ਨਾਟਕ ‘ਲੂਣ ਦੀ ਗੁੱਡੀ’ ਨੇ ਦਰਸ਼ਕਾਂ ਤੇ ਅਮਿਟ ਛਾਪ ਛੱਡੀ
ਅੰਮ੍ਰਿਤਸਰ, 20 ਨਵੰਬਰ (ਦੀਪ ਦਵਿੰਦਰ) – ਵਿਰਸਾ ਵਿਹਾਰ ਸੁਸਾਇਟੀ ਵੱਲੋਂ ਵਿਰਸਾ ਵਿਹਾਰ ਵਿਖੇ ਮਨਾਏ ਜਾ ਰਹੇ ਪੰਜ ਰੋਜ਼ਾ ਯੁਵਾ ਲੋਕ-ਰੰਗ ਉਤਸਵ ਦੇ ਦੂਜੇ ਦਿਨ ਅੱਜ ਵਿਸ਼ਵ ਪ੍ਰਸਿੱਧ ਲੋਕ ਗਾਇਕ ਗੁਰਮੀਤ ਬਾਵਾ ਦੀਆਂ ਸਪੁੱਤਰੀਆਂ ਲਾਚੀ ਬਾਵਾ ਤੇ ਗਲੋਰੀ ਬਾਵਾ ਨੇ ਲੋਕ ਗਾਇਕੀ ਤੇ ਵੱਖ-ਵੱਖ ਰੰਗਾਂ ਨੂੰ ਬਿਖੇਰ ਕੇ ਸਰੋਤਿਆ ਦੇ ਮਨ ਮੋਹੇ। ਸੈਫਲ ਮਲੂਕ ਦੀ ਲਾਮਿਸਾਲ ਰਚਨਾ ਤੇ ਹੋਰ ਚਰਚਿਤ ਲੋਕ ਗਾਇਕੀ ਦੀਆਂ ਪੇਸ਼ਕਾਰੀਆਂ ਦੇ ਕੇ ਦੋਹਾਂ ਭੈਣਾਂ ਨੇ ਆਪਣੀ ਸਾਫ ਸੁਥਰੀ ਆਵਾਜ ਨਾਲ ਗਾਇਕੀ ਦਾ ਲੋਹਾ ਮਨਾਇਆ, ਕਿ ਗਾਇਕੀ ਦਾ ਇਹ ਰੰਗ ਅੱਜ ਵੀ ਜਿੰਦਾ ਹੈ ਤੇ ਜਿੰਦਾ ਰਹੇਗਾ। ਭਾਵੇਂ ਕਿ ਸਮੇਂ ਦੇ ਗੇੜ ਨੇ ਅੱਜ ਦੇ ਯੁੱਗ ਵਿੱਚ ਬਹੁਤ ਸਾਰੇ ਗਾਇਕਾ ਨੇ ਮੁਹਾਰਾ ਮੰਡੀ ਵੱਲ ਮੋੜ ਲਈਆ ਹਨ, ਪਰ ਬਾਵਾ ਜੋੜੀ ਦਾ ਲੋਕ ਪੱਖੀ ਪ੍ਰਭਾਵ ਉਹਨਾਂ ਦੀਆਂ ਸਪੁੱਤਰੀਆ ਦੀ ਗਾਇਨ ਸ਼ੈਲੀ ਵਿਚੋਂ ਪ੍ਰਤੱਖ ਝਲਕਦਾ ਆ ਰਿਹਾ ਹੈ। ਗਾਇਕੀ ਤੋਂ ਬਾਅਦ ਕੇਵਲ ਧਾਲੀਵਾਲ ਦਾ ਲਿਖਿਆ ਅਤੇ ਪਵੇਲ ਸੰਧੂ ਦਾ ਨਿਰਦੇਸ਼ਤ ਕੀਤਾ ‘ਲੂਣ ਦੀ ਗੁੱਡੀ’ ਨਾਟਕ ਖੇਡਿਆ ਗਿਆ। ਮਰਦ ਪ੍ਰਧਾਨ ਸਮਾਜ ਦੇ ਜੁਲਮ ਦੀ ਸਤਾਈ ਹੋਈ ਔਰਤ ਦੀ ਤਰਾਸਦੀ ਨੂੰ ਬਿਆਨ ਕਰਦਾ ਨਾਟਕ ਆਪਣੀ ਅਮਿੱਟ ਛਾਪ ਛੱਡ ਗਿਆ। ਸਭ ਨੂੰ ਜੀ ਆਇਆ ਨੂੰ ਸੁਸਾਇਟੀ ਦੇ ਪ੍ਰਧਾਨ ਕੇਵਲ ਧਾਲੀਵਾਲ ਨੇ ਕਿਹਾ। ਇਸ ਮੌਕੇ ਪ੍ਰਮਿੰਦਜੀਤ, ਕੰਵਲਜੀਤ ਸਿੰਘ ਫਰੀਡਮ, ਸ੍ਰੀਮਤੀ ਗੁਰਮੀਤ ਬਾਵਾ, ਰਸ਼ਮੀ ਨੰਦਾ, ਭੂਪਿੰਦਰ ਸਿੰਘ ਸੰਧੂ, ਕੁਲਵੰਤ ਸਿੰਘ ਗਿੱਲ, ਡਾ. ਅਦਲੱਖਾ, ਡਾ. ਪਰਮਜੀਤ ਸਿੰਘ, ਗੁਰਤੇਜ ਮਾਨ, ਗੁਰਦੇਵ ਸਿੰਘ ਭਰੋਵਾਲ, ਸੁਖਦੇਵ ਸਿੰਘ ਸੇਖੋਂ ਆਦਿ ਵੱਡੀ ਗਿਣਤੀ ਵਿੱਚ ਸੰਗੀਤ ਪ੍ਰੇਮੀ ਅਤੇ ਨਾਟ ਪ੍ਰੇਮੀ ਹਾਜ਼ਰ ਸਨ। ਅੱਜ ਵਿਰਸਾ ਵਿਹਾਰ ਦੇ ਵਿਹੜੇ ਵਿੱਚ ਲੋਕ ਪੱਖੀ ਸਾਹਿਤ ਨਾਲ ਸਬੰਧਤ ਪੁਸਤਕਾਂ ਦੀ ਪ੍ਰਦਰਸ਼ਨੀ ਦਾ ਆਰੰਭ ਵੀ ਕੀਤਾ ਗਿਆ, ਅਤੇ ਬਹੁਤ ਸਾਰੇ ਦਰਸ਼ਕਾਂ ਨੇ ਪੁਸਤਕਾਂ ਦੀ ਖਰੀਦਦਾਰੀ ਕੀਤੀ। ਇਸੇ ਦੌਰਾਨ ਭੂਪਿੰਦਰ ਸਿੰਘ ਸੰਧੂ ਨੇ ਦਸਿੱਆ ਕਿ ਮਿਤੀ 22-11-2014 ਨੂੰ ਲੋਕ ਨਾਚ ਅਤੇ ਕਲਾਸੀਕਲ ਨ੍ਰਿੱਤ ਦੀ ਪੇਸ਼ਕਾਰੀ ਹੋਵੇਗੀ ਜਿਸ ਵਿੱਚ ਸਰੂਪ ਰਾਣੀ ਕਾਲਜ, ਡੀ. ਏ. ਵੀ ਪਬਲਿਕ ਸਕੂਲ ਅਤੇ ਕੈਂਮਬਰਿਜ ਸਕੂਲ ਦੇ ਵਿਦਿਆਰਥੀ ਹਿੱਸਾ ਲੈਣਗੇ। ਇਸ ਤੋਂ ਇਲਾਵਾਂ ਹੋਰ ਵੀ ਖੂਬਸੂਰਤ ਪੇਸ਼ਕਾਰੀਆਂ ਵੀ ਹੋਣਗੀਆ।