Saturday, October 17, 2026

ਰੰਗਮੰਚ ਦਿਵਸ ਨੂੰ ਸਮਰਪਿਤ ਨਾਟਕ ‘ਫਾਸਲੇ’ ਦਾ ਸਫਲ ਮੰਚਨ

ਅੰਮ੍ਰਿਤਸਰ, 27 ਮਾਰਚ (ਦੀਪ ਦਵਿੰਦਰ ਸਿੰਘ) – ਵਿਸ਼ਵ ਰੰਗਮੰਚ ਦਿਵਸ ਮੌਕੇ ਭਾਰਤ ਦੀ ਪ੍ਰਸਿੱਧ ਨਾਟ ਸੰਸਥਾ ਪੰਜਾਬ ਨਾਟਸ਼ਾਲਾ ਵਿਖੇ ਅੱਜ ਉਘੇ ਨਾਟਕਕਾਰ ਜਤਿੰਦਰ ਬਰਾੜ ਦਾ ਲਿਖਿਆ ਅਤੇ ਪ੍ਰੋਫੈਸਰ ਇਮੈਨੁਅਲ ਸਿੰਘ ਦੁਆਰਾ ਨਿਰਦੇਸ਼ਿਤ ਨਾਟਕ ‘ਫਾਸਲੇ’ ਦਾ ਸਫਲ ਮੰਚਨ ਕੀਤਾ ਗਿਆ।ਨਾਟਕ ਦੀ ਕਹਾਣੀ ਮੰਡ ਖੇਤਰ ਦੇ ਇੱਕ ਪੱਛੜੇ ਹੋਏ ਪਿੰਡ ਦੀ ਡਿਸਪੈਂਸਰੀ ਵਿੱਚ ਤਾਇਨਾਤ ਸ਼ਹਿਰੀ ਡਾਕਟਰ ਅਤੇ ਇਕ ਸਪੇਰਨ ਦੀ ਮੁਹੱਬਤ ਦੁਆਲੇ ਘੁੰਮਦੀ ਹੈ।‘ਫਾਸਲੇ‘ ਨਾਟਕ ਵਿਚ ਦਿਨ-ਬ-ਦਿਨ ਸਾਡੇ ਸਮਾਜ ਵਿੱਚ ਵਧ ਰਹੇ ਊਚ ਨੀਚ, ਜਾਤ-ਪਾਤ ਅਤੇ ਅਮੀਰੀ ਗਰੀਬੀ ਦੇ ਫਾਸਲਿਆਂ ਨੂੰ ਕਲਾਤਮਿਕ ਢੰਗ ਨਾਲ ਪੇਸ਼ ਕੀਤਾ ਗਿਆ ਹੈ।ਇਸ ਨਾਟਕ ਰਾਹੀਂ ਸਰਕਾਰੀ ਅਦਾਰਿਆਂ ਵਿਚ ਹੁੰਦੀ ਲੁੱਟ-ਖਸੁੱਟ ਅਤੇ ਫੈਲੇ ਭ੍ਰਿਸ਼ਟਾਚਾਰ ਬਾਰੇ ਵੀ ਤਿੱਖਾ ਵਿਅੰਗ ਕੀਤਾ ਗਿਆ ਹੈ।ਨਾਟਕ ਵਿਚ ਅੰਤਰਰਾਸ਼ਟਰੀ ਪੱਧਰ ਦੀਆਂ ਰੰਗਮੰਚ ਤਕਨੀਕਾਂ ਦੀ ਵਰਤੋਂ ਕੀਤੀ ਗਈ।ਜਿਨ੍ਹਾਂ ਵਿਚ ਨਾਟਕ ਦੇ ਦ੍ਰਿਸ਼ਾਂ ਅਨੁਸਾਰ ਮੰਚ ਤੇ ਦਰਸ਼ਕਾਂ ਉਪਰ ਬਾਰਿਸ਼ ਹੋਣਾ, ਚੰਨ ਤਾਰਿਆਂ ਨਾਲ ਭਰੇ ਅਸਮਾਨ, ਫੁੱਲਾਂ ਦੀ ਖੁਸ਼ਬੂ, ਦਰਿਆ ਦਾ ਦਿਲਕਸ਼ ਨਜ਼ਾਰਾ ਆਦਿ ਦੀ ਪੇਸ਼ਕਾਰੀ ਦਰਸ਼ਕਾਂ ਦੇ ਦਿਲਾਂ ਨੂੰ ਧੁਰ ਅੰਦਰ ਤੱਕ ਧੂਹ ਪਾਉਂਦੀ ਹੈ। ਨਾਟਕ ਦੇ ਸਹਿ ਨਿਰਦੇਸ਼ਕ ਅਤੇ ਮੁੱਖ ਪਾਤਰ ਪ੍ਰੋਫੈਸਰ ਸਮਰੀਤ ਕੌਰ ਦੀ ਭਾਵਪੂਰਤ ਪੇਸ਼ਕਾਰੀ ਹਰ ਦ੍ਰਿਸ਼ `ਚ ਦਰਸ਼ਕਾਂ ਦੀਆਂ ਅੱਖਾਂ ਨਮ ਕਰ ਗਈ।ਕਰਨਬੀਰ ਸਿੰਘ, ਡਾ. ਆਤਮਾ ਸਿੰਘ ਗਿੱਲ, ਮਰਕਸ ਪਾਲ ਗੁਮਟਾਲਾ, ਮਨਦੀਪ ਕੌਰ, ਗੁਰਸਾਹਿਬ, ਧਿਆਨ ਚੰਦ, ਜਤਿੰਦਰ ਰਿਆੜ, ਸੁਖਪਲਜੀਤ ਕੌਰ, ਗਗਨ ਸੈਣੀ, ਲਵਪ੍ਰੀਤ, ਮਨਦੀਪ ਸਿੰਘ ਆਦਿ ਅਦਾਕਾਰਾਂ ਦੀ ਭੂਮਿਕਾ ਨੇ ਦਰਸ਼ਕਾਂ ਨੂੰ ਆਖਿਰ ਤੱਕ ਕੀਲੀ ਰੱਖਿਆ। ਹੈਰੀਸਨ, ਪ੍ਰਭਜੋਤ ਸੰਘਾ ਅਤੇ ਨਿਕਿਤਾ ਦੀ ਖੂਬਸੂਰਤ ਆਵਾਜ਼ ਨੇ ਨਾਟਕ ਨੂੰ ਸਿਖਰ ਉਪਰ ਪਹੁੰਚਾ ਦਿੱਤਾ।ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਰੰਗਮੰਚ ਦੇ ਅਦਾਕਾਰਾਂ ਨੂੰ ਸਨਮਾਨ ਚਿੰਨ ਤਕਸੀਮ ਕੀਤੇ।
                     ਮੌਕੇ ਪ੍ਰਸਿੱਧ ਫਿਲਮੀ ਹਸਤੀਆਂ ਅਨੀਤਾ ਦੇਵਗਨ, ਹਰਦੀਪ ਗਿੱਲ, ਪੰਜਾਬ ਨਾਟਸ਼ਾਲਾ ਦੇ ਸੰਸਥਾਪਕ ਜਤਿੰਦਰ ਬਰਾੜ, ਕੁਲਬੀਰ ਸਿੰਘ ਸੂਰੀ, ਡਾ. ਇੰਦਰਜੀਤ ਸਿੰਘ ਗੋਗਆਣੀ, ਰਾਜਬਿੰਦਰ ਸਿੰਘ, ਸੁਨੀਲ ਰਾਣਾ, ਵੱਖ ਵੱਖ ਕਾਲਜਾਂ ਤੇ ਸਕੂਲਾਂ ਦੇ ਪ੍ਰਿੰਸੀਪਲ, ਪ੍ਰਸਿੱਧ ਅਦਾਕਾਰ, ਡਾਇਰੈਕਟਰ ਅਤੇ ਸ਼ਹਿਰ ਦੀਆਂ ਮਹਾਨ ਸ਼ਖਸ਼ੀਅਤਾਂ ਨੇ ਨਾਟਕ ਦਾ ਆਨੰਦ ਮਾਣਿਆ।
                    ਵਰਨਣਯੋਗ ਹੈ ਕਿ ਪੰਜਾਬ ਨਾਟਸ਼ਾਲਾ ਦਾ ਅੱਜ 24ਵਾਂ ਸਥਾਪਨਾ ਦਿਵਸ ਵੀ ਸੀ।

Check Also

ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ

ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …