।ਉਨ੍ਹਾਂ ਨਾਦ ਪ੍ਰਗਾਸੁ ਸੰਸਥਾ ਵੱਲੋਂ ਕੀਤੇ ਜਾ ਰਹੇ ਅਕਾਦਮਿਕ ਯਤਨਾਂ ਦੀ ਵੀ ਸ਼ਲਾਘਾ ਕੀਤੀ।
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਪ੍ਰੋ. ਗੁਰਪਾਲ ਸਿੰਘ ਸੰਧੂ ਨੇ ਉਦਘਾਟਨੀ ਸੈਸ਼ਨ ਦਾ ਮੁੱਖ ਭਾਸ਼ਣ ਦਿੰਦਿਆਂ ਕਿਹਾ ਕਿ ਵਿਗਿਆਨ ਅਤੇ ਸਮਾਜ ਵਿਗਿਆਨ ਵਿਚੋਂ ਸਿਧਾਂਤ ਸਾਹਿਤ ਵੱਲ ਆ ਰਿਹਾ ਹੈ ਅਤੇ ਸਾਹਿਤਕਤਾ ਦੀ ਮੌਲਿਕਤਾ ਨੂੰ ਪਿੱਛੇ ਛੱਡਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿਧਾਂਤ ਨੂੰ ਸਾਡੀਆਂ ਸਾਹਿਤਿਕ ਪਰੰਪਰਾਵਾਂ ਵਿਚੋਂ ਖੋਜਣ ਦੀ ਲੋੜ ਹੈ।ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਫੈਕਲਟੀ ਆਫ ਹਿਉਮੈਨਟੀਜ਼ ਐਂਡ ਰਿਲੀਜੀਅਸ ਸਟੱਡੀਜ਼ ਦੇ ਡੀਨ, ਪ੍ਰੋ. ਸਰਬਜਿੰਦਰ ਸਿੰਘ ਨੇ ਕਿਹਾ ਕਿ ਸ਼ਬਦ ਸਾਰੀਆਂ ਧਰਮ ਪਰੰਪਰਾਵਾਂ ਦਾ ਸਾਂਝਾ ਹੈ ਅਤੇ ਨਾਲ ਹੀ ਸਾਰੇ ਧਰਮ ਗ੍ਰੰਥ ਇਕ ਦੂਜੇ ਤੋਂ ਵਿਲੱਖਣ ਵੀ ਹਨ। ਇਸ ਮੌਕੇ ਪੰਜਾਬ ਸਾਹਿਤ ਅਕਾਦਮੀ ਦੇ ਪ੍ਰਧਾਨ ਡਾ. ਸਰਬਜੀਤ ਕੌਰ ਸੋਹਲ ਵਿਸ਼ੇਸ਼ ਮਹਿਮਾਨ ਦੇ ਤੌਰ ‘ਤੇ ਸ਼ਾਮਿਲ ਹੋਏ।ਇਸ ਤੋਂ ਪਹਿਲਾਂ ਖਾਲਸਾ ਕਾਲਜ ਫਾਰ ਵਿਮਨ ਦੇ ਪ੍ਰਿੰਸੀਪਲ ਡਾ. ਸੁਰਿੰਦਰ ਕੌਰ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ, ਪਟਿਆਲਾ ਤੋਂ ਡਾ. ਅਮਰਜੀਤ ਸਿੰਘ ਨੇ ਉਦਘਾਟਨੀ ਸੈਸ਼ਨ ਦਾ ਸੰਚਾਲਨ ਕੀਤਾ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਡਾ. ਸੁਖਵਿੰਦਰ ਸਿੰਘ ਨੇ ਧੰਨਵਾਦੀ ਮਤਾ ਪੇਸ਼ ਕੀਤਾ।
ਅੰਮ੍ਰਿਤਸਰ ਸਾਹਿਤ ਉਤਸਵ ਦਾ ਦੂਜਾ ਸਮਾਗਮ ਪੈਨਲ ਵਿਚਾਰ ਚਰਚਾ ਸਮਕਾਲੀ ‘ਪੰਜਾਬ: ਸਮਾਜਿਕ ਅਤੇ ਰਾਜਨੀਤਿਕ ਪ੍ਰਸੰਗ’ ਵਿਸ਼ੇ ‘ਤੇ ਆਧਾਰਿਤ ਸੀ ਜਿਸ ਵਿਚ ਰੀਜ਼ਨਲ ਇੰਸਟੀਚਿਊਟ ਆਫ ਇੰਗਲਿਸ਼, ਚੰਡੀਗੜ੍ਹ ਤੋਂ ਡਾ. ਮੋਨਿਕਾ ਕੁਮਾਰ, ਪੰਜਾਬ ਸਾਹਿਤ ਅਕਾਦਮੀ ਦੇ ਪ੍ਰਧਾਨ ਡਾ. ਸਰਬਜੀਤ ਕੌਰ ਸੋਹਲ ਅਤੇ ਦਿੱਲੀ ਤੋਂ ਅਮਨਿੰਦਰ ਸਿੰਘ ਨੇ ਭਾਗ ਲਿਆ।
ਡਾ. ਮੋਨਿਕਾ ਨੇ ਬੋਲਦਿਆਂ ਕਿਹਾ ਕਿ ਸਮਕਾਲੀ ਪੰਜਾਬ ਨੂੰ ਆਤਮ ਨਿਰੀਖਣ ਦੀ ਲੋੜ ਹੈ, ਕਿਉਂਕਿ ਸਾਨੂੰ ਦੱਸੇ ਅਤੇ ਪੜ੍ਹਾਏ ਜਾਣ ਵਾਲੇ ਆਦਰਸ਼ਕ ਪੰਜਾਬ ਅਤੇ ਯਥਾਰਥਕ ਪੰਜਾਬ ਵਿਚ ਇਕ ਦਵੰਦ ਪੈਦਾ ਹੋ ਚੁੱਕਾ ਹੈ।ਪੰਜਾਬੀ ਮਨ ਆਪਣੀ ਹੋਂਦ ਦੇ ਸੰਕਟ ਕਾਰਨ ਅੰਦਰੋਂ ਅਸੁਰੱਖਿਅਤ ਮਹਿਸੂਸ ਕਰਦਾ ਹੈ, ਸੋ ਸਮਕਾਲੀ ਪੰਜਾਬ ਅੱਗੇ ਵੱਡਾ ਪ੍ਰਸ਼ਨ ਹੈ ਕਿ ਕੀ ਇਸ ਦੀ ਸਥਾਨਕਤਾ ਸਭ ਲਈ ਸਾਂਝੀ ਹੈ।ਡਾ. ਸੋਹਲ ਨੇ ਕਿਹਾ ਕਿ ਦੂਰ ਅੰਦੇਸ਼ੀ ਵਾਲੀ ਦ੍ਰਿਸ਼ਟੀ ਤੋਂ ਖੁੰਝਣ ਕਾਰਨ ਪੰਜਾਬੀ ਮਨੁੱਖ ਦੀ ਵਿਚਾਰਕਤਾ ਅਤੇ ਵਿਵਹਾਰਕਤਾ ਵਿਚਕਾਰ ਅੰਤਰ ਆ ਚੁੱਕਾ ਹੈ।ਸਿੱਟੇ ਵਜੋਂ ਸਮਕਾਲੀ ਪੰਜਾਬ ਦਾ ਅਕਸ ਕਈ ਪੱਖਾਂ ਤੋਂ ਨਿਰਾਸ਼ਾ ਵੀ ਪੈਦਾ ਕਰਦਾ ਹੈ।ਅਮਨਿੰਦਰ ਸਿੰਘ ਨੇ ਸੰਵਾਦ ਵਿਚ ਭਾਗ ਲੈਂਦਿਆਂ ਕਿ ਮੌਜੂਦਾ ਸਮੇਂ ਵੱਖ ਵੱਖ ਪੱਧਰਾਂ ‘ਤੇ ਪੰਜਾਬ ਵਿਚ ਕਈ ਪੰਜਾਬ ਹੋ ਚੁੱਕੇ ਹਨ ਅਤੇ ਪੰਜਾਬੀ ਮਨ ਆਪਣੀ ਨਾਕਾਰਤਮਕਤਾ ਨੂੰ ਲੁਕੋਣ ਲਈ ਪੰਜਾਬ ਦੀਆਂ ਸਕਾਰਾਤਮਕ ਸਿਰਜਣਾਵਾਂ ਦਾ ਓਹਲਾ ਪੈਦਾ ਕਰ ਲੈਂਦਾ ਹੈ।ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਤੋਂ ਲਖਵੀਰ ਸਿੰਘ ਨੇ ਇਸ ਸੰਵਾਦ ਦਾ ਸੰਚਾਲਨ ਕੀਤਾ।
ਅੰਮ੍ਰਿਤਸਰ ਸਾਹਿਤ ਉਤਸਵ ਦੌਰਾਨ ਸਜ਼ਾਈਆਂ ਗਈ ਵੱਖ ਵੱਖ ਪ੍ਰਦਰਸ਼ਨੀਆਂ ਜਿਨ੍ਹਾਂ ਵਿਚ ਚਿਤਰਕਲਾ, ਲੱਕੜਕਾਰੀ, ਪੁਰਾਤਨ ਸਾਜ਼ ਅਤੇ ਪੁਸਤਕ ਪ੍ਰਦਰਸ਼ਨੀਆਂ ਦਾ ਵਿਦਿਆਰਥੀਆਂ ਖੋਜਾਰਥੀਆਂ ਅਤੇ ਸ਼ਹਿਰ ਨਿਵਾਸੀਆਂ ਨੇ ਭਰਪੂਰ ਆਨੰਦ ਲਿਆ।
ਨਾਦ ਪ੍ਰਗਾਸੁ ਸ੍ਰੀ ਅੰਮ੍ਰਿਤਸਰ ਦੇ ਸਕੱਤਰ ਵਰਿੰਦਰਪਾਲ ਸਿੰਘ ਨੇ ਦੱਸਿਆ ਕਿ ਉਤਸਵ ਦੇ ਦੂਜੇ ਦਿਨ ਭਾਸ਼ਾ: ਸਿਧਾਂਤ ਤੇ ਪਾਸਾਰ ਵਿਸ਼ੇ ‘ਤੇ ਇਕ ਵਿਸ਼ੇਸ਼ ਸੈਮੀਨਾਰ ਦਾ ਆਯੋਜਨ ਕੀਤਾ ਜਾ ਰਿਹਾ ਹੈ ਅਤੇ ਸਾਹਿਤ ਉਤਸਵ ਦੇ ਚੌਥੇ ਸਮਾਗਮ ਵਿਚ ਪੁਸਤਕ ਰਿਲੀਜ਼ ਅਤੇ ਗੋਸ਼ਟੀ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸ ਵਿਚ ਸਵਾਮੀ ਅੰਤਰਨੀਰਵ ਦੁਆਰਾ ਰਚਿਤ ਕਾਵਿ ਪੁਸਤਕ ‘ਨਹੀਂ’ ਉਪਰ ਆਪਣੇ ਵਿਚਾਰ ਸਾਂਝੇ ਕਰਨਗੇ।
Check Also
ਸ਼੍ਰੋਮਣੀ ਕਮੇਟੀ ਵੱਲੋਂ ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ ਕੀਤਾ ਗਿਆ ਸਨਮਾਨਿਤ
ਅੰਮ੍ਰਿਤਸਰ, 2 ਮਾਰਚ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਖੇ ਸੇਵਾ ਨਿਭਾਅ ਰਹੇ …
Punjab Post Daily Online Newspaper & Print Media