ਪੰਜਾਬ ਸਰਕਾਰ ਨੇ ਨਵੀਂ ਉਦਯੋਗ ਨੀਤੀ ਤਹਿਤ ਸਨਅਤਾਂ ਨੂੰ ਦਿੱਤੀਆਂ ਵੱਡੀਆਂ ਰਿਆਇਤਾਂ

ਬਟਾਲਾ, 25 ਨਵੰਬਰ (ਨਰਿੰਦਰ ਸਿੰਘ ਬਰਨਾਲ) – ਪੰਜਾਬ ਦੇ ਸਨਅਤ ਅਤੇ ਵਣਜ ਮੰਤਰੀ ਸ੍ਰੀ ਮਦਨ ਮੋਹਨ ਮਿੱਤਲ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਸੂਬੇ ‘ਚ ਰੇਤ ਬਜ਼ਰੀ ਦੀਆਂ ਕੀਮਤਾਂ ਨੂੰ ਘੱਟ ਕਰਨ ਲਈ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਸੂਬੇ ‘ਚ 34 ਹੋਰ ਨਵੀਆਂ ਰੇਤ ਖੱਡਾਂ ‘ਚੋਂ ਛੇਤੀ ਹੀ ਰੇਤ ਨਿਕਲਣੀ ਸ਼ੁਰੂ ਹੋ ਜਾਵੇਗੀ ਜਿਸ ਕਾਰਨ ਰੇਤ ਦੀਆਂ ਕੀਮਤਾਂ ਕਾਫੀ ਘੱਟ ਜਾਣਗੀਆਂ। ਇਹ ਪ੍ਰਗਟਾਵਾ ਕੈਬਨਿਟ ਮੰਤਰੀ ਸ੍ਰੀ ਮਦਨ ਮੋਹਨ ਮਿੱਤਲ ਨੇ ਅੱਜ ਬਟਾਲਾ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਵੱਲੋਂ ਪੁੱਛੇ ਇੱਕ ਸਵਾਲ ਦੇ ਜੁਆਬ ‘ਚ ਕੀਤਾ। ਸ੍ਰੀ ਮਿੱਤਲ ਨੇ ਕਿਹਾ ਕਿ ਸਰਕਾਰ ਵੱਲੋਂ ਰੇਤ ਬਜ਼ਰੀ ਮਾਰਕਿਟ ਕਮੇਟੀਆਂ ਰਾਹੀਂ ਵੇਚਣ ਦੀ ਯੋਜਨਾ ਸ਼ੁਰੂ ਕੀਤੀ ਗਈ ਹੈ ਜਿਸ ਨਾਲ ਕਾਲਾਬਜ਼ਾਰੀ ਨੂੰ ਰੋਕ ਲੱਗੇਗੀ। ਉਨ੍ਹਾਂ ਕਿਹਾ ਕਿ ਸਰਕਾਰ ਰੇਤ ਬਜ਼ਰੀ ਦੀਆਂ ਕੀਮਤਾਂ ਘੱਟ ਕਰਨ ਲਈ ਵੱਚਨਬੱਧ ਹੈ।
ਸਨਅਤੀ ਨੀਤੀ ਬਾਰੇ ਪੁੱਛੇ ਸਵਾਲ ਬਾਰੇ ਸ੍ਰੀ ਮਿੱਤਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਦਸੰਬਰ 2013 ‘ਚ ਨਵੀਂ ਉਦਯੋਗ ਨੀਤੀ ਲਾਗੂ ਕੀਤੀ ਗਈ ਹੈ, ਜਿਸ ਵਿੱਚ ਨਵੀਆਂ ਸਨਅਤਾਂ ਲਗਾਉਣ ਲਈ ਵੱਡੀਆਂ ਰਿਆਇਤਾਂ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਸੂਬੇ ਦੀ ਸਨਅਤ ਨੂੰ ਨਵੀਆਂ ਉਚਾਈਆਂ ‘ਤੇ ਪਹੁੰਚਾਇਆ ਜਾ ਸਕੇ ਇਸ ਲਈ ਰਾਜ ਸਰਕਾਰ ਨੇ ਉਦਯੋਗ ਪੱਖੀ ਨੀਤੀ ਲਾਗੂ ਕੀਤੀ ਹੈ। ਸੂਬੇ ‘ਚ ਵੱਡੀਆਂ ਸਨਅਤਾਂ ਖੋਲੇ ਜਾਣ ਬਾਰੇ ਉਨ੍ਹਾਂ ਕਿਹਾ ਕਿ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਸੂਬਾ ਸਰਕਾਰ ਵੱਲੋਂ ਦੇਸ ਦੇ ਨਾਮੀ ਉਦਯੋਗਿਕ ਘਰਾਣਿਆਂ ਨਾਲ ਸਿੱਧੀ ਪਹੁੰਚ ਕੀਤੀ ਗਈ ਹੈ ਅਤੇ ਉਨ੍ਹਾਂ ਨੂੰ ਪੰਜਾਬ ‘ਚ ਨਿਵੇਸ਼ ਕਰਨ ਪ੍ਰੇਰਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੀਤੀਆਂ ਅਜਿਹੀਆਂ ਕੋਸ਼ਿਸ਼ਾਂ ਨੂੰ ਬੂਰ ਵੀ ਪਿਆ ਹੈ ਅਤੇ ਕਈ ਵੱਡੇ ਉਦਯੋਗਿਕ ਘਰਾਣੇ ਪੰਜਾਬ ‘ਚ ਆਪਣੇ ਉਦਯੋਗ ਲਗਾਉਣ ਲਈ ਸਹਿਮਤ ਵੀ ਹੋਏ ਹਨ।
ਬਟਾਲਾ ਸਨਅਤ ਦਾ ਜਿਕਰ ਕਰਦਿਆਂ ਸ੍ਰੀ ਮਿੱਤਲ ਨੇ ਕਿਹਾ ਕਿ ਅੱਤਵਾਦ ਦੇ ਕਾਲੇ ਦੌਰ ਦੌਰਾਨ ਬਟਾਲਾ ਦੀ ਸਨਅਤ ਬਹੁਤ ਪ੍ਰਭਾਵਤ ਹੋਈ ਹੈ ਅਤੇ ਸਰਕਾਰ ਇਸ ਸ਼ਹਿਰ ਦੀ ਸਨਅਤ ਨੂੰ ਮੁੜ ਪੈਰਾਂ ‘ਤੇ ਖੜ੍ਹੀ ਕਰਨ ਲਈ ਵੱਚਨਬੱਧ ਹੈ। ਉਨ੍ਹਾਂ ਬਟਾਲਾ ਦੇ ਸਨਅਤਕਾਰਾਂ ਨੂੰ ਭਰੋਸਾ ਦਿੱਤਾ ਕਿ ਉਹ ਮਿਲ ਬੈਠ ਕੇ ਬਟਾਲਾ ਦੀ ਸਨਅਤ ਦੇ ਵਿਕਾਸ ਲਈ ਜਰੂਰ ਕੋਈ ਹੱਲ ਕੱਢਣਗੇ। ਇਸ ਮੌਕੇ ਉਨ੍ਹਾਂ ਨਾਲ ਭਾਜਪਾ ਆਗੂ ਜਗਦੀਸ਼ ਰਾਜ ਸਾਹਨੀ, ਨਰੇਸ਼ ਮਹਾਜਨ, ਅਕਾਲੀ ਆਗੂ ਕੁਲਬੀਰ ਸਿੰਘ ਰੰਧਾਵਾ ਵੀ ਹਾਜ਼ਰ ਸਨ।
Punjab Post Daily Online Newspaper & Print Media