
ਅੰਮ੍ਰਿਤਸਰ, 21 ਨਵੰਬਰ (ਗੁਰਪ੍ਰੀਤ ਸਿੰਘ) – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹੋਏ ਆਦੇਸ਼ਾਂ ਅਨੁਸਾਰ ਸ਼ੋ੍ਰਮਣੀ ਕਮੇਟੀ ਦੀ ਟੀਮ ਨੇ ਸ੍ਰੀਨਗਰ ਦੇ ਹੜ੍ਹ ਪੀੜਤਾਂ ਨੂੰ ਸਹਾਇਤਾ ਰਾਸ਼ੀ ਵੰਡਣ ਦਾ ਕਾਰਜ ਮੁਕੰਮਲ ਕਰ ਲਿਆ ਹੈ।ਸ਼ੋ੍ਰਮਣੀ ਕਮੇਟੀ ਦੇ ਬੁਲਾਰੇ ਤੇ ਵਧੀਕ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ.ਕਰਨੈਲ ਸਿੰਘ ਪੰਜੋਲੀ ਤੇ ਨਿਰਮੈਲ ਸਿੰਘ ਜੌਲਾਂ ਅੰਤਿ੍ਰੰਗ ਮੈਂਬਰ ਅਤੇ ਸ. ਅਵਤਾਰ ਸਿੰਘ ਸਕੱਤਰ ਸ਼ੋ੍ਰਮਣੀ ਕਮੇਟੀ ਦੀ ਨਿਗਰਾਨੀ ਹੇਠ ਸ੍ਰੀਨਗਰ ਵਿਖੇ ਬਿਲਕੁਲ ਢਹਿ ਚੁੱਕੇ ਮਕਾਨਾਂ ਦੇ ਮਾਲਕਾਂ ਨੂੰ 50-50 ਹਜ਼ਾਰ, ਉਸ ਤੋਂ ਘੱਟ ਨੁਕਸਾਨੇ ਗਏ ਮਕਾਨਾਂ ਦੇ ਮਾਲਕਾਂ ਨੂੰ 30-30 ਹਜ਼ਾਰ ਤੇ ਤੀਸਰੇ ਦਰਜੇ ਵਿੱਚ 25-25 ਹਜ਼ਾਰ ਰੁਪਏ ਦਿੱਤੇ ਗਏ ਹਨ।ਇਸੇ ਤਰ੍ਹਾਂ ਕਿਰਾਏਦਾਰਾਂ ਨੂੰ ਕ੍ਰਮਵਾਰ 15-15, 10-10 ਅਤੇ 5-5 ਹਜ਼ਾਰ ਅਤੇ ਬੇਸਹਾਰਾ ਤੇ ਬਿਰਧ ਵਿਧਵਾਵਾਂ ਨੂੰ ਵੀ 5-5 ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਤਕਸੀਮ ਕੀਤੀ ਗਈ ਹੈ।
ਸ.ਬੇਦੀ ਨੇ ਕਿਹਾ ਕਿ ਇਸ ਆਬਾਦੀ ਵਿੱਚ 11 ਗੁਰਦੁਆਰਾ ਸਾਹਿਬਾਨ ਹਨ ਜਿਨ੍ਹਾਂ ਨੂੰ 1-1 ਲੱਖ ਰੁਪਏ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ, ਨਿਤਨੇਮ ਦੇ ਗੁਟਕੇ, ਹਰਮੋਨੀਅਮ, ਤਬਲਾ ਸੈਟ, ਸਿੱਖ ਰਹਿਤ ਮਰਿਯਾਦਾ ਤੋਂ ਇਲਾਵਾ ਹੋਰ ਧਾਰਮਿਕ ਲਿਟਰੇਚਰ ਵੀ ਦਿੱਤਾ ਗਿਆ ਹੈ।ਇਨ੍ਹਾਂ ਗੁਰਦੁਆਰਾ ਸਾਹਿਬਾਨ ਵਿੱਚ ਮੁਕੰਮਲ ਤੌਰ ‘ਤੇ ਰੋਜ਼ਮਰਾ ਦੀ ਮਰਿਯਾਦਾ ਜਾਰੀ ਹੈ।ਉਨ੍ਹਾਂ ਦੱਸਿਆ ਕਿ ਸ਼ੋ੍ਰਮਣੀ ਕਮੇਟੀ ਵੱਲੋਂ ਸ੍ਰੀਨਗਰ ਦੇ ਹੜ੍ਹ ਪੀੜਤਾਂ ਨੂੰ ਸਵਾ ਕਰੌੜ ਦੀ ਰਾਸ਼ੀ ਤਕਸੀਮ ਕੀਤੀ ਗਈ ਹੈ।ਸ.ਬੇਦੀ ਨੇ ਦੱਸਿਆ ਕਿ ਸ੍ਰੀਨਗਰ ਦੀਆਂ ਵੱਖ-ਵੱਖ ਆਬਾਦੀਆਂ ਵਿੱਚ ਹੋਏ ਨੁਕਸਾਨ ਦਾ ਸਰਵੇ ਕਰਨ ਉਪਰੰਤ ਨੁਕਸਾਨੇ ਗਏ ਮਕਾਨਾਂ ਨੂੰ ਚਾਰ ਭਾਗਾਂ ਵਿੱਚ ਵੰਡਿਆ ਗਿਆ ਹੈ।ਪਹਿਲੇ ਪੜਾਅ ਵਿੱਚ ਮੁਕੰਮਲ ਤੌਰ ‘ਤੇ ਢਹਿ ਚੁੱਕਾ ਮਕਾਨ, ਦੂਜੇ ਵਿੱਚ 75 ਫੀਸਦੀ, ਤੀਜੇ ਵਿੱਚ 50 ਫੀਸਦੀ ਅਤੇ ਚੌਥੇ ਪੜਾਅ ਵਿੱਚ 25 ਫੀਸਦੀ ਨੁਕਸਾਨੇ ਗਏ ਮਕਾਨਾਂ ਨੂੰ ਸ਼ਾਮਲ ਕੀਤਾ ਗਿਆ ਹੈ।ਉਨ੍ਹਾਂ ਦੱਸਿਆ ਕਿ ਸ਼ੋ੍ਰਮਣੀ ਕਮੇਟੀ ਵੱਲੋਂ ਮਕਾਨਾਂ ਦੇ ਹੋਏ ਨੁਕਸਾਨ ਅਨੁਸਾਰ ਹੀ ਸਹਾਇਤਾ ਰਾਸ਼ੀ ਵੰਡੀ ਗਈ ਹੈ।
ਉਨ੍ਹਾਂ ਹੋਰ ਦੱਸਿਆ ਕਿ ਧਰਾਲ ਤਹਿਸੀਲ ਦੇ ਕਸਬਾ ਨੌਸ਼ਹਿਰਾ ਜਿਥੇ ਬਾਰਾਤ ਵਾਲੀ ਬੱਸ ਰੁੜ ਜਾਣ ਕਾਰਨ 66 ਵਿਅਕਤੀਆਂ ਦੀ ਮੌਤ ਹੋ ਗਈ ਸੀ ਦੇ ਵਾਰਸਾਂ ਨੂੰ ਸ਼ੋ੍ਰਮਣੀ ਕਮੇਟੀ ਦੀ ਟੀਮ ਵੱਲੋਂ 24 ਨਵੰਬਰ ਦਿਨ ਸੋਮਵਾਰ ਨੂੰ ਸਹਾਇਤਾ ਰਾਸ਼ੀ ਦਿੱਤੀ ਜਾਵੇਗੀ।ਉਨ੍ਹਾਂ ਕਿਹਾ ਕਿ ਸ੍ਰੀਨਗਰ ਵਿਖੇ ਲੱਖਾਂ ਦੀ ਗਿਣਤੀ ਵਿੱਚ ਮੁਸਲਮਾਨ ਭਾਈਚਾਰੇ ਦੀ ਆਬਾਦੀ ਹੈ ਤੇ ਇਸ ਦੇ ਬਾਵਜੂਦ ਸ਼ੋ੍ਰਮਣੀ ਕਮੇਟੀ ਦੇ ਕੈਂਪ ਤੋਂ ਰਾਹਤ ਸਮੱਗਰੀ ਹਰੇਕ ਨੂੰ ਦਿੱਤੀ ਗਈ ਹੈ ਜੋ ਅਜੇ ਵੀ ਜਾਰੀ ਹੈ।ਮੁਸਲਿਮ ਨੇਤਾਵਾਂ ਤੋਂ ਇਲਾਵਾ ਬਹੁਤ ਸਾਰੀਆਂ ਮੁਸਲਿਮ ਸਭਾਵਾਂ, ਸਭਾ-ਸੁਸਾਇਟੀਆਂ, ਯਤੀਮਖਾਨਿਆਂ, ਬਿਰਧ-ਘਰਾਂ, ਵਿਧਵਾਵਾਂ, ਆਸ਼ਰਮ, ਮਸਜਿਦਾਂ ਆਦਿ ਦੇ ਨਾਲ-ਨਾਲ ਹਿੰਦੂ ਮੰਦਰਾਂ, ਆਬਾਦੀਆਂ ਅਤੇ ਕਸ਼ਮੀਰੀ ਪੰਡਿਤਾਂ ਨੂੰ ਰਾਸ਼ਨ, ਗਰਮ ਬਿਸਤਰੇ ਤੇ ਹੋਰ ਸਮੱਗਰੀ ਵੰਡੀ ਗਈ ਹੈ।ਉਨ੍ਹਾਂ ਕਿਹਾ ਕਿ ਵਿੰਗਜ਼ ਸੋਸ਼ਲ ਵੈਲਫੇਅਰ ਸੁਸਾਇਟੀ ਕਰਨ ਨਗਰ, ਵਲੰਟੀਅਰ ਰਿਲੀਫ਼ ਕੁਲੈਕਸ਼ਨ, ਡਿਸਟ੍ਰੀਬਿਊਸ਼ਨ ਕਮੇਟੀ, ਮਸਜਿਦ ਕਮੇਟੀ ਕਾਲੀ ਮੁਹੱਲਾ ਨਾਰਮਲ, ਵੈਲਫੇਅਰ ਕਮੇਟੀ ਜਵਾਹਰ ਨਗਰ ਵੈਸਟ, ਇੰਤਜਾਮੀਆ ਕਮੇਟੀ, ਹਮਦਾਨੀਆਂ ਕਲੋਨੀ ਬਿਮਨਾ, ਆਲਮਦਾਰ ਜਾਮੀਆਂ ਮਸਜਿਦ ਸ਼ਰੀਫ, ਕਾਹਨਨਾਮਾ ਹਰਗਮ, ਕਾਜਲੀ ਬਾਗ, ਗੋਪੀਪੁਰ ਪੁਲਵਾਮਾ, ਦੇਹੀ ਬਹਿਬੂਧੀ ਕਮੇਟੀ ਕਾਕਾਪੁਰਾ, ਆਲਮਦਾਰ ਯਤੀਮ ਟਰੱਸਟ ਬਰਬਰਸ਼ਾਹ ਤੋਂ ਇਲਾਵਾ ਗੁਰਦੁਆਰਾ ਪਾਤਸ਼ਾਹੀ ਪਹਿਲੀ ਮਟਨ ਪਿੰਡ ਵਿਜ ਵਿਹਾਰਾ ਵਿਖੇ ਵੀ 270 ਗਰਮ ਬਿਸਤਰੇ ਅਤੇ 302 ਰਾਸ਼ਨ ਦੀਆਂ ਕਿਟਾ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਤੀਆਂ ਗਈਆਂ ਹਨ।
ਇਸ ਮੌਕੇ ਸ. ਜਗਜੀਤ ਸਿੰਘ ਮੀਤ ਸਕੱਤਰ, ਸ. ਪਰਵਿੰਦਰ ਸਿੰਘ ਇੰਚਾਰਜ, ਸ. ਇੰਦਰਪਾਲ ਸਿੰਘ ਅਕਾਊਟੈਂਟ, ਸ. ਸੁਖਜਿੰਦਰ ਸਿੰਘ ਤੇ ਸ. ਗੁਰਜਿੰਦਰ ਸਿੰਘ ਜੇ ਈ, ਸ. ਸਰਬਜੀਤ ਸਿੰਘ ਤੇ ਸ. ਗੁਰਵਿੰਦਰ ਸਿੰਘ ਗੁਰਦੁਆਰਾ ਇੰਸਪੈਕਟਰ, ਸ. ਕਿਰਪਾਲ ਸਿੰਘ ਤੇ ਸ. ਹਰਜੀਤ ਸਿੰਘ ਆਦਿ ਹਾਜ਼ਰ ਸਨ।
Check Also
ਦਲਿਤ ਵਰਗ ਦੀਆਂ ਇਸਤਰੀਆਂ ਨੂੰ ਹਰ ਮਹੀਨੇ 1500 ਤੇ ਜਰਨਲ ਵਰਗ ਨੂੰ ਮਿਲੇਗੀ 1000 ਰੁਪਏ ਸਨਮਾਨ ਰਾਸ਼ੀ – ਵਿਧਾਇਕਾ ਜੀਵਨ ਜੋਤ ਕੌਰ
ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ …
Punjab Post Daily Online Newspaper & Print Media