Thursday, March 5, 2026

ਮਜੀਠੀਆ ਵਲੋਂ ਹਲਕਾ ਪੂਰਬੀ ਦੇ ਲੋਕਾਂ ਨੂੰ ਬਦਲਾਅ, ਵਿਕਾਸ ਤੇ ਆਸ ਲਈ ਵੋਟਾਂ ਪਾਉਣ ਦਾ ਸੱਦਾ

ਕਿਹਾ, ਸਿੱਧ ਜੋੜੇ ਨੇ ਪਿਛਲੇ 18 ਸਾਲਾਂ ‘ਚ ਹਲਕੇ ਲਈ ਕੁੱਝ ਨਹੀਂ ਕੀਤਾ

ਅੰਮ੍ਰਿਤਸਰ, 18 ਫਰਵਰੀ (ਸੁਖਬੀਰ ਸਿੰਘ) – ਸਾਬਕਾ ਮੰਤਰੀ ਅਤੇ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਅੱਜ ਹਲਕਾ ਅੰਮ੍ਰਿਤਸਰ ਪੂਰਬੀ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬਦਲਾਅ, ਵਿਕਾਸ ਤੇ ਆਸ ਲਈ ਵੋਟਾਂ ਦੇਣ।ਉਨਾਂ ਕਿਹ ਕਿ ਲੋਕ ਵਿਰੋਧੀ, ਵਿਕਾਸ ਵਿਰੋਧੀ, ਜਾਤੀ ਆਧਾਰਿਤ ਫਿਰਕੂ ਸੋਚ ਰੱਖਣ ਵਾਲੇ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੇ 18 ਸਾਲਾਂ ‘ਚ ਹਲਕੇ ਲਈ ਕੱਖ ਨਹੀਂ ਕੀਤਾ।ਇਸ ਲਈ ਉਸ ਤੋਂ ਖਹਿੜਾ ਛੁਡਾਉਣ ਦੇ ਲਈ ਉਹ ਹੁਣ ਸੁਨਹਿਰੀ ਮੌਕੇ ਦਾ ਲਾਭ ਲੈਣ।
                      ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮਜੀਠੀਆ ਨੇ ਕਿਹਾ ਕਿ ਮੌਜ਼ੂਦਾ ਚੋਣ ਜੰਗ ਅੰਮ੍ਰਿਤਸਰ ਹਲਕੇ ਦੇ ਲੋਕਾਂ ਦਾ ਮਾਣ ਸਨਮਾਨ ਤੇ ਸਤਿਕਾਰ ਤੇ ਹਲਕੇ ਦੇ ਵਿਕਾਸ ਦੀ ਲੜਾਈ ਹੈ।ਅਕਾਲੀ ਆਗੂ ਨੇ ਹਲਕੇ ਲਈ ਆਪਣਾ ਏਜੰਡਾ ਸਪੱਸ਼ਟ ਕਰਦਿਆਂ ਕਿਹਾ ਕਿ ਉਹ ਠੋਸ ਤਬਦੀਲੀ ਲਿਆਉਣਗੇ ਨਾ ਕਿ ਨਵਜੋਤ ਸਿੱਧੂ ਵਾਂਗ ਕਰਨਗੇ ਜੋ ਪੰਜਾਬ ਮਾਡਲ ਦੀਆਂ ਗੱਲਾਂ ਮਾਰਦਾ ਹੈ।ਪਰ ਆਪਣੇ ਹਲਕੇ ਲਈ ਕੱਖ ਨਹੀਂ ਕੀਤਾ।ਇਹ ਸੂਬੇ ਦਾ ਸਭ ਤੋਂ ਅਣਗੌਲਿਆ ਤੇ ਪਛੜਿਆ ਹਲਕਾ ਬਣਿਆ ਹੋਇਆ ਹੈ।
                   ਆਪਣੇ ਲੋਕ ਪੱਖੀ ਏਜੰਡੇ ਦੇ ਵੇਰਵੇ ਸਾਂਝੇ ਕਰਦਿਆਂ ਮਜੀਠੀਆ ਨੇ ਕਿਹਾ ਕਿ ਹਲਕੇ ਦੀਆਂ ਸਾਰੀਆਂ ਸੜਕਾਂ ਦੀ ਰਿਪੇਅਰ ਕੀਤੀ ਜਾਵੇਗੀ ਅਤੇ ਇਹ ਨਵੇਂ ਸਿਰੇ ਤੋਂ ਬਣਾਈਆਂ ਜਾਣਗੀਆਂ ਤੇ ਨਾਲ ਹੀ ਫੁੱਟਪਾਥ ਵੀ ਬਣਾਏ ਜਾਣਗੇ।ਲੋਕਾਂ ਲਈ ਸਾਫ ਸੁਥਰਾ ਪੀਣ ਵਾਲਾ ਪਾਣੀ, ਐਲ.ਈ.ਡੀ ਸਟਰੀਟ ਲਾਈਟਾਂ ਤੇ ਸੀਵਰੇਜ ਸਹੂਲਤਾਂ ਸਾਰੇ ਹਲਕੇ ਵਿਚ ਦੇਣ ਵਾਸਤੇ ਇਕ ਵਿਆਪਕ ਪ੍ਰਾਜੈਕਟ ਲਿਆਂਦਾ ਜਾਵੇਗਾ।ਹਾਈ ਟੈਨਸ਼ਨ ਵਾਲੀਆਂ ਬਿਜਲੀ ਤਾਰਾਂ ਭੀੜ ਭੜੱਕੇ ਵਾਲੇ ਇਲਾਕਿਆਂ ਵਿਚੋਂ ਹਟਾ ਕੇੇ ਜ਼ਮੀਨਦੋਜ਼ ਕੀਤੀਆਂ ਜਾਣਗੀਆਂ।
                         ਸਰਦਾਰ ਮਜੀਠੀਆ ਨੇ ਕਿਹਾ ਕਿ ਉਹ ਇਸ ਹਲਕੇ ਵਿਚ ਪਾਰਕਾਂ, ਖੇਡਣ ਵਾਲੇ ਮੈਦਾਨ ਅਤੇ ਘੱਟ ਤੋਂ ਘੱਟ ਹਲਕੇ ਵਿਚ ਤਿੰਨ ਖੇਡ ਹੱਬ ਬਣਾਉਣ ਲਈ ਵਚਨਬੱਧ ਹਨ।ਗੰਦੇ ਨਾਲੇ ਨੁੰ ਢੱਕਿਆ ਜਾਵੇਗਾ ਅਤੇ ਇਸ ’ਤੇ ਸੜਕ ਬਣਾਈ ਜਾਵੇਗੀ।ਹਲਕੇ ਦੇ ਸਾਰੇ ਸਕੂਲ ਤੇ ਹਸਪਤਾਲ ਅਪਗ੍ਰੇਡ ਕੀਤੇ ਜਾਣਗੇ ਅਤੇ ਲੋਕਾਂ ਵਾਸਤੇ ਪ੍ਰਾਇਮਰੀ ਹੈਲਥ ਸੈਂਟਰ ਬਣਾਏ ਜਾਣਗੇ।
                     ਉਹਨਾਂ ਕਿਹਾ ਕਿ ਗੋਲਡਨ ਗੇਟ ਯਾਨੀ ਦਬੁਰਜੀ ਇਲਾਕੇ ਦਾ ਸੁੰਦਰੀਕਰਨ ਕੀਤਾ ਜਾਵੇਗਾ ਤੇ ਸ਼ਿਵਾਲਾ ਮੰਦਰ ਨੁੰ ਵੀ ਧਾਰਮਿਕ ਸੈਰ ਸਪਾਟੇ ਵਾਲੇ ਸਰਕਟ ਨਾਲ ਜੋੜਿਆ ਜਾਵੇਗਾ।ਵੱਲ੍ਹਾ ਸਬਜ਼ੀ ਮੰਡੀ ਨੁੰ ਅਪਗ੍ਰੇਡ ਕੀਤਾ ਜਾਵੇਗਾ, ਵੱਲ੍ਹਾ ਵਿਖੇ ਰੇਲਵੇ ਪੁੱਲ ਬਣਾਇਆ ਜਾਵੇਗਾ ਤੇ ਜੌੜਾ ਫਾਟਕ ’ਤੇ ਅੰਡਰ ਬ੍ਰਿਜ਼ ਮੁਕੰਮਲ ਕੀਤਾ ਜਾਵੇਗਾ।ਮੂਧਲ ਪਿੰਡ ਵਿਚ ਵੱੱਡਾ ਪਾਰਕ ਬਣਾ ਕੇ ਇਸ ਨੂੰ ਮਾਡਲ ਪਿੰਡ ਵਜੋਂ ਵਿਕਸਤ ਕੀਤਾ ਜਾਵੇਗਾ।ਜ਼ਹਾਜ਼ਗੜ੍ਹ ਟਰਾਂਸਪੋਰਟ ਨਗਰ ਨੁੰ ਇਥੋਂ ਸ਼ਿਫਟ ਕੀਤਾ ਜਾਵੇਗਾ ਤੇ 50 ਏਕੜ ਵਿਚ ਪੈਟਰੋਲ ਪੰਪ ਤੇ ਦੁਕਾਨਾਂ ਸਮੇਤ ਹੋਰ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ।ਇੰਡਸਟਰੀਅਲ ਫੋਕਲ ਪੁਆਇੰਟ ਨੁੰ ਅਪਗ੍ਰੇਡ ਕੀਤਾ ਜਾਵੇਗਾ ਅਤੇ ਇਥੇ ਮਜ਼ਦੂਰਾਂ ਦੀ ਭਲਾਈ ਵਾਸਤੇ ਈ.ਐਸ.ਆਈ ਹਸਪਤਾਲ ਬਣਾਇਆ ਜਾਵੇਗਾ।
                      ਕਮਜ਼ੋਰ ਲੋਕਾਂ ਲਈ ਚੋਣਾਂ ਤੋਂ ਤੁਰੰਤ ਬਾਅਦ ਵਿਸ਼ੇਸ਼ ਕੈਂਪ ਲਗਾ ਕੇ ਬੁਢਾਪਾ ਪੈਨਸ਼ਨਾਂ ਤੇ ਆਟਾ ਦਾਲ ਸਕੀਮ ਦੇ ਕਾਰਡ ਬਣਾਏ ਜਾਣਗੇ।ਕਮਜ਼ੋਰ ਵਰਗੀਆਂ ਧੀਆਂ ਦੇ ਵਿਆਹ ’ਤੇ ਸ਼ਗਨ ਸਕੀਮ ਦੀ 75000 ਰੁਪਏ ਰਾਸ਼ੀ ਵਿਆਹ ਦੇ ਇਕ ਹਫਤਾ ਪਹਿਲਾਂ ਪਰਿਵਾਰਾਂ ਨੂੰ ਪ੍ਰਦਾਨ ਕੀਤੀ ਜਾਵੇਗੀ।ਏਕਤਾ ਨਗਰ ਵਿਚ ਪੱਕੇ ਮਕਾਨਾਂ ਦੀ ਉਸਾਰੀ ਲਈ ਪੈਸਾ ਸਰਕਾਰ ਬਣਨ ਦੇ ਤੁਰੰਤ ਬਾਅਦ ਪ੍ਰਦਾਨ ਕੀਤਾ ਜਾਵੇਗਾ।ਸੂਬੇ ਵਿਚ ਚੰਗਾ ਪ੍ਰਸ਼ਾਸਨ ਬਹਾਲ ਕੀਤਾ ਜਾਵੇਗਾ ਅਤੇ ਗੁੰਡਿਆਂ ਨੁੰ ਨਕੇਲ ਪਾਈ ਜਾਵੇਗੀ।
                        ਗੁਰਚਰਨ ਸਿੰਘ ਤੇ ਦਿਲਬਾਗ ਸਿੰਘ ਨੇ ਦੱਸਿਆ ਕਿ ਕਿਵੇਂ ਕਾਂਗਰਸ ਦੇ ਗੁੰਡਿਆਂ ਨੇ ਉਹਨਾਂ ਵਲੋਂ ਸਰਦਾਰ ਮਜੀਠੀਆ ਦੀ ਹਮਾਇਤ ਦਾ ਐਲਾਨ ਕਰਨ ’ਤੇ ਉਹਨਾਂ ਦੇ ਘਰ ਦੇ ਬਿਜਲੀ ਕੁਨੈਕਸ਼ਨ ਕੱਟ ਦਿੱਤੇ ਤੇ ਮੀਟਰ ਪੁੱਟ ਕੇ ਲੈ ਗਏ।
                       ਇਸ ਮੌਕੇ ਸੀਨੀਅਰ ਆਗੂ ਗੁਰਪ੍ਰੀਤ ਸਿੰਘ ਰੰਧਾਵਾ ਤੇ ਗੁਰਪ੍ਰਤਾਪ ਸਿੰਘ ਟਿੱਕਾ ਵੀ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਵਿਖੇ ਬੀ.ਏ.ਆਰ.ਸੀ ਆਊਟਰੀਚ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਭੌਤਿਕ ਵਿਗਿਆਨ ਵਿਭਾਗ ਵੱਲੋਂ ਵਿਦਿਆਰਥੀਆਂ …