ਗਾਇਕੀ ਤੋਂ ਬਾਅਦ ਫ਼ਿਲਮੀ ਖੇਤਰ ‘ਚ ਗੂੜ੍ਹੀਆਂ ਪੈੜ੍ਹਾਂ ਪਾਉਣ ਵਾਲੇ ਗੁਰਨਾਮ ਭੁੱਲਰ ਦੀ ਆ ਰਹੀ ਨਵੀਂ ਪੰਜਾਬੀ ਫ਼ਿਲਮ ‘ਲੇਖ’ ਸੱਚਮੁਚ ਹੀ ਪੰਜਾਬੀ ਸਿਨਮੇ ਦੇ ਲੇਖ ਸੰਵਾਰਣ ਦਾ ਕੰਮ ਕਰੇਗੀ।ਦਰਸ਼ਕਾਂ ਨੂੰ ਲੰਮੇ ਸਮੇਂ ਬਾਅਦ ਆਮ ਵਿਸ਼ਿਆਂ ਤੋਂ ਹਟ ਕੇ ਇੱਕ ਵੱਖਰੇ ਵਿਸ਼ੇ ਦੀ ਫ਼ਿਲਮ ਵੇਖਣ ਨੂੰ ਮਿਲੇਗੀ।
ਵਾਇਟਹਿਲ ਸਟੂਡੀਓ ਦੇ ਬੈਨਰ ਹੇਠ ਨਿਰਮਾਤਾ ਗੁਣਬੀਰ ਸਿੰਘ ਸਿੱਧੂ ਤੇ ਮਨਮੋਰੜ ਸਿੰਘ ਸਿੱਧੂ ਦੀ ਇਹ ਫ਼ਿਲਮ ਬਚਪਨ ਦੀ ਅਨਭੋਲ ਉਮਰ ਦੇ ਪਿਆਰ ਭਰੇ ਅਹਿਸਾਸਾਂ ਅਤੇ ਮੱਥੇ ‘ਤੇ ਲਿਖੇ ਲੇਖਾਂ ਦੀ ਕਹਾਣੀ ਬਿਆਨਦੀ ਇੱਕ ਦਿਲਚਸਪ ਕਹਾਣੀ ਹੈ।ਜਿਸ ਨੂੰ ਪੰਜਾਬੀ ਸਿਨਮੇ ਦੇ ਨਾਮਵਰ ਲੇਖਕ ਜਗਦੀਪ ਸਿੱਧੂ ਨੇ ਲਿਖਿਆ ਹੈ। ਡਾਇਰੈਕਟਰ ਮਨਵੀਰ ਬਰਾੜ ਦੀ ਡਾਇਰੈਕਟ ਕੀਤੀ ਇਸ ਫਿਲਮ ਦਾ ਟ੍ਰੇਲਰ ਅਤੇ ਸੰਗੀਤ ਦਰਸ਼ਕਾਂ ਦੀ ਪਸੰਦ ਬਣ ਚੁੱਕਾ ਹੈ।ਸੋਸ਼ਲ ਮੀਡੀਆ ‘ਤੇ ਛਾਏ ਫਿ਼ਲਮ ਦੇ ਟ੍ਰੇਲਰ ਤੋਂ ਜਾਪਦਾ ਹੈ ਕਿ ਇਹ ਫਿ਼ਲਮ ਪੰਜਾਬੀ ਸਿਨਮੇ ਵਿੱਚ ਇਕ ਮੀਲ ਪੱਥਰ ਸਾਬਤ ਹੋ ਸਕਦੀ ਹੈ।
ਨਾਇਕ ਗੁਰਨਾਮ ਭੁੱਲਰ ਨੇ ਫ਼ਿਲਮ ਦੀ ਕਹਾਣੀ ਦੀ ਮੰਗ ਮੁਤਾਬਿਕ ਆਪਣਾ 18-20 ਕਿਲੋਂ ਭਾਰ ਘਟਾ ਕੇ ਸਕੂਲ ਪੜ੍ਹਦੇ 16-17 ਸਾਲ ਦੇ ਮੁੰਡੇ ਦਾ ਕਿਰਦਾਰ ਨਿਭਾਇਆ ਹੈ।ਫ਼ਿਲਮ ਦੀ ਨਾਇਕਾ ਤਾਨੀਆ ਹੈ, ਜੋ ਇਸ ਤੋਂ ਪਹਿਲਾਂ ਫ਼ਿਲਮ ‘ਗੁੱਡੀਆਂ ਪਟੋਲੇ’ ਵਿੱਚ ਗੁਰਨਾਮ ਭੁੱਲਰ ਨਾਲ ਕੰਮ ਕਰ ਚੁੱਕੀ ਹੈ।ਦੋਵਾਂ ਦੇ ਇਸ ਫਿ਼ਲਮ ਲਈ ਬੇਹੱਦ ਮਿਹਨਤ ਕੀਤੀ ਹੈ।ਟੇਲਰ ਮੁਤਾਬਕ ਇਹ ਫਿ਼ਲਮ ਬਚਪਨ ਅਤੇ ਜਵਾਨੀ ਦੀ ਕਹਾਣੀ ਹੈ।ਜਿਸ ਲਈ ਇਸ ਨੂੰ ਦੋ ਵੱਖ ਵੱਖ ਪੜਾਵਾਂ ਵਿੱਚ ਫਿਲਮਾਇਆ ਗਿਆ ਹੈ।ਫਿਲਮ ਦੀ ਕਹਾਣੀ ਬਚਪਨ ਦੇ ਪਿਆਰਾਂ ਤੋਂ ਸ਼ੁਰੂ ਹੋ ਕੇ ਜ਼ਿੰਦਗੀ ਦੇ ਵੱਖ ਵੱਖ ਪੜ੍ਹਾਵਾਂ ਨਾਲ ਜੁੜ੍ਹੀ ਰੁਮਾਂਟਿਕ ਤੇ ਭਾਵਨਾਤਮਿਕ ਪਲਾਂ ਦੀ ਤਰਜ਼ਮਾਨੀ ਕਰਦੀ ਹੈ।ਗੁਰਨਾਮ ਭੁੱਲਰ ਨੇ ਆਪਣੇ ਕਿਰਦਾਰ ਵਿੱਚ ਫਿੱਟ ਹੋਣ ਲਈ ਬਹੁਤ ਮੇਹਨਤ ਕੀਤੀ ਹੈ।ਇਸ ਦੀ ਸ਼ੂਟਿੰਗ ਦੋ ਪੜਾਵਾਂ ਵਿੱਚ ਕੀਤੀ ਗਈ ਹੈ।
ਗੁਰਨਾਮ ਭੁੱਲਰ ਨੇ ਰਾਜਵੀਰ ਦਾ ਕਿਰਦਾਰ ਨਿਭਾਇਆ ਹੈ ਤੇ ਤਾਨੀਆ ਨੇ ਰੌਣਕ ਦਾ।ਸਕੂਲ ਪੜ੍ਹਦੇ ਸਮੇਂ ਦੋਵਾਂ ਦੇ ਦਿਲਾਂ ਵਿੱਚ ਇੱਕ ਦੂਜੇ ਪ੍ਰਤੀ ਮੋਹ ਦੀ ਖਿੱਚ ਹੁੰਦੀ ਹੈ।ਹੁਸੀਨ ਸੁਪਨਿਆਂ ਦਾ ਸੰਸਾਰ ਹੁੰਦਾ ਹੈ, ਪਰ ਕੀ ਇਨ੍ਹਾਂ ਸੁਪਨਿਆਂ ਦਾ ਸ਼ਹਿਜ਼ਾਦਾ ਆਪਣੀ ਮੰਜ਼ਲ ‘ਤੇ ਪਹੁੰਚਦਾ ਹੈ? ਜ਼ਿਕਰਯੋਗ ਹੈ ਕਿ ਇਸ ਫਿਲਮ ਦੀ ਕਹਾਣੀ, ਸਕਰੀਨ ਪਲੇਅ ਅਤੇ ਡਾਇਲਾਗ ਜਗਦੀਪ ਸਿੱਧੂ ਨੇ ਲਿਖੇ ਹਨ।ਫ਼ਿਲਮ ਦੇ ਗੀਤ ਜਾਨੀ ਨੇ ਲਿਖੇ ਹਨ ਤੇ ਸੰਗੀਤ ਬੀ ਪਰਾਕ ਨੇ ਦਿੱਤਾ ਹੈ।ਗੁਰਨਾਮ ਭੁੱਲਰ, ਤਾਨੀਆ, ਕਾਕਾ ਕੌਤਕੀ, ਨਿਰਮਲ ਰਿਸ਼ੀ, ਹਰਮਨ ਧਾਲੀਵਾਲ ਤੇ ਹਰਮਨ ਬਰਾੜ ਨੇ ਫ਼ਿਲਮ ਚ ਅਹਿਮ ਕਿਰਦਾਰ ਨਿਭਾਏ ਹਨ।
ਪੰਜਾਬ ਅਤੇ ਰਾਜਸਥਾਨ ਦੀਆਂ ਵੱਖ ਵੱਖ ਖੂਬਸੂਰਤ ਲੋਕੇਸ਼ਨਾਂ ‘ਤੇ ਫਿਲਮਾਈ ਗਈ।ਇਹ ਫਿਲਮ ਦਰਸ਼ਕਾਂ ਨੂੰ ਪਰਦੇ ‘ਤੇ ਇਕ ਖੂਬਸੂਰਤ ਜ਼ਿੰਦਗੀ ਦਾ ਅਹਿਸਾਸ ਕਰਵਾਵੇਗੀ।ਇਸ ਫਿਲਮ ਵਿੱਚ ਪੰਜਾਬੀ ਸਿਨਮੇ ਦਾ ਇਕ ਨਾਮੀ ਸਟਾਰ ਵੀ ਮਹਿਮਾਨ ਭੂਮਿਕਾ ‘ਚ ਨਜ਼ਰ ਆਵੇਗਾ।ਆਸ ਹੈ ਕਿ ਪਹਿਲੀ ਅਪ੍ਰੈਲ ਨੂੰ ਰਲੀਜ਼ ਹੋ ਰਹੀ ਇਹ ਫ਼ਿਲਮ ‘ਲੇਖ’ ਪੰਜਾਬੀ ਸਿਨਮੇ ਦੇ ਨਵੇਂ ਲੇਖ ਲਿਖਣ ਵਿੱਚ ਸਫ਼ਲ ਹੋਵੇਗੀ।1903202201
ਹਰਜਿੰਦਰ ਸਿੰਘ ਜਵੰਦਾ
ਮੋ – 9463828000