ਆਪਣੀ ਨਿੱਜਤਾਂ ਤੋਂ ਉਪਰ ਉੱਠ ਕੇ ਮਾਨਵਤਾ ਦੀ ਭਲਾਈ ਲਈ ਕਾਰਜ ਕਰਦੇ ਰਹਿਣਾ ਚਾਹੀਦਾ ਹੈ – ਪ੍ਰੋ. ਗੌਤਮ
ਅੰਮ੍ਰਿਤਸਰ, 24 ਨਵੰਬਰ (ਰੋਮਿਤ ਸ਼ਰਮਾ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ 45ਵਾਂ ਸਥਾਪਨਾ ਦਿਵਸ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਸਵੇਰ ਵੇਲੇ ਸ੍ਰੀ ਅਖੰਡ ਪਾਠ ਦੇ ਭੋਗ ਉਪਰੰਤ ਕੀਰਤਨ ਅਤੇ ਅਰਦਾਸ ਨਾਲ ਪੂਰੇ ਦਿਨ ਦੇ ਪ੍ਰੋਗਰਾਮ ਆਰੰਭ ਹੋਏ ਤੇ ਸ਼ਾਮ ਵੇਲੇ ਕੀਰਤਨ ਦਰਬਾਰ ਨਾਲ ਜਸ਼ਨਾਂ ਦੀ ਸਮਾਪਤੀ ਹੋਈ। ਵਿਦਵਾਨਾਂ ਨੇ ਆਪਣੇ ਭਾਸ਼ਣਾਂ ਵਿਚ ਗੁਰੂ ਨਾਨਕ ਦੇਵ ਜੀ ਦੀਆਂ ਸਿਖਿਆਵਾਂ, ਫਲਸਫੇ ਤੇ ਉਨ੍ਹਾਂ ਦੀ ਵਰਤਮਾਨ ਸਮੇਂ ਵਿਚ ਸਿਖਿਆ ਦੇ ਵਿਕਾਸ ਵਿਚ ਸਾਰਥਿਕਤਾ ਬਾਰੇ ਵਿਚਾਰ ਪ੍ਰਗਟਾਏ। ਜਸ਼ਨਾਂ ਦੇ ਹਿੱਸੇ ਵਜੋਂ ਯੂਨੀਵਰਸਿਟੀ ਦੀ ਭਾਈ ਗੁਰਦਾਸ ਲਾਇਬ੍ਰੇਰੀ ਵਿਚ ਪੰਜਾਬ ਥਰੂ ਏਜ਼ਸ, ਸਿੱਖ ਧਰਮ, ਸਿੱਖ ਫਲਸਫੇ ਅਤੇ ਸਿੱਖ ਇਤਿਹਾਸ ਸਬੰਧੀ ਪੁਸਤਕਾਂ, ਖਰੜਿਆਂ ਅਤੇ ਦੁਰਲੱਭ ਪੁਸਤਕਾਂ ਸਬੰਧੀ ਪ੍ਰਦਰਸ਼ਨੀ ਤੋਂ ਇਲਾਵਾ ਯੂਨੀਵਰਸਿਟੀ ਦੀਆਂ ਅਕਾਦਮਿਕ, ਖੇਡਾਂ, ਸਭਿਆਚਾਰਕ ਅਤੇ ਹੋਰ ਪ੍ਰਾਪਤੀਆਂ ਨੂੰ ਦਰਸਾਉਂਦੀ ਤਸਵੀਰਾਂ ਦੀ ਪ੍ਰਦਰਸ਼ਨੀ ਵੀ ਲਾਈ ਗਈ। ਇਸ ਮੌਕੇ ਯੂਨੀਵਰਸਿਟੀ ਨਾਲ ਸਬੰਧਤ ਕਾਲਜਾਂ ਦੇ ਅੰਤਰ-ਕਾਲਜ ਚਿੱਤਰਕਾਰੀ ਅਤੇ ਲੋਕ ਕਲਾ ਪ੍ਰਦਰਸ਼ਨੀ ਮੁਕਾਬਲੇ ਵੀ ਕਰਵਾਏ ਗਏ।
ਇਸ ਮੌਕੇ ਪ੍ਰੋਫੈਸਰ ਐਸ.ਪੀ. ਗੌਤਮ, ਸਾਬਕਾ ਉਪ-ਕੁਲਪਤੀ, ਐਮ.ਜੇ.ਪੀ. ਰੋਹੇਲਖੰਡ ਯੂਨੀਵਰਸਿਟੀ, ਬਰੇਲੀ ਤੇ ਪ੍ਰੋਫੈਸਰ, ਸੈਂਟਰ ਫਾਰ ਫਿਲਾਸਫੀ, ਸਕੂਲ ਆਫ ਸੋਸ਼ਲ ਸਾਇੰਸਜ਼, ਜਵਾਹਰਲਾਲ ਨਹਿਰੂ ਯੂਨੀਵਰਸਿਟੀ, ਨਵੀਂ ਦਿੱਲੀ ਅਤੇ ਸ੍ਰੀ ਐਸ.ਬੀ. ਸਿੰਘ, ਆਈ.ਜੀ. (ਹੈਡਕੁਆਟਰਜ਼) ਸੈਂਟਰਲ ਇੰਡਸਟ੍ਰੀਅਲ ਸਕਿਓਰਟੀ ਫੋਰਸ ਨੇ ਆਪਣੇ ਅਕਾਦਮਿਕ ਭਾਸ਼ਣ ਦਿੱਤੇ। ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਪ੍ਰੋਫੈਸਰ ਅਜਾਇਬ ਸਿੰਘ ਬਰਾੜ ਨੇ ਵੱਖ-ਵੱਖ ਸਮਾਗਮਾਂ ਦੀ ਪ੍ਰਧਾਨਗੀ ਕੀਤੀ।ਰਜਿਸਟਰਾਰ ਡਾ. ਸ਼ਰਨਜੀਤ ਸਿੰਘ ਢਿੱਲੋਂ ਨੇ ਸਟੇਜ-ਸੰਚਾਲਨ ਕੀਤਾ ਜਦੋਂਕਿ ਡੀਨ, ਵਿਦਿਅਕ ਮਾਮਲੇ, ਪ੍ਰੋ. ਪਰਮਜੀਤ ਸਿੰਘ ਨੇ ਮਹਿਮਾਨਾਂ ਅਤੇ ਪਤਵੰਤਿਆਂ ਦਾ ਧੰਨਵਾਦ ਕੀਤਾ।
ਆਪਣੇ ਵਿਦਿਅਕ ਭਾਸ਼ਣ ਦੌਰਾਨ ਪ੍ਰੋ. ਐਸ.ਪੀ. ਗੌਤਮ ਨੇ ਕਿਹਾ ਕਿ ਅਜੋਕੇ ਯੁਗ ਵਿਚ ਗੁਰੂ ਨਾਨਕ ਦੇਵ ਜੀ ਦੀ ਬਾਣੀ ਅਨੁਸਾਰ ਸਿਖਿਆ ਪ੍ਰਣਾਲੀ ਵਿਚ ਲੋੜੀਂਦੀ ਤਬਦੀਲੀ ਲਿਆਉਣ ਦੀ ਲੋੜ ਹੈ ਤਾਂ ਕਿ ਵਿਦਿਆਰਥੀਆਂ ਨੂੰ ਗੁਣਾਤਮਕ ਅਤੇ ਗਿਆਨ ਭਰਪੂਰ ਸਿਖਿਆ ਦੇ ਨਾਲ-ਨਾਲ ਅਧਿਆਤਮਿਕਤਾ ਨਾਲ ਜੋੜਿਆ ਜਾ ਸਕੇ।ਉਨ੍ਹਾਂ ਕਿਹਾ ਕਿ ਸਾਡੀ ਵਿਦਿਆ ਸਿਧਾਂਤਿਕ ਗਿਆਨ ਮੁਹਈਆ ਕਰਦੀ ਹੈ ਅਤੇ ਵਿਵਹਾਰਕ ਗਿਆਨ ਪੱਖੋਂ ਸਾਡੇ ਵਿਦਿਆਰਥੀ ਕਮਜ਼ੋਰ ਰਹਿ ਜਾਂਦੇ ਹਨ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਵਿਵਹਾਰਕ ਗਿਆਨ ਦਿੱਤਾ ਜਾਣਾ ਚਾਹੀਦਾ ਹੈ ਕਿਉਂਕਿ ਕਿਰਤ ਕਰੋ, ਵੰਡ ਛਕੋ ਅਤੇ ਨਾਮ ਜਪੋ ਦਾ ਸੰਦੇਸ਼ ਦਿੱਤਾ।
ਉਨ੍ਹਾਂ ਕਿਹਾ ਕਿ ਸਮੱਸਿਆਵਾਂ ਦਾ ਹੱਲ ਉਨ੍ਹਾਂ ਤੋਂ ਭੱਜ ਕੇ ਨਹੀਂ ਲੱਭਿਆ ਜਾ ਸਕਦਾ ਸਗੋਂ ਗੁਰੂ ਜੀ ਦੇ ਸੰਦੇਸ਼ ਅਨੁਸਾਰ ਸਮਾਜ ਵਿਚ ਵਿਚਰ ਕੇ ਅਤੇ ਮਿਲਜੁਲ ਕੇ ਲੱੱਭਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਨੁੂੰ ਆਪਣੇ ਗਿਆਨ ਨੂੰ ਵੱਧ ਤੋਂ ਵੱਧ ਲੋਕਾਂ ਨਾਲ ਸਾਂਝਾ ਕਰਨਾ ਚਾਹੀਦਾ ਹੈ ਅਤੇ ਦੂਜਿਆਂ ਦੇ ਕੀਤੇ ਕਾਰਜ ਦੀ ਸ਼ਲਾਘਾ ਕਰਦੇ ਹੋਏ ਹਰ ਇਕ ਦੇ ਹੱਕ ਲਈ ਸੁਚੇਤ ਹੋਣ ਦੀ ਲੋੜ ਹੈ।
ਉਨ੍ਹਾਂ ਕਿਹਾ ਕਿ ਸਾਨੂੰ ਆਪਣੀ ਨਿੱਜਤਾ ਤੋਂ ਉਪਰ ਉੱਠ ਕੇ ਮਾਨਵਤਾ ਦੀ ਭਲਾਈ ਲਈ ਕਾਰਜ ਕਰਦੇ ਰਹਿਣਾ ਚਾਹੀਦਾ ਹੈ ਤਾਂ ਹੀ ਆਪਸੀ ਝਗੜਿਆਂ ਤੋਂ ਨਿਜ਼ਾਤ ਪਾਈ ਜਾ ਸਕਦੀ ਹੈ। ਗੁਰੂ ਜੀ ਦੇ ਦਿੱਤੇ ਹੋਏ ਬਰਾਬਰੀ ਦੇ ਸੰਵਾਦ ਦੀ ਵਡਮੁੱਲੀ ਦੇਣ ਨੂੰ ਹਰ ਇਕ ਨੂੰ ਆਪਣੀ ਜ਼ਿੰਦਗੀ ਵਿਚ ਅਪਨਾਉਣਾ ਚਾਹੀਦਾ ਹੈ।
ਸ੍ਰੀ ਐਸ.ਬੀ. ਸਿੰਘ ਨੇ ਆਪਣੇ ਭਾਸ਼ਣ ਵਿਚ ਗੁਰੂ ਨਾਨਕ ਦੇਵ ਜੀ ਦੀਆਂ ਸਿਖਿਆਵਾਂ ਬਾਰੇ ਦੱਸਦਿਆਂ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਗੁਰੂ ਜੀ ਦੇ ਜੀਵਨ ਤੋਂ ਨਵੀਂ ਸੇਧ ਲੈਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਸਰਬੱਤ ਦਾ ਭਲਾ ਮੰਗਣ ਦਾ ਉਪਦੇਸ਼ ਦੇਣ ਵਾਲੇ ਗੁਰੂ ਨਾਨਕ ਦੇਵ ਜੀ ਨੇ ਜਾਤ-ਪਾਤ ਤੋਂ ਉਪਰ ਉੱਠ ਕੇ ਇਕ ਅਕਾਲ ਪੁਰਖ ਵਿਚ ਵਿਸ਼ਵਾਸ ਰੱਖਣ ਲਈ ਕਿਹਾ।
ਉਨ੍ਹਾ ਕਿਹਾ ਕਿ ਗੁਰੂ ਜੀ ਦਾ ਸੰਦੇਸ਼ ਕੁਲ ਲੋਕਾਈ ਵਾਸਤੇ ਸੀ। ਉਨ੍ਹਾਂ ਨੇ ਸਮਾਜਿਕ ਬੁਰਾਈਆਂ ਦਾ ਵੀ ਵਿਰੋਧ ਕੀਤਾ ਅਤੇ ਲੋਕਾਂ ਨੂੰ ਦੂਜੇ ਧਰਮਾਂ ਦੀਆਂ ਚੰਗਿਆਈਆਂ ਅਤੇ ਪਰੰਪਰਾਵਾਂ ਅਪਨਾਉਣ ਲਈ ਵੀ ਕਿਹਾ। ਉਨ੍ਹਾਂ ਕਿਹਾ ਕਿ ਗੁਰੂ ਜੀ ਦੀਆਂ ਸਿਖਿਆਵਾਂ ਦਾ ਮੁੱਖ ਉਦੇਸ਼ ਸੱਚਾਈ ਤੇ ਦਯਾ ਸੀ। ਉਨ੍ਹਾਂ ਕਿਹਾ ਕਿ ਪਹਿਲਾਂ ਸੱਚ ਨੂੰ ਜਾਨਣਾ ਜ਼ਰੂਰੀ ਹੈ ਅਤੇ ਇਸ ਤੋਂ ਜ਼ਿਆਦਾ ਜ਼ਰੂਰੀ ਸੱਚਾਈ ਦੇ ਨਾਲ ਜੀਣਾ ਹੈ।
ਇਸ ਤੋਂ ਪਹਿਲਾਂ ਵਾਈਸ-ਚਾਂਸਲਰ ਪ੍ਰੋ. ਬਰਾੜ ਨੇ ਆਪਣੇ ਸਵਾਗਤੀ ਭਾਸ਼ਣ ਵਿਚ ਯੂਨੀਵਰਸਿਟੀ ਦੀਆਂ ਅਕਾਦਮਿਕ, ਖੋਜ, ਖੇਡਾਂ ਅਤੇ ਸਭਿਆਚਾਰਕ ਖੇਤਰਾਂ ਵਿਚ ਹੋਈਆਂ ਪ੍ਰਾਪਤੀਆਂ ‘ਤੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਦਾ ਸੈਂਟਰ ਆਨ ਸਟੱਡੀਜ਼ ਇਨ ਸ੍ਰੀ ਗੁਰੂ ਗ੍ਰੰਥ ਸਾਹਿਬ ਅਗਲੇ ਵਰ੍ਹੇ ਵਿਚ ਮੁਕੰਮਲ ਹੋ ਕੇ ਕਾਰਜਸ਼ੀਲ ਹੋ ਜਾਵੇਗਾ।
ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਦੀ ਨੌਕਰੀਆਂ ਲਈ ਪਲੇਸਮੈਂਟ ਵਧੀ ਹੈ ਅਤੇ ਆਸ ਪ੍ਰਗਟਾਈ ਜਾਂਦੀ ਹੈ ਕਿ ਯੂਨੀਵਰਸਿਟੀ ਦੇ ਵੱਧ ਤੋਂ ਵੱਧ ਯੋਗ ਵਿਦਿਆਰਥੀਆਂ ਨੂੰ ਰਸਮੀ ਪੜ੍ਹਾਈ ਮੁਕੰੰਮਲ ਹੋਣ ਤੋਂ ਪਹਿਲਾਂ ਹੀ ਨੌਕਰੀਆਂ ਮਿਲ ਜਾਣਗੀਆਂ।
ਇਸ ਮੌਕੇ ‘ਤੇ ਪੰਜਾਬ ਥਰੂ ਏਜ਼ਸ ਵਿਸ਼ੇ ‘ਤੇ ਦੁਰਲੱਭ ਪੁਸਤਕਾਂ ਖਰੜਿਆਂ ਦੀ ਪ੍ਰਦਰਸ਼ਨੀ, ਪੇਂਟਿੰਗ ਮੁਕਾਬਲੇ, ਲੋਕ ਕਲਾ ਪ੍ਰਦਰਸ਼ਨੀ ਲਾਈ ਗਈ । ਲੋਕ ਕਲਾ ਪ੍ਰਦਰਸ਼ਨੀ ਮੁਕਾਬਲੇ ਵਿਚ ਬੀ.ਬੀ.ਕੇ.ਡੀ.ਏ.ਵੀ. ਕਾਲਜ ਫਾਰ ਵੁਮੈਨ, ਅੰਮ੍ਰਿਤਸਰ ਨੇ ਪਹਿਲਾ, ਸ੍ਰੀ ਗੁਰੂ ਅੰਗਦ ਦੇਵ ਕਾਲਜ ਖਡੂਰ ਸਾਹਿਬ ਤੇ ਐਸ.ਐਸ.ਐਮ. ਕਾਲਜ, ਦੀਨਾਨਗਰ ਸਾਂਝੇ ਤੌਰ ‘ਤੇ ਦੂਜਾ ਅਤੇ ਮਾਤਾ ਗੁਜਰੀ ਮੈਮੋਰੀਅਲ ਕਾਲਜ ਬਲਵੰਡਾ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ, ਮਿਠੜਾ ਨੇ ਸਾਂਝੇ ਤੌਰ ‘ਤੇ ਤੀਜਾ ਸਥਾਨ ਹਾਸਲ ਕੀਤਾ। ਇਸ ਤੋਂ ਇਲਾਵਾ ਯੂਨੀਵਰਸਿਟੀ ਕਾਲਜ, ਨਰੋਟ ਜੈਮਲ ਸਿੰਘ ਅਤੇ ਮਾਤਾ ਗੁਜਰੀ ਕਾਲਜ ਆਫ ਐਜੂਕੇਸ਼ਨ ਬਲਵੰਡਾ ਨੂੰ ਹੌਸਲਾ ਅਫਜ਼ਾਈ ਪੁਰਸਕਾਰ ਦਿੱਤਾ ਗਿਆ।
ਪੇਂਟਿੰਗ ਮੁਕਾਬਲੇ ਵਿਚ ਖਾਲਸਾ ਕਾਲਜ ਆਫ ਐਜੂਕੇਸ਼ਨ, ਰਣਜੀਤ ਐਵੀਨਊ ਦੇ ਵਿਦਿਆਰਥੀ ਵਿਨੈ ਨੂੰ ਪਹਿਲਾ, ਖਾਲਸਾ ਕਾਲਜ ਦੇ ਮਲਕੀਤ ਸਿੰਘ ਨੇ ਦੂਜਾ ਅਤੇ ਐਚ.ਐਮ.ਵੀ. ਕਾਲਜ, ਜਲੰਧਰ ਦੀ ਪ੍ਰੀਯਾ ਨੇ ਤੀਜਾ ਸਥਾਨ ਹਾਸਲ ਕੀਤਾ।
ਸ਼ਾਮ ਵੇਲੇ ਮਹਾਰਾਜਾ ਰਣਜੀਤ ਸਿੰਘ ਹਾਕੀ ਅਕੈਡਮੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹਾਕੀ ਅਕੈਡਮੀ ਦੀਆਂ ਟੀਮਾਂ ਦੇ ਪ੍ਰਦਰਸ਼ਨੀ ਹਾਕੀ ਮੈਚ ਤੋਂ ਇਲਾਵਾ ਗੁਰਦੁਆਰਾ ਸਾਹਿਬ ਵਿਖੇ ਸ਼ਬਦ ਕੀਰਤਨ ਦਰਬਾਰ ਕਰਵਾਇਆ ਗਿਆ। ਯੂਨੀਵਰਸਿਟੀ ਕੈਂਪਸ ਵਿਚ ਇਮਾਰਤਾਂ ‘ਤੇ ਦੀਪਮਾਲਾ ਕੀਤੀ ਗਈ। ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਿਆ।