
ਨਵੀਂ ਦਿੱਲੀ, 24 ਨਵੰਬਰ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਨਗਰ ਕੀਰਤਨਾਂ ਦੌਰਾਨ ਸਫਾਈ ਰੱਖਣ ਦੇ ਟੀਚੇ ਨਾਲ ਕੂੜਾ ਇਕੱਠਾ ਕਰਕੇ ਡੰਪਰਾਂ ਰਾਹੀਂ ਡੰਪਿੰਗ ਸਾਈਟ ‘ਤੇ ਸੁੱਟਣ ਦੀ ਪਿਛਲੇ ਦਿਨੀਂ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ ਨਗਰ ਕੀਰਤਨ ਦੌਰਾਨ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਅੱਜ ਹਜ਼ਾਰਾਂ ਵਲੰਟੀਅਰਾਂ ਨੇ ਹੱਥੀਂ ਨਗਰ ਕੀਰਤਨ ਰੂਟ ‘ਤੇ ਸਫਾਈ ਨੂੰ ਅੰਜ਼ਾਮ ਦਿੱਤਾ। ਇਸ ਸਫਾਈ ਮੁਹਿੰਮ ਨੂੰ ਸਥਾਨਿਕ ਬਜ਼ਾਰ ਮੰਡਲਾਂ ਵੱਲੋਂ ਸਲਾਹਉਣ ਦਾ ਦਾਅਵਾ ਕਰਦੇ ਹੋਏ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਦੱਸਿਆ ਕਿ ਆਮ ਤੌਰ ‘ਤੇ ਪਾਲਕੀ ਸਾਹਿਬ ਦੇ ਅੱਗੇ ਹੀ ਝਾੜੂ ਜੱਥੇ ਕਮੇਟੀ ਵੱਲੋਂ ਸੇਵਾ ‘ਤੇ ਲਾਏ ਜਾਂਦੇ ਸਨ, ਪਰ ਮੀਲਾਂ ਲੰਬੇ ਰੂਟ ਤੋਂ ਪਾਲਕੀ ਸਾਹਿਬ ਨਿਕਲਣ ਤੋਂ ਬਾਅਦ ਸੜਕ ‘ਤੇ ਚਾਰੋਂ ਪਾਸੇ ਡੂਨੇ, ਪੱਤਲ, ਖਾਣ ਪੀਣ ਦੀਆਂ ਵਸਤੂਆਂ ਦੇ ਖਾਲੀ ਲਿਫਾਫੇ ਅਤੇ ਫਰੂਟ ਆਦਿ ਦੇ ਛਿਲਕੇ ਰੋਡਾਂ ‘ਤੇ ਨਗਰ ਕੀਰਤਨ ਦੇ ਨਿਕਲਣ ਉਪਰੰਤ ਸਿੱਖਾਂ ਦੀ ਨਾਪੱਖੀ ਛਵੀ ਨੂੰ ਪਿੱਛੇ ਆਉਣ ਵਾਲੇ ਰਾਹੀਆਂ ਨੂੰ ਪੇਸ਼ ਕਰ ਰਹੇ ਹੁੰਦੇ ਸਨ। ਇਸ ਮਾੜੀ ਦਿੱਖ ਨੂੰ ਠੱਲ ਪਾਉਣ ਦੇ ਟੀਚੇ ਨਾਲ ਸਫਾਈ ਮੁਹਿੰਮ ਆਰੰਭ ਕਰਨ ਦੀ ਗੱਲ ਕਰਦੇ ਹੋਏ ਜੀ.ਕੇ. ਨੇ ਕਿਹਾ ਕਿ ਗੁਰੂ ਸਾਹਿਬ ਨੇ ਸਾਨੂੰ ਜਿਥੇ ਮਨ ਅਤੇ ਤਨ ਦੀ ਸਫਾਈ ਰੱਖਣ ਦਾ ਤਾਕੀਦ ਕੀਤੀ ਹੈ, ਉਥੇ ਨਾਲ ਹੀ ਆਪਣੇ ਆਲੇ-ਦੁਆਲੇ ਨੂੰ ਵੀ ਸਾਫ ਅਤੇ ਸੁੰਦਰ ਰੱਖਣ ਦਾ ਸੁਨੇਹਾ ਵੀ ਦਿੱਤਾ ਹੈ। ਅੱਜ ਨਗਰ ਕੀਰਤਨ ਦੌਰਾਨ ਲਾਜਪਤ ਰਾਏ ਮਾਰਕਿਟ, ਚਾਂਦਨੀ ਚੌਂਕ, ਖਾਰੀ ਬਾਵਲੀ, ਹੋਜ ਕਾਜੀ, ਨਵੀਂ ਸੜਕ, ਫਤਿਹਪੁਰੀ, ਚਾਵੜੀ ਬਾਜ਼ਾਰ, ਅਜਮੇਰੀ ਗੇਟ, ਪਹਾੜ ਗੰਜ ਮਾਰਕਿਟਾਂ ਦੇ ਵਪਾਰ ਮੰਡਲਾਂ ਵੱਲੋਂ ਦਿੱਲੀ ਕਮੇਟੀ ਦੇ ਇਨ੍ਹਾਂ ਯਤਨਾਂ ਦੀ ਆਪਣੇ-ਆਪਣੇ ਸਟਾਲਾਂ ‘ਤੇ ਖੁੱਲਕੇ ਤਾਰੀਫ ਕੀਤੀ ਗਈ। ਕਮੇਟੀ ਵੱਲੋਂ ਹਜ਼ਾਰਾਂ ਵਲੰਟੀਅਰਾਂ ਦੇ ਸਹਿਯੋਗ ਨਾਲ ਲੱਗਭੱਗ 30 ਟਨ ਕਚਰਾ ਨਿਪਟਾਉਣ ਦਾ ਵੀ ਦਾਅਵਾ ਕੀਤਾ ਗਿਆ।
Punjab Post Daily Online Newspaper & Print Media