Friday, May 29, 2026

ਕਾਂਗਰਸ ਨੇ ਆਜ਼ਾਦੀ ਦਾ ਸਾਰਾ ਸਿਹਰਾ ਆਪਣੇ ਸਿਰ ਲੈਣ ਦੀ ਕੀਤੀ ਕੋਸ਼ਿਸ਼ – ਧਨਖੜ

‘ਸ਼ਹੀਦ ਨਮਨ ਯਾਤਰਾ’ ਤਹਿਤ ਹੁਸੈਨੀਵਾਲਾ, ਬਾਘਾ ਬਾਰਡਰ ਤੇ ਜਲਿਆਂਵਾਲਾ ਬਾਗ ਪਹੁੰਚੀ ਭਾਜਪਾ ਟੀਮ

ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ) – ਭਾਰਤੀ ਜਨਤਾ ਪਾਰਟੀ ਹਰਿਆਣਾ ਦੇ ਸੂਬਾ ਪ੍ਰਧਾਨ ਓਮ ਪ੍ਰਕਾਸ਼ ਧਨਖੜ ਦੀ ਅਗਵਾਈ ‘ਚ ਹਰਿਆਣਾ ਦੇ ਅੰਬਾਲਾ ਤੋਂ ਸ਼ੁਰੂ ਹੋਈ ‘ਸ਼ਹੀਦ ਨਮਨ ਯਾਤਰਾ’ ਹੁਸੈਨੀਵਾਲਾ, ਬਾਘਾ ਬਾਰਡਰ ਤੋਂ ਹੁੰਦੀ ਹੋਈ ਐਤਵਾਰ ਨੂੰ ਜਲਿਆਂਵਾਲਾ ਬਾਗ ਪਹੁੰਚੀ। ਜਿਥੇ ਭਾਰਤ ਮਾਤਾ ਦੀ ਜੈ ਅਤੇ ਸ਼ਹੀਦਾਂ ਦੇ ਸਨਮਾਨ ਵਿਚ ਜੈ ਹਿੰਦ, ਵੰਦੇ ਮਾਤਰਮ ਆਦਿ ਨਾਅਰਿਆਂ ਦੇ ਨਾਲ ਸਾਰਿਆਂ ਨੇ ਜਲਿਆਂਵਾਲਾ ਬਾਗ ਦੀ ਉਸ ਬਲਿਦਾਨੀ ਮਿੱਟੀ ਨੂੰ ਮੱਥੇ ‘ਤੇ ਲਗਾਇਆ, ਜਿੱਥੇ ਅੰਗਰੇਜਾਂ ਦੀ ਗੋਲੀਬਾਰੀ ਵਿੱਚ ਸੈਕੜੇ ਭਾਰਤੀ ਸ਼ਹੀਦ ਹੋ ਗਏ ਸਨ।
                 ਭਾਜਪਾ ਸੂਬਾ ਪ੍ਰਧਾਨ ਧਨਖੜ ਨੇ ਇੱਥੇ ਆਜ਼ਾਦੀ ਦੇ ਲਈ ਮਰ-ਮਿਟਣ ਵਾਲੇ ਸਾਰੇ ਬਲਿਦਾਨੀਆਂ ਨੂੰ ਯਾਦ ਕਰਦਿਆਂ ਕਿਹਾ ਕਿ ਜਿਨ੍ਹਾਂ ਕਾਰਨ ਸਾਨੂੰ ਆਜ਼ਾਦੀ ਮਿਲੀ ਉਨ੍ਹਾਂ ਨੂੰ ਹਰ ਪਲ ਯਾਦ ਰੱਖਿਆ ਜਾਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਜਲਿਆਂਵਾਲਾ ਬਾਗ ਵਰਗੀ ਘਟਨਾਵਾਂ ਇੱਕ ਬੁਰੀ ਯਾਦ ਦੀ ਤਰ੍ਹਾਂ ਹੈ, ਲੇਕਿਨ ਇਸ ਨੂੰ ਹਮੇਸ਼ਾਂ ਯਾਦ ਰੱਖਣਾ ਚਾਹੀਦਾ ਹੈ, ਤਾਂ ਜੋ ਭਵਿੱਖ ਵਿਚ ਅਜਿਹੀ ਘਟਨਾਵਾਂ ਫਿਰ ਤੋਂ ਨਾ ਵਾਪਰੇ।ਸ਼ਹੀਦ ਉਧਮ ਸਿੰਘ ਨੂੰ ਯਾਦ ਕਰਦਿਆਂ ਉਨ੍ਹਾਂ ਕਿਹਾ ਕਿ ਉਧਮ ਸਿੰਘ ਵਰਗੇ ਵੀਰ ਨੇ ਜਲਿਆਂਵਾਲਾ ਬਾਗ ਦੀ ਘਟਨਾ ਨੂੰ ਸਾਲਾ ਤੱਕ ਯਾਦ ਰੱਖਿਆ ਅਤੇ ਫਿਰ ਇੰਗਲੈਂਡ ਜਾ ਕੇ ਜਲਿਆਂਵਾਲਾ ਬਾਗ ਵਿਚ ਭਾਰਤੀਆਂ ਦਾ ਕਤਲੇਆਮ ਕਰਨ ਵਾਲੇ ਅੰਗਰੇਜ਼ ਅਫਸਰ ਨੂੰ ਉਸ ਦੀ ਕਰਨੀ ਦੀ ਸਜ਼ਾ ਦਿੱਤੀ।ਅਜਿਹੇ ਮਹਾਨ ਆਜ਼ਾਦੀ ਘੁਲਾਟੀਏ ਨੂੰ ਯਾਦ ਰੱਖਦਿਆਂ ਉਨ੍ਹਾਂ ਦਾ ਦਿਲੋਂ ਸਨਮਾਨ ਕਰਨਾ ਚਾਹੀਦਾ ਹੈ।
              ਕਾਂਗਰਸ ’ਤੇ ਵਰਦਿਆਂ ਧਨਖੜ ਨੇ ਕਿਹਾ ਕਿ ਕਾਂਗਰਸ ਨੇ ਆਜ਼ਾਦੀ ਦਾ ਸਿਹਰਾ ਹਮੇਸ਼ਾ ਖੁੱਦ ਲੈਣ ਦੀ ਕੋਸ਼ਿਸ਼ ਕੀਤੀ ਹੈ, ਜਦੋਂਕਿ ਆਜ਼ਾਦੀ ਦੀ ਲੜਾਈ ਵਿਚ ਦੇਸ਼ ਦੇ ਲੱਖਾਂ ਲੋਕਾਂ ਨੇ ਆਜ਼ਾਦੀ ਦੇ ਲਈ ਲੜਦੇ ਹੋਏ ਆਪਣੀ ਜਾਨ ਦਿੱਤੀ।ਇਸ ਲਈ ਭਾਰਤੀ ਜਨਤਾ ਪਾਰਟੀ ਆਜ਼ਾਦੀ ਦੇ ਅਮਿ੍ਰਤ ਉਤਸਵ ਵਿਚ ਹਰੇਕ ਸ਼ਹੀਦ ਨੂੰ ਵੀ ਯਾਦ ਕਰ ਕੇ ਉਨ੍ਹਾਂ ਦੀ ਬਹਾਦੁਰੀ ਦੇ ਕਿੱਸੇ ਜੱਗ ਜਾਹਿਰ ਕਰ ਰਹੀ ਹੈ ।
               ਧਨਖੜ ਨੇ ਕਿਹਾ ਕਿ ਭਗਤ ਸਿੰਘ, ਰਾਜਗੁਰੂ, ਸੁਖਦੇਵ ਸਿੰਘ, ਉਧਮ ਸਿੰਘ, ਵਰਗੇ ਵੀਰਾਂ ਅਤੇ ਜਲਿਆਂਵਾਲਾ ਬਾਗ ਵਿਚ ਸੈਂਕੜੇ ਲੋਕਾਂ ਦੀ ਸ਼ਹਾਦਤ ‘ਤੇ ਮਾਣ ਹੈ।ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਸ਼ਹੀਦਾਂ ਅਤੇ ਗੁਰੂਆਂ ਨੂੰ ਭੁੱਲਣਾ ਨਹੀਂ ਚਾਹੀਦਾ, ਇਹੋ ਸੰਦੇਸ਼ ਦੇਣ ਦੇ ਲਈ ਹੁਸੈਨੀਵਾਲਾ ਅਤੇ ਜਲਿਆਂਵਾਲਾ ਬਾਗ ਦੀ ਬਲਿਦਾਨੀ ਮਿੱਟੀ ਹਰਿਆਣਾ ਦੇ ਹਰੇਕ ਪਿੰਡ ਤੱਕ ਪਹੁੰਚਾਉਣ ਦਾ ਕੰਮ ਭਾਜਪਾ ਵਰਕਰਾਂ ਵੱਲੋਂ ਕੀਤਾ ਜਾਵੇਗਾ।
                  ਧਨਖੜ ਨੇ ਦੱਸਿਆ ਕਿ 23 ਮਾਰਚ ਨੂੰ ਹਰਿਆਣਾ ਦੇ ਸਾਰੇ 307 ਮੰਡਲਾਂ ਵਿੱਚ ਭਾਜਪਾ ਯੁਵਾ ਮੋਰਚਾ ਵੱਲੋਂ ਪ੍ਰੋਗਰਾਮ ਉਲੀਕ ਕੇ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਨੂੰ ਯਾਦ ਕੀਤਾ ਜਾਵੇਗਾ। ਇਸੇ ਦਿਨ ਬਲਿਦਾਨੀ ਮਿੱਟੀ ਤੋਂ ਸਾਰੇ ਲੋਕਾਂ ਨੂੰ ਤਿਲਕ ਕਰ ਕੇ ਇਨ੍ਹਾਂ ਵੀਰਾਂ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ।ਇਸ ਤੋਂ ਪਹਿਲਾਂ ਭਾਜਪਾ ਯੁਵਾ ਮੋਰਚਾ ਦੇ ਸੂਬਾ ਪ੍ਰਧਾਨ ਰਾਹੁਲ ਰਾਣਾ ਨੇ ਕਿਹਾ ਕਿ 23 ਮਾਰਚ ਦੇ ਪ੍ਰੋਗਰਾਮ ਵਿਚ ਉਹ ਸਾਰੇ 4 ਲੱਖ ਦੇ ਕਰੀਬ ਵਰਕਰ ਵੀ ਹਿੱਸਾ ਲੈਣਗੇ, ਜਿਨ੍ਹਾਂ ਨੇ ਇਸੇ ਮਹੀਨੇ ਮੈਂਬਰਸ਼ਿਪ ਹਾਸਿਲ ਕੀਤੀ ਹੈ।
                  ਜਲਿਆਂਵਾਲਾ ਬਾਗ ਪਹੁੰਚੀ ਸ਼ਹੀਦ ਨਮਨ ਯਾਤਰਾ ਵਿਚ ਸ਼ਾਮਲ ਭਾਜਪਾ ਹਰਿਆਣਾ ਦੇ ਜਨਰਲ ਸਕੱਤਰ ਵੇਦਪਾਲ ਐਡਵੋਕੇਟ, ਸੂਬਾ ਜਨਰਲ ਸਕੱਤਰ ਪਵਨ ਸੈਣੀ, ਮੋਹਨ ਲਾਲ ਬਡੋਲੀ, ਮੀਡੀਆ ਪ੍ਰਮੁੱਖ ਸੰਜੇ ਸ਼ਰਮਾ ਨੇ ਇੱਥੇ ਆਪਣੀ ਗੱਲ ਰੱਖਦਿਆਂ ਸ਼ਹੀਦਾਂ ਨੂੰ ਨਮਨ ਕੀਤਾ।

ਪੁਲਿਸ ਕਰਮਚਾਰੀਆਂ ਨੂੰ ਵੀ ਲਾਇਆ ਬਲਿਦਾਨੀ ਮਿੱਟੀ ਦਾ ਤਿਲਕ
                  ਜਲਿਆਂਵਾਲਾ ਬਾਗ ਪਹੁੰਚੀ ਹਰਿਆਣਾ ਦੀ ਸ਼ਹੀਦ ਨਮਨ ਯਾਤਰਾ ਵਿਚ ਐਤਵਾਰ ਨੂੰ ਉਸ ਸਮੇਂ ਅਜੀਬ ਅਤੇ ਬੇਹੱਦ ਹੀ ਭਾਵੁਕ ਨਜ਼ਾਰਾ ਦੇਖਣ ਨੂੰ ਮਿਲਿਆ, ਜਦੋਂ ਬਲਿਦਾਨੀ ਮਿੱਟੀ ਨੂੰ ਚੁੱਕ ਕੇ ਧਨਖੜ ਨੇ ਖੁੱਦ ਸਾਰੀਆਂ ਦੇ ਮੱਥੇ ’ਤੇ ਲਗਾਉਣਾ ਸ਼ੁਰੂ ਕਰ ਦਿੱਤਾ।ਭਾਜਪਾ ਸੂਬਾ ਪ੍ਰਧਾਨ ਨੇ ਸਿਰਫ ਪਾਰਟੀ ਵਰਕਰਾਂ ਨੂੰ ਹੀ, ਬਲਕਿ ਉਥੇ ਮੌਜ਼ੂਦ ਹਰੇਕ ਵਿਅਕਤੀ ਅਤੇ ਖਾਸਕਰ ਪੁਲਸ ਕਰਮਚਾਰੀਆਂ ਨੂੰ ਵੀ ਤਿਲਕ ਲਗਾ ਕੇ ਭਾਵੁਕ ਕੀਤਾ।ਸਭ ਤੋਂ ਸ਼ਾਨਦਾਰ ਗੱਲ ਇਹ ਰਹੀ ਕਿ ਕੁੱਝ ਕਰਮਚਾਰੀਆਂ ਨੇ ਤਾਂ ਖੁੱਦ ਧਨਖੜ ਦੇ ਨਜ਼ਦੀਕ ਪਹੁੰਚ ਕੇ ਤਿਲਕ ਕਰਵਾਇਆ।

Check Also

ਵਧ ਰਹੀ ਗਰਮੀ ਦੇ ਮੱਦੇਨਜ਼ਰ ਥਾਣਾ ਸੁਲਤਾਨਵਿੰਡ ਵਲੋਂ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ

ਅੰਮ੍ਰਿਤਸਰ, 28 ਮਈ (ਸੁਖਬੀਰ ਸਿੰਘ) – ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵਲੋਂ ਵਧ ਰਹੀ ਗਰਮੀ ਨੂੰ ਧਿਆਨ …