Sunday, June 1, 2025
Breaking News

ਅੰਤਰਰਾਸ਼ਟਰੀ ਮਹਿਲਾ ਦਿਵਸ ‘ਤੇ ਵਿਦਿਆਰਥਣਾਂ ਨੇ ਅਧਿਕਾਰਾਂ ਪ੍ਰਤੀ ਜਾਗਰੂਕ ਹੋਣ ਦਾ ਲਿਆ ਸੰਕਲਪ

ਮਹਿਲਾਂ ਚੌਕ, 9 ਮਾਰਚ (ਜਗਸੀਰ ਲੌਂਗੋਵਾਲ) – ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਸੰਗਰੂਰ ਜ਼ੋਨ ਵਲੋਂ ਪੰਜਾਹ ਸਾਲਾ ਸਥਾਪਨਾ ਦਿਵਸ ਨੂੰ ਸਮਰਪਿਤ ਅੰਤਰਰਾਸ਼ਟਰੀ ਇਸਤਰੀ ਦਿਵਸ ਦੇ ਮੌਕੇ ਇਸਤਰੀ ਚੇਤਨਾ ਸੈਮੀਨਾਰ ਸ਼ਹੀਦ ਊਧਮ ਸਿੰਘ ਗਰੁੱਪ ਆਫ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਵਿਖੇ ਲਾਭ ਸਿੰਘ, ਗੁਰਮੇਲ ਸਿੰਘ ਦੀ ਦੇਖ-ਰੇਖ ਹੇਠ ਆਯੋਜਿਤ ਕੀਤਾ ਗਿਆ।ਜਿਸ ਵਿੱਚ ਮੁੱਖ ਮਹਿਮਾਨ ਵਜੋਂ ਪ੍ਰਿੰਸੀਪਲ ਇਕਦੀਸ਼ ਕੌਰ, ਸਰਕਾਰੀ ਸਮਾਰਟ ਸੀਨੀਅਰ ਸੈਕੰਡਰੀ ਸਕੂਲ ਮਹਿਲਾਂ ਚੌਕ ਨੇ ਸ਼ਮੂਲੀਅਤ ਕੀਤੀ ਅਤੇ ਕਾਲਜ ਪ੍ਰਿੰਸੀਪਲ ਡਾ. ਕੁਲਵੰਤ ਕੌਰ ਨੇ ਸੈਮੀਨਾਰ ਦੀ ਪ੍ਰਧਾਨਗੀ ਕੀਤੀ।ਸੈਮੀਨਾਰ ਦੀ ਆਰੰਭਤਾ ਵਿਦਿਆਰਥੀਆਂ ਦੇ ਸ਼ਬਦ ਗਾਇਨ ਨਾਲ ਕੀਤੀ ਗਈ ।
                 ਪ੍ਰੋ. ਕਰਮਜੀਤ ਕੌਰ ਦੇ ਸਟੇਜ ਸੰਚਾਲਨ ਅਧੀਨ ਸੁਰਿੰਦਰਪਾਲ ਸਿੰਘ ਸਿਦਕੀ ਮੈਂਬਰ ਸੁਪਰੀਮ ਕੌਂਸਲ ਨੇ ਸਟੱਡੀ ਸਰਕਲ ਦੇ ਪੰਜਾਹਵੇਂ ਸਥਾਪਨਾ ਵਰ੍ਹੇ ਨੂੰ ਸਮਰਪਿਤ ਸੈਮੀਨਾਰ ਦੇ ਮੰਤਵ ਬਾਰੇ ਦੱਸਿਆ ਅਤੇ ਮਹਿਮਾਨਾਂ ਲਈ ਸਵਾਗਤੀ ਸ਼ਬਦ ਕਹੇ।ਸਮਾਗਮ ਵਿੱਚ ਬੁਲਾਰਿਆਂ ਵਜੋਂ ਪ੍ਰੋ. ਨਰਿੰਦਰ ਸਿੰਘ ਸਰਪ੍ਰਸਤ ਮਾਲਵਾ ਲਿਖਾਰੀ ਸਭਾ ਸੰਗਰੂਰ ਨੇ ਅੰਤਰਰਾਸ਼ਟਰੀ ਇਸਤਰੀ ਦਿਵਸ ਦੇ ਇਤਿਹਾਸ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।ਪ੍ਰੋ. ਹਰਵਿੰਦਰ ਕੌਰ ਨੇ ਇਸਤਰੀ ਦੇ ਭੂਤ, ਭਵਿੱਖ ਅਤੇ ਵਰਤਮਾਨ ਸਬੰਧੀ ਗੱਲ ਕੀਤੀ।ਪ੍ਰਸਿੱਧ ਕਵਿਤਰੀ ਪ੍ਰੋਫੈਸਰ ਸੁਰਿੰਦਰਪਾਲ ਕੌਰ ਰਸੀਆ ਨੇ ਗੁਰਮਤਿ ਵਿੱਚ ਇਸਤਰੀ ਦਾ ਸਥਾਨ ਵਿਸ਼ੇ ‘ਤੇ ਬੋਲਦਿਆਂ ਸਿੱਖ ਇਤਿਹਾਸ ਦੀਆਂ ਮਹਾਨ ਇਸਤ੍ਰੀਆਂ ਵਲੋਂ ਮਿਲਦੀਆਂ ਪ੍ਰੇਰਨਾਵਾਂ ਦਾ ਜ਼ਿਕਰ ਕੀਤਾ ।
                      ਵਿਚਾਰ ਚਰਚਾ ਵਿਚ ਭਾਗ ਲੈਂਦਿਆਂ ਗਿਆਨ ਸਿੰਘ ਭਵਾਨੀਗੜ, ਪ੍ਰੋ. ਕਰਮਜੀਤ ਕੌਰ, ਅਮਨਦੀਪ ਕੌਰ ਸੰਗਰੂਰ, ਪਰਮਿੰਦਰ ਕੁਮਾਰ, ਲੌਂਗੋਵਾਲ, ਗੁਰਜਿੰਦਰ ਸਿੰਘ ਰਸੀਆ, ਗੁਰਜੰਟ ਸਿੰਘ ਰਾਹੀ ਅਤੇ ਰਾਜਿੰਦਰ ਰਾਣੀ ਸੁਨਾਮ ਨੇ ਨਾਰੀ ਸ਼ਕਤੀ ਦੀਆਂ ਉਭਰ ਰਹੀਆਂ ਸੰਭਾਵਨਾਵਾਂ ਨੂੰ ਉਜਾਗਰ ਕੀਤਾ।ਵਿਦਿਆਰਥਣ ਗੁਰਵਿੰਦਰ ਕੌਰ ਵਲੋਂ ਔਰਤਾਂ ਨੂੰ ਬਰਾਬਰੀ ਦਾ ਅਧਿਕਾਰ ਦੇਣ, ਬਾਜ਼ਾਰੀ ਵਸਤੂ ਅਤੇ ਇਸ਼ਤਿਹਾਰੀ ਵਸਤੂ ਨਾ ਬਨਾਉਣ ਅਤੇ ਜਿਣਸੀ ਹਿੰਸਾ ਆਦਿ ਵਿਰੁੱਧ ਸਖ਼ਤ ਕਾਨੂੰਨੀ ਕਦਮ ਉਠਾਉਣ ਸਬੰਧੀ ਮਤੇ ਪੇਸ਼ ਕੀਤੇ।ਜਿੰਨ੍ਹਾਂ ਦਾ ਵਿਦਿਆਰਥੀਆਂ ਵਲੋਂ ਸਮਰਥਨ ਕਰਦਿਆਂ ਅਧਿਕਾਰਾਂ ਪ੍ਰਤੀ ਜਾਗਰੂਕ ਹੋਣ ਦਾ ਸੰਕਲਪ ਲਿਆ ਗਿਆ।ਕਾਲਜ ਪ੍ਰਿੰਸੀਪਲ ਡਾ. ਕੁਲਵੰਤ ਕੌਰ ਨੇ ਪ੍ਰਧਾਨਗੀ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਸੰਜਮ ਅਤੇ ਸਲੀਕਾ ਸਮੇਂ ਦੀ ਲੋੜ ਹੈ।ਮੁੱਖ ਮਹਿਮਾਨ ਪ੍ਰਿੰਸੀਪਲ ਇਕਦੀਸ਼ ਕੌਰ ਨੇ ਸਟੱਡੀ ਸਰਕਲ ਵੱਲੋਂ ਕਰਵਾਏ ਸੈਮੀਨਾਰ ਦੀ ਸ਼ਲਾਘਾ ਕਰਦਿਆਂ ਔਰਤਾਂ ਲਈ “ਹੱਕਾਂ ਦੀ ਜਾਂਬਾਜ਼ ਬਣ ਜਾ” ਦਾ ਸੰਦੇਸ਼ ਦਿੱਤਾ।
                ਇਸ ਮੌਕੇ ਕਾਲਜ ਵਿਦਿਆਰਥਣ ਮਨਦੀਪ ਕੌਰ, ਗੀਤਾ ਰਾਣੀ ਸਰਕਾਰੀ ਸਕੂਲ ਮਹਿਲਾਂ ਅਤੇ ਪ੍ਰਭਜੋਤ ਕੌਰ ਗਿਆਨਦੀਪ ਪਬਲਿਕ ਸਕੂਲ ਮਹਿਲਾਂ ਨੂੰ ਖੇਡ ਖੇਤਰ, ਅਕਾਦਮਿਕ ਅਤੇ ਸਾਹਿਤਕ ਖੇਤਰ ਵਿੱਚ ਪ੍ਰਾਪਤੀਆਂ ਕਰਨ ਲਈ ਸਟੱਡੀ ਸਰਕਲ ਵਲੋਂ ਸਨਮਾਨਿਤ ਕੀਤਾ ਗਿਆ।ਕਾਲਜ ਵਿਦਿਆਰਥੀਆਂ ਅਤੇ ਲੈਕਚਰਾਰ ਰੁਪਿੰਦਰ ਸਿੰਘ ਵਲੋਂ ਕਵਿਤਾਵਾਂ ਅਤੇ ਗੀਤ ਪੇਸ਼ ਕੀਤੇ ਗਏ।ਡਿਪਟੀ ਚੀਫ ਆਰਗੇਨਾਈਜ਼ਰ ਲਾਭ ਸਿੰਘ ਨੇ ਸਟੱਡੀ ਸਰਕਲ ਦੇ ਕਾਰਜਾਂ ਬਾਰੇ ਦੱਸਦੇ ਹੋਏ ਧੰਨਵਾਦੀ ਸ਼ਬਦ ਕਹੇ।ਸਟੱਡੀ ਸਰਕਲ ਅਤੇ ਕਾਲਜ ਵਲੋਂ ਮੁੱਖ ਮਹਿਮਾਨ ਅਤੇ ਬੁਲਾਰਿਆਂ ਨੂੰ ਸਨਮਾਨਿਤ ਕੀਤਾ ਗਿਆ।ਸਮੁੱਚੇ ਤੌਰ ‘ਤੇ ਇਸਤਰੀ ਜਾਤੀ ਨੂੰ ਆਪਣੇ ਫਰਜ਼ਾਂ ਅਤੇ ਅਧਿਕਾਰਾਂ ਪ੍ਰਤੀ ਚੇਤੰਨ ਹੋਣ ਲਈ ਕੀਤਾ ਗਿਆ ਸੈਮੀਨਾਰ ਸਫ਼ਲ ਹੋ ਨਿਬੜਿਆ ।

Check Also

ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਦਾ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ

ਕੈਬਨਿਟ ਮੰਤਰੀਆਂ ਅਤੇ ਸੰਸਦ ਮੈਂਬਰਾਂ ਵਲੋਂ ਵਿਛੜੀ ਆਤਮਾ ਨੂੰ ਸ਼ਰਧਾਂਜਲੀ ਭੇਟ ਸੰਗਰੂਰ, 31 ਮਈ (ਜਗਸੀਰ …