ਸੰਗਰੂਰ, 29 ਮਾਰਚ (ਜਗਸੀਰ ਲੌਂਗੋਵਾਲ) – ਸਿਵਲ ਸਰਜਨ ਸੰਗਰੂਰ ਡਾ. ਪਰਮਿੰਦਰ ਕੌਰ ਨੇ ਦੱਸਿਆ ਕਿ ਸਿਵਲ ਹਸਪਤਾਲ ਦੇ ਟ੍ਰੇਨਿੰਗ ਅਨੈਕਸੀ ਵਿਖੇ ‘ਘਰ
ਵਿੱਚ ਬੱਚੇ ਦੀ ਦੇਖ ਭਾਲ` ਵਿਸ਼ੇ ਸਬੰਧੀ ਆਸ਼ਾ ਵਰਕਰਾਂ ਅਤੇ ਏ.ਐਨ.ਐਮ ਨੂੰ ਪੰਜ ਰੋਜ਼ਾ ਟ੍ਰੇਨਿੰਗ ਦਿੱਤੀ ਗਈ।ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਆਸ਼ਾ ਵਰਕਰਾਂ ਨੂੰ” ਘਰ ਵਿੱਚ ਨਵਜਾਤ ਬੱਚੇ ਦੀ ਸਾਂਭ ਸੰਭਾਲ “ਬਾਰੇ ਟ੍ਰੇਨਿੰਗ ਦਿੱਤੀ ਜਾ ਚੁੱਕੀ ਹੈ ਅਤੇ ਉਸ ਦੇ ਅਗਲੇ ਭਾਗ ਵਜੋਂ ਹੀ ਇਹ ਟ੍ਰੇਨਿੰਗ ਸ਼ੁਰੂ ਕੀਤੀ ਗਈ ਹੈ।
ਉਨ੍ਹਾਂ ਕਿਹਾ ਕਿ ਇਸ ਟ੍ਰੇਨਿੰਗ ਉਪਰੰਤ ਆਸ਼ਾ ਵਰਕਰ ਘਰਾਂ ਵਿੱਚ ਬੱਚੇ ਦੇ ਪੈਦਾ ਹੋਣ ਦੇ ਤੀਜੇ, ਛੇਵੇਂ, ਨੌਵੇਂ, ਬਾਰਵੇਂ ਅਤੇ ਪੰਦਰਵੇਂ ਮਹੀਨੇ ਦੌਰਾਨ ਦੌਰਾ ਕਰਨਗੀਆਂ ਅਤੇ ਇਸ ਦੌਰਾਨ ਉਹ ਮਾਵਾਂ ਅਤੇ ਹੋਰ ਪਰਿਵਾਰਕ ਮੈਂਬਰਾਂ ਨੂੰ ਮਾਂ ਦੇ ਦੁੱਧ ਦੀ ਮਹੱਤਤਾ, ਪਹਿਲੇ ਗਾੜੇ ਦੁੱਧ ਦੀ ਮਹੱਤਤਾ, ਦੁੱਧ ਚੁੰਘਾਉਣ ਦੀ ਸਹੀ ਪੁਜ਼ੀਸ਼ਨ, 6 ਮਹੀਨੇ ਤੋਂ ਬਾਅਦ ਮਾਂ ਦੇ ਦੁੱਧ ਤੋਂ ਇਲਾਵਾ ਓਪਰੀ ਖੁਰਾਕ ਸ਼ੁਰੂ ਕਰਨਾ, ਬੱਚੇ ਦੇ ਵਿਕਾਸ ਦਾ ਜਾਇਜ਼ਾ ਲੈਣਾ, ਟੀਕਾਕਰਨ ਦੀ ਅਹਿਮੀਅਤ ਬਾਰੇ ਦੱਸਣਾ, ਬੱਚਿਆਂ ਵਿੱਚ ਵਿਕਾਸ ‘ਚ ਦੇਰੀ ਦੇ ਕਾਰਨ ਲੱਭਣਾ, ਸਾਫ ਪਾਣੀ, ਸਾਫ ਵਾਤਾਵਰਣ ਤੇ ਸਰੀਰਕ ਸਫਾਈ ਬਾਰੇ ਜਾਗਰੂਕ ਕਰਨਗੀਆਂ।
ਇਸ ਮੌਕੇ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਇੰਦਰਜੀਤ ਸਿੰਗਲਾ ਨੇ ਦੱਸਿਆ ਕਿ ਇਹ ਟ੍ਰੇਨਿੰਗ ਜ਼ਿਲੇ ਦੀਆਂ ਸਮੂਹ ਆਸ਼ਾ ਵਰਕਰ ਅਤੇ ਏ.ਐਨ.ਐਮ ਨੂੰ ਦਿੱਤੀ ਜਾ ਰਹੀ ਹੈ, ਤਾਂ ਜੋ ਇਹ ਜਾਣਕਾਰੀ ਉਹ ਮਾਂਵਾਂ ਤੱਕ ਪਹੁੰਚਾ ਸਕਣ।ਉਨ੍ਹਾਂ ਕਿਹਾ ਕਿ ਹੁਣ ਤੱਕ ਸਮੂਹ ਅਰਬਨ ਆਸ਼ਾ ਅਤੇ ਬਲਾਕ ਭਵਾਨੀਗੜ੍ਹ ਦੀਆਂ ਸਮੂਹ ਆਸ਼ਾ ਵਰਕਰ ਅਤੇ ਏ.ਐਨ.ਐਮ ਨੂੰ ਇਹ ਟ੍ਰੇਨਿੰਗ ਦਿੱਤੀ ਜਾ ਚੁੱਕੀ ਹੈ।ਉਨ੍ਹਾਂ ਕਿਹਾ ਕਿ ਇਹ ਟ੍ਰੇਨਿੰਗ ਜ਼ਿਲ੍ਹਾ ਟ੍ਰੇਨਰ ਦੀਪਕ ਸ਼ਰਮਾ, ਲਖਵਿੰਦਰ ਸਿੰਘ ਡਿਪਟੀ ਮਾਸ ਮੀਡੀਆ ਅਫਸਰ ਅਤੇ ਰਣਧੀਰ ਸਿੰਘ ਡੀ.ਐਮ.ਈ.ਓ ਨੇ ਦਿੱਤੀ।
Check Also
ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ
ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …
Punjab Post Daily Online Newspaper & Print Media