Friday, March 6, 2026

ਚੀਫ਼ ਖ਼ਾਲਸਾ ਦੀਵਾਨ ਵਲੋਂ ਸਾਲ 2022-23 ਲਈ 146 ਕਰੋੜ 7 ਲੱਖ ਦਾ ਬਜ਼ਟ ਪਾਸ

ਬੈਡਮਿੰਟਨ ਕੋਰਟ ਲਈ 2 ਕਰੋੜ, ਆਦਰਸ਼ ਸਕੂਲਾਂ ਲਈ 1.5 ਕਰੋੜ, ਪੇਂਡੂ ਸਕੂਲਾਂ ਲਈ ਰੱਖੇ 3 ਕਰੋੜ

ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਚੀਫ ਖ਼ਾਲਸਾ ਦੀਵਾਨ ਦੇ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਵਿਖੇ ਦੀਵਾਨ ਅਧੀਨ ਆਉਂਦੇ ਸਮੂਹ ਸਕੂਲਾਂ, ਕਾਲਜਾਂ ਅਦਾਰਿਆਂ ਦਾ ਸਾਲ 2022-23 ਦਾ ਬਜਟ ਪੇਸ਼ ਕਰਨ ਅਤੇ ਹੋਰ ਏਜੰਡੇ ਵਿਚਾਰਣ ਅਤੇ ਪ੍ਰਵਾਨ ਕਰਵਾਉਣ ਸੰਬੰਧੀ ਪਹਿਲਾਂ ਕਾਰਜ਼ ਸਾਧਕ ਕਮੇਟੀ ਉਪਰੰਤ ਜਨਰਲ ਹਾਊਸ ਦਾ ਇਜ਼ਲਾਸ ਆਯੋਜਿਤ ਕੀਤਾ ਗਿਆ ਜਿਸ ਦੀ ਪ੍ਰਧਾਨਗੀ ਚੀਫ਼ ਖ਼ਾਲਸਾ ਦੀਵਾਨ ਦੇ ਕਾਰਜਕਾਰੀ ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਜਰ ਨੇ ਕੀਤੀ।ਏਜੰਡੇ ਅਨੁਸਾਰ ਮੀਟਿੰਗ ਵਿਚ ਸਭ ਤੋਂ ਪਹਿਲਾਂ ਸਵਰਗਵਾਸ ਹੋ ਚੁੱਕੇ ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਸ੍ਰ.ਨਿਰਮਲ ਸਿੰਘ, ਚੀਫ਼ ਖ਼ਾਲਸਾ ਦੀਵਾਨ ਮੈਂਬਰਜ਼ ਡਾ. ਹਰਦਾਸ ਸਿੰਘ, ਅਜਾਇਬ ਸਿੰਘ, ਖੁਸ਼ਬੀਰ ਸਿੰਘ ਚਾਵਲਾ ਦੇ ਸ਼ੋਕ ਮਤੇ ਪੜ੍ਹੇ ਗਏ ਇਸ ਸ਼ੋਕ ਮਤੇ ‘ਤੇ ਪ੍ਰੋ. ਹਰੀ ਸਿੰਘ, ਡਾ. ਸੂਬਾ ਸਿੰਘ, ਅਜਾਇਬ ਸਿੰਘ ਅਭਿਆਸੀ ਅਤੇ ਹਰਜੀਤ ਸਿੰਘ ਨੇ ਵਿਛੜੀਆਂ ਰੂਹਾਂ ਤੇ ਦੀਵਾਨ ਲਈ ਕੀਤੇ ਵਿਕਾਸ ਕਾਰਜ਼ਾਂ ਦੀ ਭਰਪੂਰ ਸ਼ਲਾਘਾ ਕਰਦਿਆਂ ਉਹਨਾਂ ਦੀ ਆਤਮਿਕ ਸ਼ਾਤੀ ਲਈ ਸਮੂਹ ਮੈਂਬਰਾਂ ਵਲੋਂ ਮੂਲ ਮੰਤਰ ਦੇ ਪਾਠ ਕੀਤੇ ਗਏ।
                    ਕਾਰਜ਼ ਸਾਧਕ ਕਮੇਟੀ ਵਿਚ ਬਜ਼ਟ ਅਤੇ ਹੋਰ ਏਜੰਡੇ ਪਾਸ ਕਰਵਾਉਣ ਉਪਰੰਤ ਜਨਰਲ ਬਾਡੀ ਦੀ ਇਕਤੱਰਤਾ ਦੌਰਾਨ ਚੀਫ ਖ਼ਾਲਸਾ ਦੀਵਾਨ ਦੇ ਕਾਰਜਕਾਰੀ ਪ੍ਰਧਾਨ ਡਾ. ਇੰਦਰਬੀਰ ਸਿੰਘ ਨੇ ਬਜ਼ਟ ਪੇਸ਼ ਕਰਦਿਆਂ ਜਾਣਕਾਰੀ ਦਿੱਤੀ ਕਿ ਇਸ ਵਾਰ ਦੀਵਾਨ ਦਾ ਸਾਲ 2022-23 ਲਈ ਅਨੁਮਾਨਤ ਬਜਟ 146 ਕਰੋੜ 7 ਲੱਖ 15 ਹਜ਼ਾਰ 3 ਸੋ 25 ਰੁਪਏ ਰੱਖਿਆ ਗਿਆ ਹੈ।ਉਹਨਾਂ ਨੇ ਦੀਵਾਨ ਦੇ ਸਾਲ 2021-22 ਦੇ ਬਜ਼ਟ ਤੇ ਰੋਸ਼ਨੀ ਪਾਉਂਦਿਆਂ ਸਾਲ 2022-23 ਦਾ ਬਜ਼ਟ ਪੇਸ਼ ਕੀਤਾ ਗਿਆ, ਜੋ ਕਿ ਸੰਸਥਾ ਦਾ ਬਹੁਪੱਖੀ ਵਿਕਾਸ ਮੁੱਖੀ, ਆਧੁਨਿਕੀਕਰਨ ਨੀਤੀਆਂ ਨੂੰ ਹੋਰ ਵਧਾਉਣ ਵਾਲਾ ਅਤੇ ਸੰਸਥਾ ਦੇ ਸਮੂਹਿਕ ਵਿਕਾਸ ਵੱਲ ਸੇਧਿਤ ਕਰਾਰ ਦਿੱਤਾ। ਉਹਨਾਂ ਨੇ ਬਜ਼ਟ ਦੇ ਤੱਥਾਂ ‘ਤੇ ਰੋਸ਼ਨੀ ਪਾਉਂਦਿਆਂ ਦੱਸਿਆ ਕਿ ਸਾਲ 2021-22 ਵਿਚ ਜਿਹੜੀ ਕੁੱਲ ਆਮਦਨ 100 ਕਰੋੜ 8 ਲੱਖ ਰੁਪਏ ਰਹੀ ਸੀ, ਉਥੇ ਸਾਲ 2022-23 ਵਿਚ ਇਹ ਆਮਦਨ 137 ਕਰੋੜ 98 ਲੱਖ ਰੁਪਏ ਹੋਣ ਦਾ ਅਨੁਮਾਨ ਹੈ।ਪਿਛਲੇ ਸਾਲ ਨਾਲੋਂ ਇਹ ਵਾਧਾ 37 ਕਰੋੜ ਰੁਪਏ ਹੈ ਜੋ ਕਿ 38 ਪ੍ਰਤੀਸ਼ਤ ਹੈ।ਉਹਨਾਂ ਦੱਸਿਆ ਕਿ ਪਿਛਲੇ ਸਾਲ ਕੁੱਲ ਖਰਚ 89 ਕਰੋੜ 77 ਲੱਖ ਰਿਹਾ, ਜਦ ਕਿ ਸਾਲ 2022-23 ਵਿਚ ਇਹ ਕੁੱਲ ਖਰਚ 146 ਕਰੋੜ 7 ਲੱਖ ਰੁਪਏ ਹੋ ਜਾਣ ਦਾ ਅਨੁਮਾਨ ਹੈ ਅਤੇ ਪਿਛਲੇ ਸਾਲ ਨਾਲੋ ਇਹ ਵਾਧਾ 56 ਕਰੋੜ 29 ਲੱਖ ਰੁਪਏ ਦਾ ਹੈ ਜੋ ਕਿ 62 ਪ੍ਰਤੀਸ਼ਤ ਤੱਕ ਹੈ।ਉਹਨਾਂ ਕਿਹਾ ਕਿ ਖਰਚ ‘ਚ ਆਇਆ ਇਹ ਵਾਧਾ ਬਹੁਤ ਹੀ ਸਾਰਥਕ ਅਤੇ ਹਾਂ ਪੱਖੀ ਸੰਕੇਤ ਹੈ, ਜੋ ਕਿ ਉਨਤੀ ਦੀਆਂ ਨਵੀਆਂ ਪੁਲਾਂਘਾ ਤੈਅ ਕਰਨ ਦਾ ਸੂਚਕ ਹੈ।
                    ਦੀਵਾਨ ਦੀ ਫਾਇਨਾਸ ਕਮੇਟੀ ਦੇ ਮੈਂਬਰ ਨਰਿੰਦਰ ਸਿੰਘ ਖੁਰਾਣਾ ਨੇ ਬਜ਼ਟ ਦੀ ਵਿਸਥਾਰਤ ਜਾਣਕਾਰੀ ਦਿੰਦਿਆਂ ਦੱਸਿਆ ਕਿ 2022-2023 ਦੇ ਬਜਟ ਵਿੱਚ ਸੀ.ਕੇ.ਡੀ ਸਕੂਲਾਂ ਦੇ ਵਿਸਥਾਰ ਹਿੱਤ ਪੁੱਡਾ ਪ੍ਰੋਜੈਕਟ (ਜੇਲ ਰੋਡ) ਵਿਖੇ ਸਕੂਲ ਉਸਾਰੀ ਲਈ 5 ਕਰੋੜ, ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਜੀ.ਟੀ.ਰੋਡ ਵਿਖੇ ਬਿਲਡਿੰਗ ਉਸਾਰੀ ਲਈ 20 ਲੱਖ ਰੁਪਏ, ਹੁਸਿ਼ਆਰਪੁਰ ਵਿਖੇ ਸਕੂਲ ਦੇ ਵਿਸਥਾਰ ਲਈ ਸਕੂਲ ਦੇ ਨਾਲ ਲੱਗਦੀ ਜ਼ਮੀਨ ਖਰੀਦਣ ਲਈ 2 ਕਰੋੜ ਰੁਪਏ ਅਤੇ ਇਸ ਜ਼ਮੀਨ ‘ਤੇ ਬਿਲਡਿੰਗ ਉਸਾਰੀ ਲਈ 1 ਕਰੋੜ ਰੁਪਏ, ਰਣਜੀਤ ਐਵੀਨਿਊ ਸਕੂਲ ਵਿਖੇ ਬੈਡਮਿੰਟਨ ਕੋਰਟ ਦੇ ਨਿਰਮਾਣ ਲਈ 2 ਕਰੋੜ ਰੁਪਏ ਦੀ ਰਾਸ਼ੀ ਰਾਖਵੀ ਰੱਖੀ ਗਈ ਹੈ।ਇਸ ਦੇ ਨਾਲ ਹੀ ਧਰਮ ਪ੍ਰਚਾਰ ਲਈ 40 ਲੱਖ ਪੇਂਡੂ ਸਕੂਲਾਂ ਅਤੇ ਹੋਰ ਜ਼ਰੂਰਤਮੰਦ ਸੀ.ਕੇ.ਡੀ ਸੰਸਥਾਵਾਂ ਦੀ ਅ੍ਰਪਗ੍ਰੇਡੇਸ਼ਨ ਲਈ 3 ਕਰੋੜ ਅਤੇ 1 ਕਰੋੜ 51 ਲੱਖ ਰੁਪਏ ਆਦਰਸ਼ ਸਕੂਲਾਂ ਲਈ ਰਾਖਵੇਂ ਰੱਖੇ ਗਏ ਹਨ।
                   ਦੀਵਾਨ ਦੇ ਆਨਰੇਰੀ ਸਕੱਤਰ ਅਜੀਤ ਸਿੰਘ ਬਸਰਾ ਵਲੋਂ ਮੀਟਿੰਗ ਦੇ ਏਜੰਡੇ ਪੜ੍ਹੇ ਗਏ ਅਤੇ ਦੱਸਿਆ ਗਿਆ ਕਿ ਚੀਫ਼ ਖ਼ਾਲਸਾ ਦੀਵਾਨ ਅਧੀਨ ਚੱਲ ਰਹੇ ਸਕੂਲਾਂ ਵਿਚ ਸਿੱਖ ਮਾਇਨੌਰਟੀ ਸਕੀਮ ਸ਼ੁਰੂ ਕੀਤੀ ਗਈ ਹੈ।ਜਿਸ ਅਧੀਨ ਲੋੜਵੰਦ ਵਿਦਿਆਰਥੀਆਂ ਨੂੰ ਆਰਥਿਕ ਪੱਖੋਂ ਸਹਾਇਤਾ ਮਿਲੇਗੀ।ਮੈਂਬਰਾਂ ਨੇ ਆਸ ਪ੍ਰਗਟ ਕੀਤੀ ਕਿ ਇਹ ਬਜ਼ਟ ਚੀਫ਼ ਖ਼ਾਲਸਾ ਦੀਵਾਨ ਦੀਆਂ ਭਵਿੱਖ ਦੀਆ ਲੋੜ੍ਹਾਂ ਅਤੇ ਉਮੀਦਾਂ ‘ਤੇ ਪੂਰੀ ਤਰ੍ਹਾਂ ਖਰਾ ਉਤਰੇਗਾ।
                   ਮੀਟਿੰਗ ਦੇ ਏਜੰਡੇ ਦੀ ਮਦ ਨੰ: 5 ਬਾਰੇ ਬਲਜਿੰਦਰ ਸਿੰਘ, ਅਜਾਇਬ ਸਿੰਘ ਅਭਿਆਸੀ, ਸਰਬਜੀਤ ਸਿੰਘ, ਬੀਬੀ ਕਿਰਨਜੋਤ ਕੌਰ, ਜਸਵਿੰਦਰ ਸਿੰਘ ਐਡਵੋਕੇਟ ਨੇ ਬੋਲਦਿਆਂ ਆਖਿਆ ਕਿ ਦੀਵਾਨ ਦੇ ਸੰਵਿਧਾਨ ਵਿੱਚ ਚੇਅਰਮੈਨ ਸਕੂਲ ਦੇ ਅਹੁੱਦੇ ਦਾ ਕੋਈ ਵਿਧਾਨ ਨਹੀਂ ਹੈ।ਜਿਸ ਕਰਕੇ ਡਾ. ਜਸਵਿੰਦਰ ਸਿੰਘ ਢਿੱਲੋਂ ਦੀ ਚੇਅਰਮੈਨ ਸਕੂਲਜ਼ ਵਜੋਂ ਹੋਈ ਨਿਯੁੱਕਤੀ ਨੂੰ ਰੱਦ ਕਰ ਦਿੱਤਾ ਗਿਆ।ਏਸੇ ਤਰ੍ਹਾਂ ਮੱਦ ਨੰਬਰ 5 ਬਾਰੇ ਇਕਬਾਲ ਸਿੰਘ ਲਾਲਪੁਰਾ ਵਲੋ ਸਥਾਨਕ ਪ੍ਰਧਾਨ ਵਜੋਂ ਆਪਣੀ ਨਿਯੁੱਕਤੀ ਬਾਰੇ ਪੁੱਜੇ ਅਸਤੀਫੇ ਨੂੰ ਪ੍ਰਵਾਨ ਕਰਦਿਆਂ ਇਸ ਮੱਦ ਨੂੰ ਰੱਦ ਕਰ ਦਿੱਤਾ ਗਿਆ।ਸਾਲ 2022-23 ਦੇ ਬਜਟ ਬਾਰੇ ਬੋਲਣ ਵਾਲੇ ਮੈਂਬਰ ਸਾਹਿਬਾਨ ਵਲੋਂ ਉਠਾਏ ਮੁੱਦਿਆਂ ਬਾਰੇ ਕਾਰਜ਼ਕਾਰੀ ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਜ਼ਰ ਵਲੋਂ ਦਿੱਤੇ ਸਪੱਸ਼ਟੀਕਰਨ ਉਪਰੰਤ ਜਨਰਲ ਹਾਊਸ ਦੇ ਮੈਂਬਰਾਂ ਵਲੋਂ ਜੈਕਾਰਿਆਂ ਦੀ ਗੂੰਜ਼ ਵਿਚ ਪ੍ਰਸਤਾਵਿਤ ਬਜ਼ਟ ਨੂੰ ਪ੍ਰਵਾਨਗੀ ਦੇ ਦਿੱਤੀ ਗਈ।ਅੰਤ ਵਿਚ ਡਾ. ਨਿੱਜ਼ਰ ਨੇ ਆਏ ਹੋਏ ਸਮੂਹ ਅਹੁੱਦੇਦਾਰਾਂ ਅਤੇ ਮੈਂਬਰਾਂ ਦਾ ਧੰਨਵਾਦ ਕੀਤਾ।
                    ਜਨਰਲ ਹਾਊਸ ਦੀ ਮੀਟਿੰਗ ਵਿੱਚ ਚੀਫ਼ ਖ਼ਾਲਸਾ ਦੀਵਾਨ ਦੇ ਮੀਤ ਪ੍ਰਧਾਨ ਅਮਰਜੀਤ ਸਿੰਘ ਬਾਂਗਾ, ਚੀਫ ਖ਼ਾਲਸਾ ਦੀਵਾਨ ਮੁੱਖ ਦਫ਼ਤਰ ਮੈਂਬਰ ਇੰਚਾਰਜ ਸੁਖਜਿੰਦਰ ਸਿੰਘ ਪ੍ਰਿੰਸ, ਪ੍ਰੋ: ਹਰੀ ਸਿੰਘ, ਜਸਪਾਲ ਸਿੰਘ ਢਿੱਲੋਂ, ਹਰਜੀਤ ਸਿੰਘ, ਮਨਮੋਹਨ ਸਿੰਘ, ਰਜਿੰਦਰ ਸਿੰਘ ਮਰਵਾਹਾ, ਬੀਬੀ ਕਿਰਨਜੋਤ ਕੋਰ, ਪਰਦੀਪ ਸਿੰਘ ਵਾਲੀਆ ਆਦਿ 180 ਮੈਂਬਰ ਮੀਟਿੰਗ ਵਿਚ ਹਾਜ਼ਰ ਹੋਏ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …