ਜਲੰਧਰ, 22 ਨਵੰਬਰ (ਪਰਮਿੰਦਰ ਸਿੰਘ,ਪਵਨਦੀਪ ਸਿੰਘ ਭੰਡਾਲ)- ਨਰਿੰਦਰਪਾਲ ਸਿੰਘ ਹੁੰਦਲ ਸੈਕਰਾਮੈਂਟ (ਅਮਰੀਕੀ ਸਿਆਸਤਦਾਨ) ਨੇ ਆਖਿਆ ਹੈ ਕਿ ਮੈਂ ਦੱਸਣਾ ਚਾਹੁੰਦਾ ਹਾਂ ਕਿ ਅਮਰੀਕਾ ਵਿਚ 3.18 ਮਿਲੀਅਨ ਭਾਰਤੀ ਭਾਈਚਾਰੇ ਦੇ ਲੋਕ ਰਹਿੰਦੇ ਹਨ ਜੋ ਕਿ ਅਮਰੀਕਾ ਦੀ ਸਮੁੱਚੀ ਅਬਾਦੀ ਦਾ 1 ਫੀਸਦੀ ਬਣਦਾ ਹੈ। ਪਰ ਅਮਰੀਕਾ ਇਕ ਅਜਿਹਾ ਦੇਸ਼ ਹੈ ਜਿਥੋਂ ਦੇ ਹਰ ਇਕ ਵਸਨੀਕ ਨੂੰ ਬਰਾਬਰ ਦੇ ਅਧਿਕਾਰ ਹਨ ਉਹ ਚਾਹੇ ਕਿਸੇ ਵੀ ਦੇਸ਼ ਵਿਚੋਂ ਪ੍ਰਵਾਸ ਕਰਕੇ ਅਮਰੀਕਾ ਵਿੱਚ ਸੈਟਲ ਹੋਇਆ ਹੋਵੇ। ਧਾਰਮਿਕ ਅਤੇ ਸੱਭਿਆਚਾਰ ਦੇ ਖੇਤਰ ਤੋਂ ਇਲਾਵਾ ਸਿਆਸਤ ਦੇ ਖੇਤਰ ਵਿੱਚ ਵੀ ਸਭ ਨੂੰ ਆਜ਼ਾਦੀ ਹਾਸਲ ਹੈ। ਅਮਰੀਕਾ ਦੀ ਸਿਆਸਤ ਵਿਚ ਪੰਜਾਬੀ ਭਾਈਚਾਰੇ ਦਾ ਬਹੁਤ ਹੀ ਘੱਟ ਯੋਗਦਾਨ ਹੈ। ਮੈਂ ਪਿਛਲੇ 31 ਸਾਲ ਤੋਂ ਅਮਰੀਕਾ ਦੇ ਸ਼ਹਿਰ ਵੈਸਟ ਸੈਕਰਾਮੈਂਟੋ ਵਿੱਚ ਰਹਿ ਰਿਹਾ ਹਾਂ। ਇਸ ਸ਼ਹਿਰ ਵਿੱਚ ਜ਼ਿਆਦਾਤਰ ਵਸੋਂ ਗੋਰੇ ਲੋਕਾਂ ਦੀ ਹੈ। ਇਹ ਜਾਣਦੇ ਹੋਏ ਵੀ ਕਿ ਇਥੇ ਭਾਰਤੀ ਭਾਈਚਾਰੇ ਦੀ ਵੋਟ ਬਹੁਤ ਘੱਟ ਹੈ ਮੈਂ ਉਸ ਉਮੀਦਵਾਰ ਦੇ ਖਿਲਾਫ ਚੋਣ ਲੜਨ ਦਾ ਫੈਸਲਾ ਕੀਤਾ ਜਿਸ ਦੇ ਅੱਗੇ ਕੋਈ ਵੀ ਉਮੀਦਵਾਰ ਚੋਣ ਲੜਨ ਲਈ ਤਿਆਰ ਨਹੀਂ ਸੀ। ਇਸ ਗੱਲ ਤੋਂ ਮੁਨਕਰ ਨਹੀਂ ਸੀ ਹੋਇਆ ਜਾ ਸਕਦਾ ਕਿ ਮੈਂ ਕ੍ਰਿਸਟਫਰ ਕਬਾਰਡਨ ਨੂੰ ਹਰਾ ਨਹੀਂ ਸੀ ਸਕਦਾ ਪਰ ਮੇਰਾ ਮਕਸਦ ਚੋਣ ਵਿੱਚ ਜਿੱਤ ਪ੍ਰਾਪਤ ਕਰਨ ਨਾਲੋਂ ਭਾਰਤੀ ਭਾਈਚਾਰੇ ਨੂੰ ਅਮਰੀਕੀ ਸਿਆਸਤ ਵਿੱਚ ਭਾਗ ਲੈਣ ਲਈ ਪ੍ਰੇਰਿਤ ਕਰਨਾ ਅਤੇ ਸਿੱਖੀ ਦੀ ਵੱਖਰੀ ਪਛਾਣ ਸਬੰਧੀ ਦੂਜੇ ਭਾਈਚਾਰਿਆਂ ਨੂੰ ਜਾਣੂੰ ਕਰਵਾਉਣਾ ਵੱਧ ਸੀ ਜਿਸ ਵਿੱਚ ਮੈਂ ਕੁਝ ਹੱਦ ਤੱਕ ਕਾਮਯਾਬ ਵੀ ਹੋਇਆ ਹਾਂ। ਮੈਂ ਸਮੁੱਚੇ ਅਮਰੀਕਾ ਵਿੱਚ ਪਹਿਲਾ ਸਾਬਤ ਸੂਰਤ ਸਿੱਖ ਹਾਂ ਜਿਸਨੇ ਕਿਸੇ ਵੀ ਸ਼ਹਿਰ ਤੋਂ ਮੇਅਰ ਦੀ ਚੋਣ ਲੜੀ ਹੋਵੇ। ਇਸ ਚੋਣ ਵਿੱਚ ਮੈਨੂੰ ਭਾਰਤੀ ਭਾਈਚਾਰੇ ਦੇ ਲੋਕਾਂ ਤੋਂ ਇਲਾਵਾ ਅਮੈਰਿਕਨ ਭਾਈਚਾਰੇ ਦੇ ਵੋਟਰਾਂ ਨੇ ਵੀ ਭਰਵਾਂ ਹੁੰਗਾਰਾਂ ਦਿੱਤਾ ਜਿਸ ਕਾਰਨ ਮੈਂ ਲਗਭਗ 20 ਫੀਸਦੀ ਵੋਟ ਹਾਸਲ ਕਰਨ ਵਿੱਚ ਕਾਮਯਾਬ ਹੋਇਆ ਹਾਂ।
ਜੇਕਰ ਅਮਰੀਕਾ ਰਹਿੰਦਾ ਭਾਰਤੀ ਭਾਈਚਾਰਾ ਅਮਰੀਕੀ ਸਿਆਸਤ ਵਿਚ ਵੱਧ ਚੜ੍ਹ ਕੇ ਭਾਗ ਲੈਂਦਾ ਹੈ ਤਾਂ ਆਉਣ ਵਾਲੇ ਸਮੇੇਂ ਵਿੱਚ ਅਮਰੀਕਾ ਦੇ ਭਾਰਤ ਨਾਲ ਰਿਸ਼ਤਿਆਂ ਵਿੱਚ ਹੋਰ ਵੀ ਨਜ਼ਦੀਕੀਆਂ ਵਧਣਗੀਆਂ ਅਤੇ ਭਾਰਤੀ ਭਾਈਚਾਰੇ ਨੂੰ ਉਥੇ ਕੁਝ ਆ ਰਹੀਆਂ ਮੁਸ਼ਕਿਲਾਂ ਵੀ ਹੱਲ ਹੋਣ ਦੀ ਆਸ ਹੋਵੇਗੀ। ਜਿਨ੍ਹਾਂ ਵਿੱਚ ਕੁਝ ਕੁ ਨੌਕਰੀਆਂ ਵਿੱਚ ਸਾਬਤ ਸੂਰਤ ਰੂਪ ਵਿੱਚ ਪੱਗ ਬੰਨ੍ਹ ਕੇ ਡਿਊਟੀ ਕਰਨ ਦੀ ਮਨਾਹੀ ਸ਼ਾਮਿਲ ਹੈ। ਪ੍ਰੈਸ ਕਾਨਫਰੰਸ ਕਰਨ ਦਾ ਮਕਸਦ ਇਹ ਹੈ ਕਿ ਇਥੋਂ ਦੇ ਲੋਕਾਂ ਨੂੰ ਸਾਡੇ ਬਾਰੇ ਜਾਣਕਾਰੀ ਮਿਲ ਸਕੇ ਕਿ ਅਸੀਂ ਸਿੱਖਾਂ ਦੀ ਵੱਖਰੀ ਪਛਾਣ ਅਤੇ ਅਮਰੀਕੀ ਸਿਆਸਤ ਵਿੱਚ ਭਾਰਤੀ ਭਾਈਚਾਰੇ ਦੀ ਹਿੱਸੇਦਾਰੀ ਵਧਾਉਣ ਲਈ ਕੀ ਕਾਰਜ ਕਰ ਰਹੇ ਹਾਂ? ਭਾਰਤੀ ਭਾਈਚਾਰੇ ਦੀਆਂ ਜੜ੍ਹਾਂ ਭਾਰਤ ਵਿੱਚ ਹੀ ਅਤੇ ਹਰ ਕੋਈ ਆਪਣੇ ਪਿੰਡ ਨਾਲ ਜੁੜਿਆ ਰਹਿਣਾ ਚਾਹੁੰਦਾ ਹੈ ਜਿਸ ਕਾਰਨ ਹਰ ਪ੍ਰਵਾਸੀ ਆਪਣੀ ਅਗਲੀ ਪੀੜ੍ਹੀ ਨੂੰ ਪੰਜਾਬ ਲੈ ਕੇ ਆਉਾਂਦਾ । ਜੇਕਰ ਇੱਧਰਲੀ ਪੀੜ੍ਹੀ ਨੂੰ ਸਾਡੇ ਬਾਰੇ ਜਾਣਕਾਰੀ ਹੋਵੇਗੀ ਤਾਂ ਦੋਵਾਂ ਪੀੜ੍ਹੀਆਂ ਵਿੱਚ ਵਿਚਾਰਾਂ ਦਾ ਅਦਾਨ ਪ੍ਰਦਾਨ ਬਹੁਤ ਹੀ ਅਨੰੰਦਮਈ ਤੇ ਸੁਖਾਲਾ ਹੋਵੇਗਾ। ਅਮਰੀਕਾ ਦੀ ਨਹੀਂ ਪੰਜਾਬ ਪੀੜ੍ਹੀ ਨੂੰ ਪੰਜਾਬੀ ਨਾਲ ਜੋੜਨ ਰੱਖਣ ਦੇ ਮਕਸਦ ਨਾਲ ਪਿਛਲੇ ਪੰਜ ਸਾਲ ਤੋਂ ਮੇਰੇ ਵਲੋਂ ‘ਇੰਡੋ ਅਮੈਰਿਕਨ ਟਾਈਮਜ਼’ ਨਾਮ ਹੇਠ ਪੰਜਾਬੀ ਹਫ਼ਤਾਵਾਰੀ ਅਖ਼ਬਾਰ ਵੀ ਪ੍ਰਕਾਸ਼ਿਤ ਕੀਤੀ ਜਾ ਰਹੀ ਹੈ ਜੋ ਕਿ ਦਸੰਬਰ ਤੋਂ ਈਸਟ ਕੋਸਟ ਅਤੇ ਮਿਡਵੈਸਟ ਵਿੱਚ ਵੀ ਡਿਸਟ੍ਰੀਬਿਊਟ ਕੀਤੀ ਜਾਵੇਗੀ। ਨਵੀਂ ਪੰਜਾਬੀ ਪੀੜ੍ਹੀ ਪੰਜੀਬੀ ਨਾਲ ਜੁੜਨਾ ਚਾਹੁੰਦੀ ਹੈ, ਜਦਕਿ ਸਿਰਫ਼ ਲੋੜ ਹੈ ਉਹਨਾਂ ਨੂੰ ਪੰਜਾਬੀ ਪੜ੍ਹਨ ਲਈ ਪ੍ਰੇਰਿਤ ਕਰਨ ਦੀ ਅਤੇ ਲੋੜੀਂਦਾ ਸਾਹਿਤ ਮੁਹੱਈਆ ਕਰਵਾਉਣ ਦੀ। ਮੇਰੀ ਸੋਚ ਇਹ ਹੈ ਕਿ ਅਮਰੀਕਾ ਦੇ ਭਾਰਤ ਨਾਲ ਸਬੰਧ ਹੋਰ ਵੀ ਸੁਖਾਵੇਂ ਹੋਣ ਜਿਸ ਲਈ ਸਾਨੂੰ ਭਾਰਤੀ ਭਾਈਚਾਰਾ ਨੂੰ ਅਮਰੀਕਾ ਦੀ ਸਿਆਸਤ ਵਿੱਚ ਸਰਗਰਮ ਹੋ ਕੇ ਉਚੇ ਸਿਆਸੀ ਅਹੁਦਿਆਂ ਤੇ ਪਹੁੰਚ ਕੇ ਭਾਰਤ ਦਾ ਮਾਣ ਉਚੱਾ ਕਰਨਾ ਚਾਹੀਦਾ ਹੈ।