ਸੰਗਰੂਰ, 21 ਮਾਰਚ (ਜਗਸੀਰ ਲੌਂਗੋਵਾਲ) – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਥਾਨਕ ਸੈਂਟਰ ਕ੍ਰਿਸ਼ੀ ਵਿਗਿਆਨ ਕੇਂਦਰ, ਖੇੜੀ ਵਲੋਂ ਸਰਕਾਰੀ ਸੀਨੀਅਰ
ਸੈਕੰਡਰੀ ਸਕੂਲ, ਸੂਲਰ ਘਰਾਟ ਦੇ ਸਹਿਯੋਗ ਨਾਲ ਨੌਵੀਂ ਤੋਂ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਫ਼ਸਲੀ ਰਹਿੰਦ-ਖੂਹੰਦ ਦੀ ਸੁਚੱਜੀ ਸਾਂਭ-ਸੰਭਾਲ ਅਤੇ ਖੇਤੀ ਵਿਭਿੰਨਤਾ ਸਬੰਧੀ ਜਾਗਰੂਕ ਕਰਨ ਲਈ ਸੈਮੀਨਾਰ ਕਰਵਾਇਆ ਗਿਆ।ਡਾ. ਮਨਦੀਪ ਸਿੰਘ ਐਸੋਸੀਏਟ ਡਾਇਰੈਕਟਰ ਕ੍ਰਿਸ਼ੀ ਵਿਗਿਆਨ ਕੇਂਦਰ ਖੇੜੀ ਨੇ ਵਿਦਿਆਰਥੀਆਂ ਨੂੰ ਫ਼ਸਲੀ-ਰਹਿੰਦ ਖੂਹੰਦ ਨੂੰ ਸਾੜਨ ਨਾਲ ਹੋਣ ਵਾਲੇ ਨੁਕਸਾਨ ਅਤੇ ਇਸ ਦੀ ਸੁਚੱਜੀ ਸਾਂਭ-ਸੰਭਾਲ ਬਾਰੇ ਜਾਣਕਾਰੀ ਦਿੱਤੀ।ਉਹਨਾਂ ਦੱਸਿਆ ਕਿ ਇੱਕ ਟਨ ਝੋਨੇ ਦੀ ਪਰਾਲੀ ਸਾੜਣ ਨਾਲ 5.5 ਕਿਲੋ ਨਾਈਟ੍ਰੋਜਨ, 2.3 ਕਿਲੋ ਫਾਸਫੋਰਸ, 25 ਕਿਲੋ ਪੋਟਾਸ਼ ਅਤੇ 1.2 ਕਿਲੋ ਸਲਫ਼ਰ ਤੱਤ ਦਾ ਨੁਕਸਾਨ ਹੁੰਦਾ ਹੈ।ਇਸ ਤੋਂ ਇਲਾਵਾ 1392 ਕਿਲੋ ਕਾਰਬਨਡਾਈਆਕਸਾਈਡ, 82.62 ਕਿਲੋ ਕਾਰਬਨ ਮੋਨੋਆਕਸਾਈਡ, 0.36 ਕਿਲੋ ਸਲਫ਼ਰਡਾਈਕਸਾਈਡ, 0.06 ਕਿਲੋ ਨਾਈਟਰੋਕਸਾਈਡ ਅਤੇ 4.21 ਕਿਲੋ ਹਾਨੀਕਾਰਕ ਪਦਾਰਥਾਂ ਦਾ ਨਿਕਾਸ ਹੁੰਦਾ ਹੈ ਜਿਸ ਨਾਲ ਹਵਾ ਪ੍ਰਦੂਸ਼ਣ ਫੈਲਦਾ ਹੈ।ਉਹਨਾਂ ਬੱਚਿਆਂ ਨੂੰ ਆਪਣੇ ਮਾਪਿਆਂ ਨੂੰ ਫਸਲਾਂ ਦੀ ਰਹਿੰਦ-ਖੂਹੰਦ ਨੂੰ ਅੱਗ ਨਾ ਲਾਉਣ ਅਤੇ ਖੇਤੀ ਵਿਭਿੰਨਤਾ ਅਪਣਾਉਣ ਲਈ ਪ੍ਰੇਰਿਤ ਕਰਨ ਲਈ ਵੀ ਆਖਿਆ।ਡਾ. ਸੁਨੀਲ ਕੁਮਾਰ ਸਹਾਇਕ ਪ੍ਰੋਫੈਸਰ ਨੇ ਵਿਦਿਆਰਥੀਆਂ ਨੂੰ ਪਰਾਲੀ ਨੂੰ ਖੇਤ ਵਿੱਚ ਸਾਂਭਣ ਵਾਲੀ ਖੇਤੀ ਮਸ਼ੀਨਰੀ ਜਿਵੇਂ ਕਿ ਸਮਾਰਟ ਸੀਡਰ, ਹੈਪੀ ਸੀਡਰ, ਸੁਪਰ ਸੀਡਰ, ਮਲਚਰ ਆਦਿ ਬਾਰੇ ਦੱਸਿਆ। ਡਾ. ਅਸ਼ੋਕ ਕੁਮਾਰ ਨੇ ਪਰਾਲੀ ਦੀ ਕੰਪੋਸਟ ਖਾਦ ਬਣਾਉਣ ਅਤੇ ਮਿੱਟੀ ਪਰਖ ਬਾਰੇ ਜਾਣਕਾਰੀ ਦਿੱਤੀ।ਉਹਨਾਂ ਰਸਾਇਣਿਕ ਖਾਦਾਂ ਦੀ ਬੇਲੋੜੀ ਵਰਤੋਂ ਨਾਲ ਹੋਣ ਵਾਲੇ ਪ੍ਰਦੂਸ਼ਣ ਬਾਰੇ ਵੀ ਚਾਨਣਾ ਪਾਇਆ।
ਪ੍ਰਿੰਸੀਪਲ ਲੱਖਾ ਸਿੰਘ ਨੇ ਵਿਦਿਆਰਥੀਆਂ ਨੂੰ ਮਿੱਟੀ, ਪਾਣੀ ਅਤੇ ਹਵਾ ਦੀ ਸੰਭਾਲ ਦੇ ਮਹੱਤਵ ਬਾਰੇ ਦੱਸਿਆ।ਅਖੀਰ ਵਿੱਚ ਪੋਸਟਰ, ਚਾਰਟ, ਸਲੋਗਨ ਅਤੇ ਲੇਖ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਜਾਗਰੂਕਤਾ ਰੈਲੀ ਕੱਢੀ ਗਈ।
Check Also
ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਦੀ ਵਿਦਿਆਰਥਣ ਨੇ ਜੀ.ਐਨ.ਡੀ.ਯੂ ਪ੍ਰੀਖਿਆਵਾਂ ‘ਚ ਹਾਸਲ ਕੀਤਾ ਪਹਿਲਾ ਸਥਾਨ
ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਬੀ.ਬੀ.ਕੇ.ਡੀ.ਏ.ਵੀ.ਕਾਲਜ ਫਾਰ ਵੂਮੈਨ ਨੇ ਇੱਕ ਵਾਰ ਫਿਰ ਸ਼ਾਨਦਾਰ ਅਕਾਦਮਿਕ …
Punjab Post Daily Online Newspaper & Print Media